ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

ਸਫ਼ਨਯਾਹ 1

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਯਹੂਦਾਹ ਦੇ ਰਾਜਾ ਆਮੋਨ ਦੇ ਪੁੱਤਰ ਯੋਸ਼ੀਯਾਹ ਦੇ ਦਿਨਾਂ ਵਿੱਚ ਯਹੋਵਾਹ ਦੀ ਬਾਣੀ ਜੋ ਸਫ਼ਨਯਾਹ ਦੇ ਕੋਲ ਆਈ, ਜੋ ਕੂਸ਼ੀ ਦਾ ਪੁੱਤਰ, ਗਦਲਯਾਹ ਦਾ ਪੋਤਰਾ, ਅਮਰਯਾਹ ਦਾ ਪੜਪੋਤਾ ਸੀ, ਜੋ ਹਿਜ਼ਕੀਯਾਹ ਦਾ ਪੁੱਤਰ ਸੀ।
2ਮੈਂ ਧਰਤੀ ਦੇ ਉੱਤੋਂ ਸਭ ਕੁਝ ਪੂਰੀ ਤਰ੍ਹਾਂ ਨਾਲ ਮਿਟਾ ਦਿਆਂਗਾ, ਯਹੋਵਾਹ ਦਾ ਵਾਕ ਹੈ।
3ਮੈਂ ਮਨੁੱਖ ਅਤੇ ਪਸ਼ੂਆਂ ਨੂੰ ਮਿਟਾ ਦਿਆਂਗਾ, ਮੈਂ ਅਕਾਸ਼ ਦੇ ਪੰਛੀਆਂ ਨੂੰ ਅਤੇ ਸਮੁੰਦਰ ਦੀਆਂ ਮੱਛੀਆਂ ਨੂੰ, ਅਤੇ ਦੁਸ਼ਟਾਂ ਨੂੰ ਉਨ੍ਹਾਂ ਦੀਆਂ ਰੱਖੀਆਂ ਹੋਈਆਂ ਠੋਕਰਾਂ ਸਮੇਤ ਮਿਟਾ ਦਿਆਂਗਾ। ਮੈਂ ਮਨੁੱਖਾਂ ਨੂੰ ਧਰਤੀ ਉੱਤੋਂ ਨਾਸ ਕਰ ਸੁੱਟਾਂਗਾ, ਯਹੋਵਾਹ ਦਾ ਵਾਕ ਹੈ।
4ਮੈਂ ਆਪਣਾ ਹੱਥ ਯਹੂਦਾਹ ਉੱਤੇ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਦੇ ਵਿਰੁੱਧ ਚੁੱਕਾਂਗਾ, ਅਤੇ ਇਸ ਸਥਾਨ ਤੋਂ ਬਆਲ ਦੇ ਬਚੇ ਹੋਇਆਂ ਨੂੰ ਅਤੇ ਜਾਜਕਾਂ ਸਮੇਤ ਦੇਵਤਿਆਂ ਦੇ ਪੁਜਾਰੀਆਂ ਦੇ ਨਾਮ ਨੂੰ ਨਾਸ ਕਰ ਦਿਆਂਗਾ,
5ਉਹਨਾਂ ਨੂੰ ਵੀ ਜੋ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਅਕਾਸ਼ ਦੀ ਸੈਨਾਂ ਅੱਗੇ ਮੱਥਾ ਟੇਕਦੇ ਹਨ, ਜੋ ਯਹੋਵਾਹ ਅੱਗੇ ਮੱਥਾ ਟੇਕਦੇ ਅਤੇ ਸਹੁੰ ਖਾਂਦੇ ਹਨ, ਨਾਲੇ ਮਲਕਾਮ ਦੀ ਵੀ ਸਹੁੰ ਖਾਂਦੇ ਹਨ,
6ਅਤੇ ਉਹਨਾਂ ਨੂੰ ਵੀ ਜੋ ਯਹੋਵਾਹ ਦੇ ਪਿੱਛੇ ਚੱਲਣ ਤੋਂ ਫਿਰ ਗਏ ਅਤੇ ਜੋ ਨਾ ਤਾਂ ਯਹੋਵਾਹ ਦੀ ਭਾਲ ਕਰਦੇ ਹਨ ਅਤੇ ਨਾ ਉਹ ਦੀ ਸਲਾਹ ਪੁੱਛਦੇ ਹਨ, ਨਾਸ ਕਰ ਦਿਆਂਗਾ।
7ਪ੍ਰਭੂ ਯਹੋਵਾਹ ਦੇ ਸਾਹਮਣੇ ਚੁੱਪ ਰਹਿ ਕਿਉਂਕਿ ਯਹੋਵਾਹ ਦਾ ਦਿਨ ਨੇੜੇ ਹੈ, ਯਹੋਵਾਹ ਨੇ ਇੱਕ ਬਲੀ ਤਿਆਰ ਕੀਤੀ ਹੈ, ਉਹ ਨੇ ਆਪਣੇ ਪਰਾਹੁਣਿਆਂ ਨੂੰ ਪਵਿੱਤਰ ਕੀਤਾ ਹੈ।
8ਯਹੋਵਾਹ ਦੀ ਬਲੀ ਦੇ ਦਿਨ ਅਜਿਹਾ ਹੋਵੇਗਾ ਕਿ ਮੈਂ ਹਾਕਮਾਂ ਨੂੰ, ਰਾਜੇ ਦੇ ਪੁੱਤਰਾਂ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨੇ ਪਰਦੇਸੀ ਕੱਪੜੇ ਪਹਿਨੇ ਹੋਏ ਹਨ, ਸਜ਼ਾ ਦਿਆਂਗਾ।
9ਉਸ ਦਿਨ ਮੈਂ ਉਹਨਾਂ ਸਾਰਿਆਂ ਨੂੰ ਸਜ਼ਾ ਦਿਆਂਗਾ, ਜੋ ਚੌਖਟ ਦੇ ਉੱਤੋਂ ਟੱਪਦੇ ਹਨ, ਜੋ ਆਪਣੇ ਮਾਲਕ ਦੇ ਘਰ ਨੂੰ ਅਨ੍ਹੇਰ ਅਤੇ ਛਲ ਨਾਲ ਭਰ ਦਿੰਦੇ ਹਨ।
10ਉਸ ਦਿਨ ਅਜਿਹਾ ਹੋਵੇਗਾ, ਯਹੋਵਾਹ ਦਾ ਵਾਕ ਹੈ, ਮੱਛੀ-ਫਾਟਕ ਤੋਂ ਦੁਹਾਈ ਦੀ ਅਵਾਜ਼ ਹੋਵੇਗੀ, ਦੂਜੇ ਮੁਹੱਲੇ ਵਿੱਚ ਵਿਰਲਾਪ ਅਤੇ ਟਿੱਲਿਆਂ ਤੋਂ ਵੱਡਾ ਧੜਾਕਾ ਹੋਵੇਗਾ।
11ਹੇ ਮਕਤੇਸ਼ ਦੇ ਵਾਸੀਓ, ਵਿਰਲਾਪ ਕਰੋ! ਕਿਉਂ ਜੋ ਸਾਰੇ ਵਪਾਰੀ ਮੁੱਕ ਗਏ, ਸਾਰੇ ਜੋ ਚਾਂਦੀ ਨਾਲ ਲੱਦੇ ਹੋਏ ਸਨ, ਵੱਢੇ ਗਏ।
12ਉਸ ਸਮੇਂ ਮੈਂ ਦੀਵੇ ਲੈ ਕੇ ਯਰੂਸ਼ਲਮ ਦੀ ਤਲਾਸ਼ੀ ਲਵਾਂਗਾ ਅਤੇ ਉਹਨਾਂ ਮਨੁੱਖਾਂ ਨੂੰ ਸਜ਼ਾ ਦਿਆਂਗਾ, ਜੋ ਮਧ ਦੇ ਮੈਲ ਦੀ ਤਰ੍ਹਾਂ ਹਨ, ਜਿਹੜੀ ਥੱਲੇ ਬੈਠ ਜਾਂਦੀ ਹੈ ਅਤੇ ਆਪਣੇ ਮਨਾਂ ਵਿੱਚ ਕਹਿੰਦੇ ਹਨ, “ਯਹੋਵਾਹ ਨਾ ਭਲਿਆਈ ਕਰੇਗਾ, ਨਾ ਬੁਰਿਆਈ।”
13ਉਹਨਾਂ ਦਾ ਧਨ ਲੁੱਟ ਦਾ ਮਾਲ ਹੋ ਜਾਵੇਗਾ, ਉਹਨਾਂ ਦੇ ਘਰ ਵਿਰਾਨ ਹੋ ਜਾਣਗੇ। ਉਹ ਘਰ ਤਾਂ ਉਸਾਰਨਗੇ ਪਰ ਉਨ੍ਹਾਂ ਵਿੱਚ ਵੱਸਣਗੇ ਨਹੀਂ, ਉਹ ਅੰਗੂਰੀ ਬਾਗ਼ ਲਾਉਣਗੇ ਪਰ ਉਨ੍ਹਾਂ ਦਾ ਦਾਖਰਸ ਨਾ ਪੀਣਗੇ।
14ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਨਾਲ ਆਉਂਦਾ ਹੈ, ਹਾਂ, ਯਹੋਵਾਹ ਦੇ ਦਿਨ ਦੀ ਅਵਾਜ਼ ਸੁਣਾਈ ਦਿੰਦੀ ਹੈ। ਉੱਥੇ ਸੂਰਮਾ ਕੁੜੱਤਣ ਨਾਲ ਚਿੱਲਾਵੇਗਾ!
15ਉਹ ਦਿਨ ਕਹਿਰ ਦਾ ਦਿਨ ਹੈ, ਦੁੱਖ ਅਤੇ ਕਸ਼ਟ ਦਾ ਦਿਨ, ਬਰਬਾਦੀ ਅਤੇ ਵਿਰਾਨੀ ਦਾ ਦਿਨ, ਹਨੇਰੇ ਅਤੇ ਅੰਧਕਾਰ ਦਾ ਦਿਨ, ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ!
16ਉਹ ਗੜ੍ਹਾਂ ਵਾਲੇ ਸ਼ਹਿਰਾਂ ਅਤੇ ਉੱਚੇ ਬੁਰਜ਼ਾਂ ਦੇ ਵਿਰੁੱਧ ਤੁਰ੍ਹੀ ਫੂਕਣ ਅਤੇ ਲਲਕਾਰ ਦਾ ਦਿਨ ਹੋਵੇਗਾ।
17ਮੈਂ ਮਨੁੱਖਾਂ ਉੱਤੇ ਬਿਪਤਾ ਲਿਆਵਾਂਗਾ ਅਤੇ ਉਹ ਅੰਨ੍ਹਿਆਂ ਵਾਂਗੂੰ ਤੁਰਨਗੇ, ਕਿਉਂ ਜੋ ਉਨ੍ਹਾਂ ਨੇ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ, ਅਤੇ ਉਨ੍ਹਾਂ ਦਾ ਲਹੂ ਧੂੜ ਵਾਗੂੰ ਅਤੇ ਉਨ੍ਹਾਂ ਦਾ ਮਾਸ ਬਿਸ਼ਟੇ ਵਾਂਗੂੰ ਸੁੱਟਿਆ ਜਾਵੇਗਾ।
18ਯਹੋਵਾਹ ਦੇ ਕਹਿਰ ਦੇ ਦਿਨ ਵਿੱਚ ਨਾ ਉਹਨਾਂ ਦਾ ਸੋਨਾ, ਨਾ ਉਹਨਾਂ ਦੀ ਚਾਂਦੀ, ਉਹਨਾਂ ਨੂੰ ਛੁਡਾਵੇਗੀ, ਪਰ ਉਹ ਦੀ ਅਣਖ ਦੀ ਅੱਗ ਨਾਲ ਸਾਰੀ ਧਰਤੀ ਭਸਮ ਹੋ ਜਾਵੇਗੀ, ਕਿਉਂ ਜੋ ਉਹ ਪੂਰਾ ਅੰਤ ਕਰੇਗਾ, ਹਾਂ ਧਰਤੀ ਦੇ ਸਭ ਵਾਸੀਆਂ ਦਾ ਅਚਾਨਕ ਅੰਤ ਕਰ ਦੇਵੇਗਾ!
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।