ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

ਜ਼ਕਰਯਾਹ 10

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਯਹੋਵਾਹ ਤੋਂ ਮੀਂਹ ਮੰਗੋ, ਬਹਾਰ ਦੀ ਰੁੱਤ ਦਾ ਮੀਂਹ, ਯਹੋਵਾਹ ਬਿਜਲੀ ਚਮਕਾਉਂਦਾ ਹੈ, ਉਹ ਉਹਨਾਂ ਨੂੰ ਵਾਛੜ ਵਾਲਾ ਮੀਂਹ ਅਤੇ ਹਰੇਕ ਨੂੰ ਖੇਤ ਵਿੱਚ ਸਾਗ ਪੱਤ ਦੇਵੇਗਾ।
2ਤਰਾਫ਼ੀਮ ਤਾਂ ਖੋਖਲੀਆਂ ਗੱਲਾਂ ਕਰਦੇ ਹਨ, ਪੁੱਛਾਂ ਦੇਣ ਵਾਲੇ ਝੂਠ ਵੇਖਦੇ ਹਨ, ਸੁਫ਼ਨੇ ਦੇਖਣ ਵਾਲੇ ਵਿਅਰਥ ਗੱਲਾਂ ਕਰਦੇ ਹਨ ਅਤੇ ਖਾਲੀ ਤਸੱਲੀ ਦਿੰਦੇ ਹਨ, ਇਸ ਲਈ ਉਹ ਭੇਡਾਂ ਵਾਂਗੂੰ ਭਟਕਦੇ ਫਿਰਦੇ ਹਨ ਅਤੇ ਉਹ ਦੁੱਖ ਪਾਉਂਦੇ ਹਨ ਕਿਉਂ ਜੋ ਅਯਾਲੀ ਕੋਈ ਨਹੀਂ ਹੈ।
3ਅਯਾਲੀਆਂ ਉੱਤੇ ਮੇਰਾ ਕ੍ਰੋਧ ਭੜਕਿਆ ਹੈ ਅਤੇ ਮੈਂ ਆਗੂਆਂ ਨੂੰ ਸਜ਼ਾ ਦੇਵਾਂਗਾ, ਕਿਉਂ ਜੋ ਸੈਨਾਂ ਦੇ ਯਹੋਵਾਹ ਦੇ ਇੱਜੜ ਵੱਲ ਅਰਥਾਤ ਯਹੂਦਾਹ ਦੇ ਘਰਾਣੇ ਵੱਲ ਧਿਆਨ ਕੀਤਾ ਹੈ ਅਤੇ ਉਹ ਉਹਨਾਂ ਨੂੰ ਆਪਣੇ ਸੋਹਣੇ ਜੰਗੀ ਘੋੜੇ ਵਾਂਗੂੰ ਬਣਾਵੇਗਾ।
4ਉਹਨਾਂ ਵਿੱਚੋਂ ਖੂੰਜੇ ਦਾ ਪੱਥਰ, ਉਹਨਾਂ ਵਿੱਚੋਂ ਹੀ ਕੀਲੇ, ਉਹਨਾਂ ਵਿੱਚੋਂ ਜੰਗੀ ਧਣੁੱਖ ਅਤੇ ਉਹਨਾਂ ਵਿੱਚੋਂ ਹੀ ਸਾਰੇ ਹਾਕਮ ਨਿੱਕਲਣਗੇ।
5ਉਹ ਸੂਰਬੀਰਾਂ ਵਾਂਗੂੰ ਹੋਣਗੇ, ਉਹ ਲੜਾਈ ਦੇ ਦੌਰਾਨ ਆਪਣੇ ਵੈਰੀਆਂ ਨੂੰ ਗਲੀਆਂ ਦੇ ਚਿੱਕੜ ਵਿੱਚ ਮਿੱਧਣਗੇ, ਉਹ ਲੜਨਗੇ ਕਿਉਂ ਜੋ ਯਹੋਵਾਹ ਉਹਨਾਂ ਦੇ ਨਾਲ ਹੋਵੇਗਾ ਅਤੇ ਉਹ ਘੋੜ ਸਵਾਰਾਂ ਨੂੰ ਸ਼ਰਮਿੰਦਾ ਕਰਨਗੇ।
6ਮੈਂ ਯਹੂਦਾਹ ਦੇ ਘਰਾਣੇ ਨੂੰ ਬਲਵੰਤ ਬਣਾਵਾਂਗਾ, ਮੈਂ ਯੂਸੁਫ਼ ਦੇ ਘਰਾਣੇ ਨੂੰ ਬਚਾਵਾਂਗਾ, ਮੈਂ ਉਹਨਾਂ ਨੂੰ ਮੋੜ ਲਿਆਵਾਂਗਾ ਕਿਉਂ ਜੋ ਮੈਂ ਉਹਨਾਂ ਉੱਤੇ ਰਹਮ ਕੀਤਾ ਹੈ, ਉਹ ਇਸ ਤਰ੍ਹਾਂ ਹੋਣਗੇ ਜਿਵੇਂ ਮੈਂ ਉਹਨਾਂ ਨੂੰ ਕਦੇ ਛੱਡਿਆ ਹੀ ਨਹੀਂ, ਕਿਉਂ ਜੋ ਮੈਂ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹਾਂ ਅਤੇ ਮੈਂ ਉਹਨਾਂ ਨੂੰ ਉੱਤਰ ਦਿਆਂਗਾ।
7ਇਫ਼ਰਾਈਮ ਸੂਰਬੀਰ ਵਾਂਗੂੰ ਹੋਵੇਗਾ, ਉਹਨਾਂ ਦੇ ਦਿਲ ਅਨੰਦ ਹੋਣਗੇ ਜਿਵੇਂ ਮੈਅ ਦੇ ਨਾਲ, ਉਹਨਾਂ ਦੇ ਪੁੱਤਰ ਵੇਖਣਗੇ ਅਤੇ ਅਨੰਦ ਹੋਣਗੇ ਅਤੇ ਉਹਨਾਂ ਦੇ ਦਿਲ ਯਹੋਵਾਹ ਵਿੱਚ ਖੁਸ਼ ਹੋਣਗੇ।
8ਮੈਂ ਸੀਟੀ ਵਜਾਵਾਂਗਾ ਅਤੇ ਮੈਂ ਉਹਨਾਂ ਨੂੰ ਇਕੱਠਾ ਕਰਾਂਗਾ, ਕਿਉਂਕਿ ਮੈਂ ਉਹਨਾਂ ਨੂੰ ਛੁਟਕਾਰਾ ਦਿੱਤਾ ਹੈ, ਉਹ ਵਧ ਜਾਣਗੇ ਜਿਵੇਂ ਪਹਿਲਾਂ ਵਧੇ ਹੋਏ ਸਨ।
9ਭਾਵੇਂ ਮੈਂ ਉਹਨਾਂ ਨੂੰ ਕੌਮਾਂ ਵਿੱਚ ਖਿਲਾਰ ਦਿੱਤਾ ਪਰ ਉਹ ਦੂਰ ਦੇ ਦੇਸਾਂ ਵਿੱਚ ਮੈਨੂੰ ਚੇਤੇ ਕਰਨਗੇ, ਉਹ ਆਪਣੇ ਬੱਚਿਆਂ ਸਮੇਤ ਜੀਉਂਦੇ ਰਹਿਣਗੇ ਅਤੇ ਵਾਪਸ ਆ ਜਾਣਗੇ।
10ਮੈਂ ਉਹਨਾਂ ਨੂੰ ਮਿਸਰ ਦੇਸ ਵਿੱਚੋਂ ਮੋੜ ਲਿਆਵਾਂਗਾ, ਮੈਂ ਅੱਸ਼ੂਰ ਵਿੱਚੋਂ ਉਹਨਾਂ ਨੂੰ ਇਕੱਠੇ ਕਰਾਂਗਾ, ਮੈਂ ਉਹਨਾਂ ਨੂੰ ਗਿਲਆਦ ਦੇ ਦੇਸ ਅਤੇ ਲਬਾਨੋਨ ਵਿੱਚ ਲਿਆਵਾਂਗਾ, - ਉਹ ਸਮਾ ਨਾ ਸਕਣਗੇ।
11ਉਹ ਬਿਪਤਾ ਦੇ ਸਮੁੰਦਰ ਵਿੱਚੋਂ ਲੰਘ ਜਾਵੇਗਾ, ਉਹ ਸਮੁੰਦਰ ਦੀਆਂ ਲਹਿਰਾਂ ਨੂੰ ਮਾਰੇਗਾ, ਨੀਲ ਦਰਿਆ ਸਾਰੇ ਦਾ ਸਾਰਾ ਸੁੱਕ ਜਾਵੇਗਾ, ਅੱਸ਼ੂਰ ਦਾ ਘਮੰਡ ਨੀਵਾਂ ਕੀਤਾ ਜਾਵੇਗਾ ਅਤੇ ਮਿਸਰ ਦਾ ਰਾਜ ਡੰਡਾ ਜਾਂਦਾ ਰਹੇਗਾ।
12ਮੈਂ ਉਹਨਾਂ ਨੂੰ ਯਹੋਵਾਹ ਵਿੱਚ ਬਲਵੰਤ ਕਰਾਂਗਾ, ਉਹ ਉਸ ਦੇ ਨਾਮ ਵਿੱਚ ਤੁਰਨ ਫਿਰਨਗੇ, ਯਹੋਵਾਹ ਦਾ ਵਾਕ ਹੈ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।