ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

ਜ਼ਬੂਰ 68

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਪਰਮੇਸ਼ੁਰ ਉੱਠੇ, ਉਹ ਦੇ ਵੈਰੀ ਛਿੰਨ ਭਿੰਨ ਹੋ ਜਾਣ, ਅਤੇ ਜਿਹੜੇ ਉਸ ਨਾਲ ਖਹਿ ਰੱਖਦੇ ਹਨ ਓਹ ਉਸ ਦੇ ਅੱਗੋਂ ਨੱਸ ਜਾਣ!
2ਜਿਵੇਂ ਧੂੰਆਂ ਉੱਡ ਜਾਂਦਾ ਹੈ ਤਿਵੇਂ ਤੂੰ ਉਹਨਾਂ ਨੂੰ ਉਡਾ ਦੇ, ਅਤੇ ਜਿਵੇਂ ਅੱਗ ਦੇ ਸਾਹਮਣੇ ਮੋਮ ਪੰਘਰ ਜਾਂਦੀ ਹੈ, ਤਿਵੇਂ ਦੁਸ਼ਟ ਪਰਮੇਸ਼ੁਰ ਦੇ ਸਾਹਮਣਿਓਂ ਨਾਸ ਹੋ ਜਾਣ!
3ਪਰ ਧਰਮੀ ਅਨੰਦ ਹੋਣ, ਓਹ ਪਰਮੇਸ਼ੁਰ ਦੇ ਅੱਗੇ ਬਾਗ-ਬਾਗ ਹੋਣ, ਓਹ ਅਨੰਦਤਾਈ ਨਾਲ ਖੁਸ਼ੀ ਮਨਾਉਣ!
4ਪਰਮੇਸ਼ੁਰ ਲਈ ਗਾਓ, ਉਹ ਦੇ ਨਾਮ ਦੇ ਭਜਨ ਗਾਓ, ਥਲਾਂ ਵਿੱਚ ਸਵਾਰ ਲਈ ਇੱਕ ਸ਼ਾਹੀ ਸੜਕ ਬਣਾਓ, ਉਹ ਦਾ ਨਾਮ ਯਾਹ ਹੈ, ਉਹ ਦੇ ਅੱਗੇ ਬਾਗ-ਬਾਗ ਹੋ ਜਾਓ!
5ਯਤੀਮਾਂ ਦਾ ਪਿਤਾ ਅਤੇ ਵਿਧਵਾ ਦੀ ਰੱਖਿਆ ਕਰਨ ਵਾਲਾ ਪਰਮੇਸ਼ੁਰ ਆਪਣੇ ਪਵਿੱਤਰ ਨਿਵਾਸ ਵਿੱਚ ਹੈ।
6ਪਰਮੇਸ਼ੁਰ ਇਕੱਲੇ ਨੂੰ ਘਰਾਣੇ ਵਿੱਚ ਵਸਾਉਂਦਾ ਹੈ, ਉਹ ਗ਼ੁਲਾਮਾਂ ਨੂੰ ਭਾਗਵਾਨੀ ਵਿੱਚ ਕੱਢਦਾ ਹੈ, ਪਰ ਆਕੀ ਸੁੱਕੀ ਸੜੀ ਧਰਤੀ ਵਿੱਚ ਹੀ ਵੱਸਦੇ ਹਨ।
7ਹੇ ਪਰਮੇਸ਼ੁਰ, ਜਦ ਤੂੰ ਆਪਣੇ ਲੋਕਾਂ ਦੇ ਅੱਗੇ-ਅੱਗੇ ਤੁਰਿਆ, ਜਦ ਤੂੰ ਥਲ ਦੇ ਵਿੱਚੋਂ ਦੀ ਲੰਘ ਗਿਆ,। ਸਲਹ।
8ਤਦ ਧਰਤੀ ਕੰਬ ਉੱਠੀ, ਅਕਾਸ਼ ਵੀ ਪਰਮੇਸ਼ੁਰ ਦੇ ਅੱਗੇ ਚੋ ਪਏ, ਉੱਥੇ ਸੀਨਈ ਵੀ ਪਰਮੇਸ਼ੁਰ, ਇਸਰਾਏਲ ਦੇ ਪਰਮੇਸ਼ੁਰ ਦੇ ਅੱਗੇ ਕੰਬ ਉੱਠੀ।
9ਹੇ ਪਰਮੇਸ਼ੁਰ, ਤੂੰ ਡਾਢੀ ਵਰਖਾ ਵਰ੍ਹਾਈ, ਅਤੇ ਆਪਣੇ ਮਿਰਾਸ ਨੂੰ ਜਾਂ ਉਹ ਥੱਕੀ ਹੋਈ ਸੀ ਕਾਇਮ ਕੀਤਾ।
10ਤੇਰੀ ਪਰਜਾ ਉਸ ਵਿੱਚ ਵੱਸੀ, ਤੂੰ, ਹੇ ਪਰਮੇਸ਼ੁਰ, ਆਪਣੀ ਭਲਿਆਈ ਨਾਲ ਮਸਕੀਨਾਂ ਦੀ ਸੇਵਾ ਕੀਤੀ।
11ਪ੍ਰਭੂ ਹੁਕਮ ਦਿੰਦਾ ਹੈ, ਖ਼ਬਰ ਦੇਣ ਵਾਲਿਆਂ ਦਾ ਵੱਡਾ ਦਲ ਹੈ,
12“ਸੈਨਾਂ ਦੇ ਰਾਜੇ ਨੱਠ ਜਾਂਦੇ, ਓਹ ਨੱਠ ਜਾਂਦੇ ਹਨ!” ਅਤੇ ਘਰ ਵਾਲੀ ਲੁੱਟ ਦਾ ਮਾਲ ਵੰਡਦੀ ਹੈ।
13ਭਾਵੇਂ ਤੁਸੀਂ ਭੇਡਾਂ ਦੇ ਵਾੜਿਆਂ ਵਿੱਚ ਲੰਮੇ ਪਏ ਰਹੋ, ਤਾਂ ਵੀ ਘੁੱਗੀ ਦੇ ਖੰਭ ਚਾਂਦੀ ਨਾਲ ਅਤੇ ਉਹ ਦੇ ਪਰ ਪੀਲੇ ਸੋਨੇ ਨਾਲ ਮੜ੍ਹੇ ਜਾਂਦੇ ਹਨ।
14ਜਦ ਸਰਬ ਸ਼ਕਤੀਮਾਨ ਨੇ ਉਸ ਥਾਂ ਵਿੱਚ ਰਾਜਿਆਂ ਨੂੰ ਖਿੰਡਾ ਦਿੱਤਾ, ਤਾਂ ਜਾਣੋ, ਸਲਮੋਨ ਉੱਤੇ ਬਰਫ਼ ਪੈ ਗਈ!
15ਬਾਸ਼ਾਨ ਦਾ ਪਰਬਤ ਪਰਮੇਸ਼ੁਰ ਦਾ ਪਰਬਤ ਹੈ, ਬਾਸ਼ਾਨ ਦਾ ਪਰਬਤ ਚੋਟੀਆਂ ਦਾ ਪਰਬਤ ਹੈ।
16ਹੇ ਚੋਟੀਆਂ ਦੇ ਪਰਬਤੋਂ ਤੁਸੀਂ ਉਸ ਪਰਬਤ ਵੱਲ ਜਿਸ ਨੂੰ ਪਰਮੇਸ਼ੁਰ ਨੇ ਵੱਸਣ ਲਈ ਪਸੰਦ ਕੀਤਾ ਹੈ ਕਿਉਂ ਈਰਖਾ ਨਾਲ ਤੱਕਦੇ ਹੋ? ਯਹੋਵਾਹ ਸਦਾ ਤੱਕ ਉਸ ਵਿੱਚ ਵੱਸੇਗਾ।
17ਪਰਮੇਸ਼ੁਰ ਦੇ ਰਥ ਵੀਹ ਹਜ਼ਾਰ ਸਗੋਂ ਹਜ਼ਾਰਾਂ ਹਜ਼ਾਰ ਹਨ, ਪ੍ਰਭੂ ਉਨ੍ਹਾਂ ਦੇ ਵਿੱਚ ਹੈ ਜਿਵੇਂ ਸੀਨਈ ਪਵਿੱਤਰ ਸਥਾਨ ਵਿੱਚ ਹੈ।
18ਤੂੰ ਉਤਾਹਾਂ ਉਠਾਇਆ ਗਿਆ, ਤੂੰ ਬੰਦੀਆਂ ਨੂੰ ਬੰਨ੍ਹ ਲਿਆ, ਤੂੰ ਆਦਮੀਆਂ ਵਿੱਚ ਸਗੋਂ ਆਕੀਆਂ ਵਿੱਚ ਵੀ ਦਾਨ ਲਏ, ਕਿ ਯਾਹ ਪਰਮੇਸ਼ੁਰ ਉੱਥੇ ਵੱਸੇ।
19ਪ੍ਰਭੂ ਮੁਬਾਰਕ ਹੋਵੇ ਜਿਹੜਾ ਰੋਜ਼ ਦਿਹਾੜੇ ਸਾਡਾ ਭਾਰ ਚੁੱਕ ਲੈਂਦਾ ਹੈ, ਉਹੋ ਸਾਡਾ ਮੁਕਤੀਦਾਤਾ ਪਰਮੇਸ਼ੁਰ ਹੈ!। ਸਲਹ।
20ਪਰਮੇਸ਼ੁਰ ਸਾਡੇ ਲਈ ਬਚਾਵਾਂ ਦਾ ਪਰਮੇਸ਼ੁਰ ਹੈ, ਪ੍ਰਭੂ ਯਹੋਵਾਹ ਵੱਲੋਂ ਹੀ ਮੌਤ ਤੋਂ ਰਿਹਾਈ ਹੈ।
21ਪਰਮੇਸ਼ੁਰ ਜ਼ਰੂਰ ਆਪਣੇ ਵੈਰੀਆਂ ਦੇ ਸਿਰ ਨੂੰ, ਨਾਲੇ ਖੁਲ੍ਹੇ ਦੋਸ਼ੀ ਦੇ ਵਾਲਾਂ ਵਾਲੀ ਖੋਪੜੀ ਨੂੰ ਭੰਨ ਸੁੱਟੇਗਾ!
22ਪ੍ਰਭੂ ਨੇ ਫ਼ਰਮਾਇਆ ਕਿ ਮੈਂ ਉਨ੍ਹਾਂ ਨੂੰ ਬਾਸ਼ਾਨ ਤੋਂ ਮੋੜ ਲਿਆਵਾਂਗਾ, ਮੈਂ ਸਮੁੰਦਰ ਦੀਆਂ ਡੁੰਘਿਆਈਆਂ ਤੋਂ ਮੋੜ ਲਿਆਵਾਂਗਾ,
23ਤਾਂ ਜੋ ਤੂੰ ਆਪਣੇ ਪੈਰ ਨੂੰ ਲਹੂ ਵਿੱਚ ਡੋਬੇਂ, ਅਤੇ ਤੇਰੇ ਕੁੱਤਿਆਂ ਦੀ ਜੀਭ ਦਾ ਲੁਕਮਾ ਵੈਰੀਆਂ ਵਿੱਚੋਂ ਹੋਵੇ!
24ਹੇ ਪਰਮੇਸ਼ੁਰ, ਉਨ੍ਹਾਂ ਨੇ ਤੇਰੇ ਜਲੂਸ ਨੂੰ ਵੇਖਿਆ, ਪਵਿੱਤਰ ਸਥਾਨ ਵਿੱਚ ਮੇਰੇ ਪਰਮੇਸ਼ੁਰ, ਮੇਰੇ ਪਾਤਸ਼ਾਹ ਦੇ ਜਲੂਸ ਨੂੰ।
25ਗਵੱਈਏ ਅੱਗੇ-ਅੱਗੇ ਅਤੇ ਵਜੰਤਰੀ ਪਿੱਛੇ-ਪਿੱਛੇ ਚੱਲਦੇ, ਜੁਆਨ ਤੀਵੀਆਂ ਵਿਚਕਾਰ ਡੱਫਾਂ ਵਜਾਉਂਦੀਆਂ ਜਾਂਦੀਆਂ ਸਨ।
26ਤੁਸੀਂ ਜਿਹੜੇ ਇਸਰਾਏਲ ਦੇ ਸੋਤੇ ਤੋਂ ਹੋ, ਸੰਗਤਾਂ ਵਿੱਚ ਪ੍ਰਭੂ ਪਰਮੇਸ਼ੁਰ ਨੂੰ ਧੰਨ ਆਖੋ!
27ਉੱਥੇ ਛੋਟਾ ਬਿਨਯਾਮੀਨ ਉਨ੍ਹਾਂ ਦਾ ਹਾਕਮ ਹੈ, ਯਹੂਦਾਹ ਦੇ ਸਰਦਾਰ ਆਪਣੀਆਂ ਟੋਲੀਆਂ ਸਣੇ, ਜ਼ਬੂਲੁਨ ਦੇ ਸਰਦਾਰ ਅਤੇ ਨਫ਼ਤਾਲੀ ਦੇ ਸਰਦਾਰ ਵੀ।
28ਤੇਰੇ ਪਰਮੇਸ਼ੁਰ ਨੇ ਤੇਰੇ ਬਲ ਦੀ ਆਗਿਆ ਕੀਤੀ ਹੈ, ਹੇ ਪਰਮੇਸ਼ੁਰ, ਜੋ ਕੁਝ ਤੂੰ ਸਾਡੇ ਲਈ ਕੀਤਾ ਹੈ ਉਹ ਨੂੰ ਦ੍ਰਿੜ੍ਹ ਕਰ!
29ਤੇਰੀ ਹੈਕਲ ਦੇ ਕਾਰਨ ਜੋ ਯਰੂਸ਼ਲਮ ਵਿੱਚ ਹੈ ਰਾਜੇ ਤੇਰੇ ਲਈ ਭੇਟ ਲਿਆਉਣਗੇ।
30ਕਾਨਿਆਂ ਦੇ ਦਰਿੰਦੇ ਨੂੰ ਝਿੜਕ ਦੇ, ਨਾਲੇ ਬਲ਼ਦਾਂ ਦੇ ਵੱਗ ਨੂੰ ਲੋਕਾਂ ਦੇ ਵੱਛਿਆਂ ਸਣੇ, ਜਿਹੜੇ ਚਾਂਦੀ ਦੇ ਟੁੱਕੜੇ ਮਿੱਧਦੇ ਹਨ! ਜਿਹੜੇ ਲੋਕ ਲੜਾਈ ਪਸੰਦ ਕਰਦੇ ਹਨ, ਉਹ ਨੇ ਉਨ੍ਹਾਂ ਨੂੰ ਖਿੰਡਾ ਦਿੱਤਾ।
31ਮਿਸਰ ਤੋਂ ਰਈਸ ਆਉਣਗੇ, ਕੂਸ਼ ਸ਼ਿਤਾਬੀ ਆਪਣੇ ਹੱਥ ਪਰਮੇਸ਼ੁਰ ਵੱਲ ਪਸਾਰੇਗਾ।
32ਹੇ ਧਰਤੀ ਦੀਓ ਰਾਜਧਾਨੀਓ, ਪਰਮੇਸ਼ੁਰ ਲਈ ਗਾਓ, ਪ੍ਰਭੂ ਲਈ ਭਜਨ ਕੀਰਤਨ ਕਰੋ। ਸਲਹ।
33ਜਿਹੜਾ ਮੁੱਢੋਂ ਅਕਾਸ਼ਾਂ ਦੇ ਅਕਾਸ਼ ਉੱਤੇ ਸਵਾਰ ਹੈ, ਵੇਖੋ, ਉਹ ਆਪਣੀ ਅਵਾਜ਼, ਇੱਕ ਜ਼ੋਰ ਵਾਲੀ ਅਵਾਜ਼ ਸੁਣਾਉਂਦਾ ਹੈ।
34ਤੁਸੀਂ ਪਰਮੇਸ਼ੁਰ ਦੀ ਸਮਰੱਥਾ ਨੂੰ ਮੰਨੋ, ਉਹ ਦਾ ਪਰਤਾਪ ਇਸਰਾਏਲ ਉੱਤੇ ਹੈ, ਅਤੇ ਉਹ ਦੀ ਸਮਰੱਥਾ ਅਕਾਸ਼ ਮੰਡਲ ਵਿੱਚ ਹੈ।
35ਹੇ ਪਰਮੇਸ਼ੁਰ, ਤੂੰ ਆਪਣਿਆਂ ਪਵਿੱਤਰ ਥਾਵਾਂ ਵਿੱਚ ਭਿਆਨਕ ਹੈਂ, ਇਸਰਾਏਲ ਦਾ ਪਰਮੇਸ਼ੁਰ ਉਹੋ ਪਰਮੇਸ਼ੁਰ ਹੈ ਜਿਹੜਾ ਆਪਣੀ ਪਰਜਾ ਨੂੰ ਸਮਰੱਥਾ ਅਤੇ ਸ਼ਕਤੀ ਦਿੰਦਾ ਹੈ। ਪਰਮੇਸ਼ੁਰ ਮੁਬਾਰਕ ਹੋਵੇ!।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।