ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

ਓਬਦਯਾਹ 1

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਓਬਦਯਾਹ ਦਾ ਦਰਸ਼ਣ l ਪ੍ਰਭੂ ਯਹੋਵਾਹ ਅਦੋਮ ਦੇ ਵਿਖੇ ਇਹ ਫ਼ਰਮਾਉਂਦਾ ਹੈ, ਅਸੀਂ ਯਹੋਵਾਹ ਵੱਲੋਂ ਖ਼ਬਰ ਸੁਣੀ, ਅਤੇ ਇੱਕ ਸੰਦੇਸ਼ ਵਾਹਕ ਕੌਮਾਂ ਵਿੱਚ ਇਹ ਆਖਣ ਲਈ ਭੇਜਿਆ ਗਿਆ, ਉੱਠ! ਅਸੀਂ ਉਸ ਨਾਲ ਲੜਨ ਲਈ ਉੱਠ ਖੜ੍ਹੇ ਹੋਈਏ!
2ਵੇਖ, ਮੈਂ ਤੈਨੂੰ ਕੌਮਾਂ ਵਿੱਚ ਛੋਟਾ ਕਰ ਦਿੱਤਾ ਹੈ, ਤੇਰੇ ਤੋਂ ਡਾਢੀ ਘਿਣ ਕੀਤੀ ਗਈ ਹੈ!
3ਹੇ ਚੱਟਾਨਾਂ ਦੀਆਂ ਦਰਾਰਾਂ ਵਿੱਚ ਵੱਸਣ ਵਾਲੇ! ਜਿਸ ਦਾ ਠਿਕਾਣਾ ਉਚਿਆਈ ਵਿੱਚ ਹੈ, ਤੇਰੇ ਮਨ ਦੇ ਹੰਕਾਰ ਨੇ ਤੈਨੂੰ ਧੋਖਾ ਦਿੱਤਾ ਹੈ, ਤੂੰ ਜੋ ਆਪਣੇ ਮਨ ਵਿੱਚ ਆਖਦਾ ਹੈ, ਕੌਣ ਮੈਨੂੰ ਧਰਤੀ ਉੱਤੇ ਲਾਹੇਗਾ?
4ਭਾਵੇਂ ਤੂੰ ਉਕਾਬ ਵਾਂਗੂੰ ਉੱਚਾ ਚੜ੍ਹ ਜਾਵੇਂ, ਭਾਵੇਂ ਤੇਰਾ ਆਲ੍ਹਣਾ ਤਾਰਿਆਂ ਵਿੱਚ ਰੱਖਿਆ ਹੋਇਆ ਹੋਵੇ, ਪਰ ਉੱਥੋਂ ਵੀ ਮੈਂ ਤੈਨੂੰ ਹੇਠਾਂ ਲਾਹ ਲਵਾਂਗਾ, ਯਹੋਵਾਹ ਦਾ ਵਾਕ ਹੈ।
5ਜੇਕਰ ਰਾਤ ਨੂੰ ਤੇਰੇ ਕੋਲ ਚੋਰ ਅਤੇ ਡਾਕੂ ਵੀ ਆਉਣ (ਤੂੰ ਕਿਵੇਂ ਬਰਬਾਦ ਕੀਤਾ ਗਿਆ) ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਹੀਂ ਲੁੱਟਣਗੇ? ਜੇ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ, ਕੀ ਉਹ ਕੁਝ ਦਾਣੇ ਨਹੀਂ ਛੱਡਣਗੇ?
6ਪਰ ਏਸਾਓ ਦਾ ਮਾਲ ਕਿਵੇਂ ਭਾਲ ਕੇ ਲੁੱਟਿਆ ਗਿਆ ਹੈ ਅਤੇ ਉਹ ਦਾ ਦੱਬਿਆ ਹੋਇਆ ਖ਼ਜ਼ਾਨਾ ਕਿਵੇਂ ਖੋਜ ਕਰਕੇ ਕੱਢਿਆ ਗਿਆ ਹੈ!
7ਤੇਰੇ ਨਾਲ ਨੇਮ ਬੰਨ੍ਹਣ ਵਾਲੇ ਸਾਰੇ ਸਾਥੀਆਂ ਨੇ ਤੈਨੂੰ ਤੇਰੀ ਦੇਸ ਦੀ ਹੱਦ ਤੱਕ ਧੱਕ ਦਿੱਤਾ ਅਤੇ ਤੇਰੇ ਸੁੱਖ ਦੇ ਸਾਰੇ ਮੇਲੀਆਂ ਨੇ ਤੈਨੂੰ ਧੋਖਾ ਦਿੱਤਾ ਅਤੇ ਤੇਰੇ ਉੱਤੇ ਪਰਬਲ ਹੋ ਗਏ, ਜੋ ਤੇਰੀ ਰੋਟੀ ਖਾਂਦੇ ਹਨ ਉਹ ਤੇਰੇ ਹੇਠ ਫੰਦਾ ਲਾਉਂਦੇ ਹਨ, ਉਹ ਦੇ ਵਿੱਚ ਕੋਈ ਸਮਝ ਨਹੀਂ ਹੈ।
8ਯਹੋਵਾਹ ਦਾ ਵਾਕ ਹੈ, “ਕੀ ਮੈਂ ਉਸ ਦਿਨ ਅਦੋਮ ਵਿੱਚੋਂ ਬੁੱਧਵਾਨਾਂ ਨੂੰ ਅਤੇ ਸਮਝ ਨੂੰ ਏਸਾਓ ਦੇ ਪਰਬਤ ਵਿੱਚੋਂ ਮਿਟਾ ਨਾ ਦਿਆਂਗਾ।”
9ਹੇ ਤੇਮਾਨ ਸ਼ਹਿਰ, ਤੇਰੇ ਸੂਰਮੇ ਘਬਰਾ ਜਾਣਗੇ, ਇੱਥੋਂ ਤੱਕ ਕਿ ਏਸਾਓ ਦੇ ਪਰਬਤ ਵਿੱਚੋਂ ਹਰੇਕ ਮਨੁੱਖ ਕਤਲ ਹੋ ਕੇ ਵੱਢਿਆ ਜਾਵੇਗਾ!
10ਤੇਰੇ ਜ਼ੁਲਮ ਦੇ ਕਾਰਨ ਜਿਹੜਾ ਤੂੰ ਆਪਣੇ ਭਰਾ ਯਾਕੂਬ ਨਾਲ ਕੀਤਾ, ਸ਼ਰਮਿੰਦਗੀ ਤੈਨੂੰ ਢੱਕ ਲਵੇਗੀ, ਤੂੰ ਸਦਾ ਲਈ ਨਾਸ ਹੋ ਜਾਵੇਂਗਾ।
11ਉਸ ਦਿਨ ਤੂੰ ਦੂਰ ਖੜ੍ਹਾ ਸੀ, ਜਿਸ ਦਿਨ ਪਰਾਏ ਉਹ ਦਾ ਮਾਲ-ਧਨ ਲੁੱਟ ਕੇ ਲੈ ਗਏ ਅਤੇ ਓਪਰੇ ਉਹ ਦੇ ਫਾਟਕਾਂ ਰਾਹੀਂ ਅੰਦਰ ਵੜ ਕੇ ਯਰੂਸ਼ਲਮ ਉੱਤੇ ਪਰਚੀਆਂ ਪਾਉਣ ਲੱਗੇ, ਉਸ ਦਿਨ ਤੂੰ ਵੀ ਉਨ੍ਹਾਂ ਵਿੱਚੋਂ ਇੱਕ ਵਰਗਾ ਸੀ!
12ਪਰ ਤੇਰੇ ਲਈ ਇਹ ਠੀਕ ਨਹੀਂ ਸੀ ਕਿ ਤੂੰ ਆਪਣੇ ਭਰਾ ਨੂੰ ਉਸ ਦੀ ਹਾਨੀ ਦੇ ਦਿਨ ਵੇਖਦਾ ਰਹਿੰਦਾ! ਤੈਨੂੰ ਯਹੂਦੀਆਂ ਦੀ ਅੰਸ ਦੇ ਨਾਸ ਹੋਣ ਦੇ ਦਿਨ ਅਨੰਦ ਨਹੀਂ ਸੀ ਹੋਣਾ ਚਾਹੀਦਾ, ਅਤੇ ਤੈਨੂੰ ਉਨ੍ਹਾਂ ਦੇ ਦੁੱਖ ਦੇ ਦਿਨ ਵੱਡੇ ਬੋਲ ਨਹੀਂ ਬੋਲਣੇ ਚਾਹੀਦੇ ਸਨ!
13ਤੈਨੂੰ ਮੇਰੀ ਪਰਜਾ ਦੀ ਬਿਪਤਾ ਦੇ ਦਿਨ, ਉਨ੍ਹਾਂ ਦੇ ਫਾਟਕਾਂ ਵਿੱਚ ਨਹੀਂ ਸੀ ਵੜਨਾ ਚਾਹੀਦਾ! ਤੈਨੂੰ ਉਨ੍ਹਾਂ ਦੀ ਬਿਪਤਾ ਦੇ ਦਿਨ, ਉਨ੍ਹਾਂ ਦੇ ਕਲੇਸ਼ ਵੱਲ ਨਹੀਂ ਸੀ ਤੱਕਣਾ ਚਾਹੀਦਾ! ਤੈਨੂੰ ਉਨ੍ਹਾਂ ਦੀ ਬਿਪਤਾ ਦੇ ਦਿਨ, ਉਨ੍ਹਾਂ ਦਾ ਮਾਲ ਨਹੀਂ ਸੀ ਲੁੱਟਣਾ ਚਾਹੀਦਾ!
14ਤੈਨੂੰ ਚੁਰਾਹਿਆਂ ਉੱਤੇ ਖੜ੍ਹੇ ਨਹੀਂ ਹੋਣਾ ਚਾਹੀਦਾ ਸੀ ਕਿ ਉਸ ਦੇ ਭੱਜਣ ਵਾਲਿਆਂ ਨੂੰ ਮਾਰੇਂ ਅਤੇ ਸੰਕਟ ਦੇ ਦਿਨ ਉਸ ਦੇ ਬਚੇ ਹੋਇਆਂ ਨੂੰ ਫੜਾਉਣਾ ਨਹੀਂ ਸੀ ਚਾਹੀਦਾ!
15ਯਹੋਵਾਹ ਦੇ ਨਿਆਂ ਦਾ ਦਿਨ ਤਾਂ ਸਾਰੀਆਂ ਕੌਮਾਂ ਉੱਤੇ ਨੇੜੇ ਆ ਪਹੁੰਚਿਆ ਹੈ, ਜਿਵੇਂ ਤੂੰ ਕੀਤਾ, ਉਸੇ ਤਰ੍ਹਾਂ ਹੀ ਤੇਰੇ ਨਾਲ ਕੀਤਾ ਜਾਵੇਗਾ, ਤੇਰੀ ਕਰਨੀ ਮੁੜ ਕੇ ਤੇਰੇ ਸਿਰ ਪਵੇਗੀ।
16ਜਿਵੇਂ ਤੁਸੀਂ ਮੇਰੇ ਪਵਿੱਤਰ ਪਰਬਤ ਉੱਤੇ ਪੀਤਾ, ਉਸੇ ਤਰ੍ਹਾਂ ਸਾਰੀਆਂ ਕੌਮਾਂ ਨਿੱਤ ਪੀਣਗੀਆਂ, ਉਹ ਪੀਣਗੀਆਂ ਅਤੇ ਪੀਂਦੀਆਂ ਹੀ ਜਾਣਗੀਆਂ ਅਤੇ ਅਜਿਹੀਆਂ ਹੋ ਜਾਣਗੀਆਂ ਜਿਵੇਂ ਉਹ ਹੋਈਆਂ ਹੀ ਨਹੀਂ!
17ਪਰ ਬਚੇ ਹੋਏ ਸੀਯੋਨ ਪਰਬਤ ਵਿੱਚ ਹੋਣਗੇ ਅਤੇ ਉਹ ਪਵਿੱਤਰ ਹੋਵੇਗਾ, ਯਾਕੂਬ ਦਾ ਘਰਾਣਾ ਆਪਣੀ ਵਿਰਾਸਤ ਨੂੰ ਅਧਿਕਾਰ ਵਿੱਚ ਕਰੇਗਾ।
18ਤਦ ਯਾਕੂਬ ਦਾ ਘਰਾਣਾ ਅੱਗ, ਯੂਸੁਫ਼ ਦਾ ਘਰਾਣਾ ਲੰਬ ਅਤੇ ਏਸਾਓ ਦਾ ਘਰਾਣਾ ਘਾਹ-ਫੂਸ ਵਰਗਾ ਹੋਵੇਗਾ। ਉਹ ਉਨ੍ਹਾਂ ਨੂੰ ਸਾੜਨਗੇ ਅਤੇ ਭਸਮ ਕਰਨਗੇ ਅਤੇ ਏਸਾਓ ਦੇ ਘਰਾਣੇ ਲਈ ਕੋਈ ਬਾਕੀ ਨਾ ਹੋਵੇਗਾ, ਕਿਉਂ ਜੋ ਯਹੋਵਾਹ ਨੇ ਇਹ ਫ਼ਰਮਾਇਆ ਹੈ।
19ਦੱਖਣ ਦੇ ਲੋਕ ਏਸਾਓ ਦੇ ਪਰਬਤ ਉੱਤੇ ਅਤੇ ਮੈਦਾਨ ਦੇ ਲੋਕ ਫ਼ਲਿਸਤੀਆਂ ਉੱਤੇ ਕਬਜ਼ਾ ਕਰਨਗੇ। ਉਹ ਇਫ਼ਰਾਈਮ ਅਤੇ ਸਾਮਰਿਯਾ ਦੇਸ ਉੱਤੇ ਕਬਜ਼ਾ ਕਰਨਗੇ। ਬਿਨਯਾਮੀਨ ਗਿਲਆਦ ਦੇਸ ਉੱਤੇ ਕਬਜ਼ਾ ਕਰੇਗਾ।
20ਇਸਰਾਏਲੀਆਂ ਦੀ ਫੌਜ ਦੇ ਗੁਲਾਮਾਂ ਵਿੱਚੋਂ, ਜਿਹੜੇ ਕਨਾਨੀਆਂ ਵਿੱਚ ਰਹਿੰਦੇ ਹਨ, ਉਹ ਸਾਰਫਥ ਸ਼ਹਿਰ ਤੱਕ ਅਤੇ ਯਰੂਸ਼ਲਮ ਦੇ ਗੁਲਾਮ ਜਿਹੜੇ ਸਫ਼ਾਰਦ ਦੇਸ ਵਿੱਚ ਰਹਿੰਦੇ ਹਨ, ਉਹ ਦੱਖਣ ਦੇ ਸ਼ਹਿਰਾਂ ਉੱਤੇ ਕਬਜ਼ਾ ਕਰਨਗੇ।
21ਬਚਾਉਣ ਵਾਲੇ ਸੀਯੋਨ ਪਰਬਤ ਉੱਤੇ ਜਾਣਗੇ, ਤਾਂ ਜੋ ਉਹ ਏਸਾਓ ਦੇ ਪਰਬਤ ਦਾ ਨਿਆਂ ਕਰਨ ਅਤੇ ਰਾਜ ਯਹੋਵਾਹ ਦਾ ਹੋਵੇਗਾ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।