ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

ਨਹੂਮ 2

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਭੰਨਣ ਵਾਲਾ ਤੇਰੇ ਵਿਰੁੱਧ ਚੜ੍ਹ ਆਇਆ ਹੈ, ਗੜ੍ਹ ਦੀ ਰਾਖੀ ਕਰ, ਰਾਹ ਦੀ ਚੌਕਸੀ ਕਰ, ਕਮਰ ਕੱਸ ਅਤੇ ਆਪਣਾ ਬਲ ਬਹੁਤ ਵਧਾ!
2ਯਹੋਵਾਹ ਤਾਂ ਯਾਕੂਬ ਦੀ ਉੱਤਮਤਾਈ ਨੂੰ ਇਸਰਾਏਲ ਦੀ ਉੱਤਮਤਾਈ ਵਾਂਗੂੰ ਮੋੜ ਦੇਵੇਗਾ, ਕਿਉਂ ਜੋ ਲੁਟੇਰਿਆਂ ਨੇ ਉਹਨਾਂ ਨੂੰ ਖਾਲੀ ਕੀਤਾ ਅਤੇ ਉਹਨਾਂ ਦੀਆਂ ਦਾਖਾਂ ਦੀਆਂ ਟਹਿਣੀਆਂ ਦਾ ਨਾਸ ਕੀਤਾ।
3ਉਹ ਦੇ ਸੂਰਬੀਰਾਂ ਦੀਆਂ ਢਾਲਾਂ ਲਾਲ ਕੀਤੀਆਂ ਹੋਈਆਂ ਹਨ, ਫ਼ੌਜੀ ਕਿਰਮਚੀ ਵਰਦੀ ਪਹਿਨੇ ਹੋਏ ਹਨ, ਰੱਥ ਦਾ ਲੋਹਾ ਅੱਗ ਵਾਂਗੂੰ ਚਮਕਦਾ ਹੈ ਅਤੇ ਉਹ ਦੀ ਤਿਆਰੀ ਦੇ ਦਿਨ ਵਿੱਚ ਸਰੂ ਦੇ ਬਰਛੇ ਝੁਲਾਏ ਜਾਂਦੇ ਹਨ।
4ਰੱਥ ਸੜਕਾਂ ਵਿੱਚ ਸਿਰ ਤੋੜ ਭੱਜਦੇ ਹਨ, ਉਹ ਚੌਂਕਾਂ ਵਿੱਚ ਇੱਧਰ-ਉੱਧਰ ਭੱਜੇ ਜਾਂਦੇ ਹਨ, ਵੇਖਣ ਵਿੱਚ ਉਹ ਮਸ਼ਾਲਾਂ ਵਰਗੇ ਹਨ ਅਤੇ ਇਹ ਬਿਜਲੀ ਵਾਂਗੂੰ ਦੌੜਦੇ ਹਨ!
5ਉਹ ਆਪਣੇ ਸੂਰਬੀਰਾਂ ਨੂੰ ਯਾਦ ਕਰਦਾ ਹੈ, ਉਹ ਜਾਂਦੇ-ਜਾਂਦੇ ਠੇਡਾ ਖਾਂਦੇ ਹਨ, ਉਹ ਉਸ ਦੀ ਚਾਰ ਦੀਵਾਰੀ ਵੱਲ ਨੱਸਦੇ ਹਨ ਅਤੇ ਲੱਕੜ ਦਾ ਸਹਾਰਾ ਖੜ੍ਹਾ ਕੀਤਾ ਜਾਂਦਾ ਹੈ।
6ਨਦੀਆਂ ਦੇ ਫਾਟਕ ਖੋਲ੍ਹੇ ਜਾਂਦੇ ਹਨ ਅਤੇ ਮਹਿਲ ਗਲ਼ ਜਾਂਦਾ ਹੈ।
7ਫੈਸਲਾ ਹੋ ਗਿਆ, ਉਹ ਬੇਪੜਦਾ ਕੀਤੀ ਗਈ ਹੈ, ਉਹ ਲਿਜਾਈ ਜਾਂਦੀ ਹੈ, ਉਹ ਦੀਆਂ ਟਹਿਲਣਾਂ ਘੁੱਗੀਆਂ ਦੀ ਅਵਾਜ਼ ਵਾਂਗੂੰ ਗੁਟਕਦੀਆਂ ਹਨ ਅਤੇ ਆਪਣੀਆਂ ਛਾਤੀਆਂ ਪਿੱਟਦੀਆਂ ਹਨ।
8ਨੀਨਵਾਹ ਆਦ ਤੋਂ ਪਾਣੀ ਦੇ ਕੁੰਡ ਵਾਂਗੂੰ ਹੈ, ਉਹ ਵਗ ਜਾਂਦੇ ਹਨ, “ਠਹਿਰੋ, ਠਹਿਰੋ!” ਉਹ ਪੁਕਾਰਦੇ ਹਨ, ਪਰ ਉਹ ਨਹੀਂ ਮੁੜਦੇ!
9ਚਾਂਦੀ ਲੁੱਟੋ! ਸੋਨਾ ਲੁੱਟੋ! ਰੱਖੀਆਂ ਹੋਈਆਂ ਚੀਜ਼ਾਂ ਬੇਅੰਤ ਹਨ, ਸਾਰੇ ਪਦਾਰਥਾਂ ਦਾ ਮਾਲ ਧਨ ਵੀ!
10ਉਹ ਖਾਲੀ, ਸੁੰਨੀ ਅਤੇ ਵਿਰਾਨ ਹੈ, ਦਿਲ ਪਿਘਲ ਜਾਂਦਾ ਹੈ, ਗੋਡੇ ਭਿੜਦੇ ਹਨ, ਕਸ਼ਟ ਸਾਰਿਆਂ ਦੇ ਲੱਕਾਂ ਵਿੱਚ ਹੈ, ਸਾਰਿਆਂ ਦੇ ਚਿਹਰੇ ਪੀਲੇ ਹੋ ਜਾਂਦੇ ਹਨ!
11ਬੱਬਰ ਸ਼ੇਰਨੀਆਂ ਦਾ ਟਿਕਾਣਾ ਕਿੱਥੇ ਹੈ ਅਤੇ ਜੁਆਨ ਬੱਬਰ ਸ਼ੇਰਾਂ ਦੇ ਖਾਣ ਦਾ ਥਾਂ ਕਿੱਥੇ ਹੈ, ਜਿੱਥੇ ਬੱਬਰ ਸ਼ੇਰ ਅਤੇ ਸ਼ੇਰਨੀ ਆਪਣੇ ਬੱਚਿਆਂ ਨਾਲ ਫਿਰਦੇ ਸਨ, ਅਤੇ ਕੋਈ ਉਹਨਾਂ ਨੂੰ ਨਹੀਂ ਛੇੜਦਾ ਸੀ?
12ਬੱਬਰ ਸ਼ੇਰ ਨੇ ਆਪਣੇ ਬੱਚਿਆਂ ਲਈ ਬਹੁਤ ਕੁਝ ਪਾੜਿਆ, ਆਪਣੀਆਂ ਸ਼ੇਰਨੀਆਂ ਲਈ ਸ਼ਿਕਾਰ ਦਾ ਗਲ਼ ਘੁੱਟਿਆ, ਆਪਣੀਆਂ ਖੁੰਧਰਾਂ ਨੂੰ ਸ਼ਿਕਾਰ ਨਾਲ ਭਰ ਲਿਆ ਹੈ ਅਤੇ ਆਪਣੇ ਟਿਕਾਣਿਆਂ ਨੂੰ ਪਾੜੇ ਹੋਏ ਮਾਸ ਨਾਲ।
13ਵੇਖ, ਮੈਂ ਤੇਰੇ ਵਿਰੁੱਧ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਉਹ ਦੇ ਰੱਥਾਂ ਨੂੰ ਧੂੰਏਂ ਵਿੱਚ ਸਾੜ ਦਿਆਂਗਾ, ਤਲਵਾਰ ਤੇਰੇ ਜੁਆਨ ਸ਼ੇਰਾਂ ਨੂੰ ਖਾਵੇਗੀ, ਮੈਂ ਤੇਰੇ ਸ਼ਿਕਾਰ ਨੂੰ ਧਰਤੀ ਤੋਂ ਵੱਢ ਸੁੱਟਾਂਗਾ ਅਤੇ ਤੇਰੇ ਦੂਤਾਂ ਦੀ ਅਵਾਜ਼ ਫੇਰ ਸੁਣਾਈ ਨਾ ਦੇਵੇਗੀ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।