ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

ਮੱਤੀ ਦੀ ਇੰਜੀਲ 28

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਜਦ ਸਬਤ ਦਾ ਦਿਨ ਬੀਤ ਗਿਆ ਤਾਂ ਹਫ਼ਤੇ ਦੇ ਪਹਿਲੇ ਦਿਨ ਸਵੇਰ ਵੇਲੇ ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਕਬਰ ਨੂੰ ਵੇਖਣ ਆਈਆਂ।
2ਅਤੇ ਵੇਖੋ ਇੱਕ ਵੱਡਾ ਭੂਚਾਲ ਆਇਆ, ਇਸ ਲਈ ਜੋ ਪ੍ਰਭੂ ਦਾ ਦੂਤ ਅਕਾਸ਼ੋਂ ਉਤਰਿਆ ਅਤੇ ਨੇੜੇ ਆ ਕੇ ਉਸ ਪੱਥਰ ਨੂੰ ਰੇੜ੍ਹ ਕੇ ਇੱਕ ਪਾਸੇ ਕਰ ਦਿੱਤਾ ਅਤੇ ਉਸ ਉੱਤੇ ਬੈਠ ਗਿਆ।
3ਉਹ ਦਾ ਰੂਪ ਬਿਜਲੀ ਵਰਗਾ ਅਤੇ ਉਹ ਦਾ ਬਸਤਰ ਬਰਫ਼ ਦੀ ਤਰ੍ਹਾਂ ਚਿੱਟਾ ਸੀ।
4ਅਤੇ ਉਹ ਦੇ ਡਰ ਦੇ ਕਾਰਨ ਰਖਵਾਲੇ ਕੰਬ ਉੱਠੇ ਅਤੇ ਮੁਰਦਿਆਂ ਵਾਂਗੂੰ ਹੋ ਗਏ।
5ਪਰ ਦੂਤ ਨੇ ਔਰਤਾਂ ਨੂੰ ਕਿਹਾ, ਤੁਸੀਂ ਨਾ ਡਰੋ ਕਿਉਂਕਿ ਮੈਂ ਜਾਣਦਾ ਹਾਂ ਜੋ ਤੁਸੀਂ ਯਿਸੂ ਨੂੰ ਜਿਹੜਾ ਸਲੀਬ ਉੱਤੇ ਚੜ੍ਹਾਇਆ ਗਿਆ ਸੀ, ਲੱਭਦੀਆਂ ਹੋ।
6ਉਹ ਐਥੇ ਨਹੀਂ ਹੈ, ਕਿਉਂਕਿ ਜਿਵੇਂ ਉਸ ਨੇ ਕਿਹਾ ਸੀ ਉਹ ਜੀ ਉੱਠਿਆ ਹੈ। ਆਓ ਇਹ ਥਾਂ ਵੇਖੋ ਜਿੱਥੇ ਪ੍ਰਭੂ ਪਿਆ ਹੋਇਆ ਸੀ।
7ਅਤੇ ਜਲਦੀ ਜਾ ਕੇ ਉਹ ਦੇ ਚੇਲਿਆਂ ਨੂੰ ਆਖੋ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਵੇਖੋ ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਦਾ ਹੈ, ਉਹ ਨੂੰ ਤੁਸੀਂ ਉੱਥੇ ਵੇਖੋਗੇ। ਲਓ ਮੈਂ ਤੁਹਾਨੂੰ ਦੱਸ ਦਿੱਤਾ।
8ਅਤੇ ਉਹ ਡਰ ਅਤੇ ਵੱਡੀ ਖੁਸ਼ੀ ਨਾਲ ਕਬਰ ਕੋਲੋਂ ਜਲਦੀ ਚੱਲ ਕੇ ਉਹ ਦੇ ਚੇਲਿਆਂ ਨੂੰ ਖ਼ਬਰ ਦੇਣ ਲਈ ਦੌੜੀਆਂ ਗਈਆਂ।
9ਅਤੇ ਵੇਖੋ ਯਿਸੂ ਉਨ੍ਹਾਂ ਨੂੰ ਮਿਲਿਆ ਅਤੇ ਬੋਲਿਆ, ਸੁਖੀ ਰਹੋ! ਅਤੇ ਉਨ੍ਹਾਂ ਨੇ ਕੋਲ ਆ ਕੇ ਯਿਸੂ ਦੇ ਚਰਨ ਫੜੇ ਅਤੇ ਉਸ ਨੂੰ ਮੱਥਾ ਟੇਕਿਆ।
10ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਡਰੋ ਨਾ, ਜਾਓ, ਮੇਰੇ ਭਾਈਆਂ ਨੂੰ ਆਖੋ ਜੋ ਗਲੀਲ ਨੂੰ ਜਾਣ ਅਤੇ ਉਹ ਉੱਥੇ ਮੈਨੂੰ ਵੇਖਣਗੇ।
11ਜਿਸ ਵੇਲੇ ਉਹ ਜਾ ਰਹੀਆਂ ਸਨ ਤਾਂ ਵੇਖੋ ਪਹਿਰੇ ਵਾਲਿਆਂ ਵਿੱਚੋਂ ਕਈਆਂ ਨੇ ਸ਼ਹਿਰ ਜਾ ਕੇ ਸਾਰੀ ਘਟਨਾ ਮੁੱਖ ਜਾਜਕਾਂ ਨੂੰ ਦੱਸ ਦਿੱਤੀ।
12ਅਤੇ ਉਹ ਬਜ਼ੁਰਗਾਂ ਦੇ ਨਾਲ ਇਕੱਠੇ ਹੋਏ ਅਤੇ ਯੋਜਨਾਂ ਬਣਾ ਕੇ ਸਿਪਾਹੀਆਂ ਨੂੰ ਬਹੁਤ ਰੁਪਏ ਦਿੱਤੇ
13ਅਤੇ ਬੋਲੇ, ਤੁਸੀਂ ਇਹ ਆਖਣਾ ਕਿ ਜਦ ਅਸੀਂ ਸੁੱਤੇ ਹੋਏ ਸੀ, ਉਹ ਦੇ ਚੇਲੇ ਰਾਤ ਨੂੰ ਆ ਕੇ ਉਹ ਨੂੰ ਚੁਰਾ ਲੈ ਗਏ
14ਅਤੇ ਜੇ ਇਹ ਗੱਲ ਹਾਕਮ ਦੇ ਕੰਨਾਂ ਤੱਕ ਪਹੁੰਚੇ ਤਾਂ ਅਸੀਂ ਉਹ ਨੂੰ ਮਨਾ ਕੇ ਤੁਹਾਨੂੰ ਬਰੀ ਕਰ ਦਿਆਂਗੇ।
15ਸੋ ਉਨ੍ਹਾਂ ਨੇ ਰੁਪਏ ਲੈ ਕੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਸਿਖਾਏ ਗਏ ਸਨ ਅਤੇ ਇਹ ਗੱਲ ਅੱਜ ਤੱਕ ਯਹੂਦੀਆਂ ਵਿੱਚ ਪ੍ਰਚਲਿਤ ਹੈ।
16ਫੇਰ ਉਹ ਗਿਆਰ੍ਹਾਂ ਚੇਲੇ ਗਲੀਲ ਵਿੱਚ ਉਸ ਪਹਾੜ ਉੱਤੇ ਗਏ ਜਿਹੜਾ ਯਿਸੂ ਨੇ ਉਨ੍ਹਾਂ ਲਈ ਠਹਿਰਾਇਆ ਹੋਇਆ ਸੀ।
17ਅਤੇ ਉਨ੍ਹਾਂ ਨੇ ਉਸ ਨੂੰ ਵੇਖ ਕੇ ਮੱਥਾ ਟੇਕਿਆ, ਪਰ ਕਈਆਂ ਨੇ ਸ਼ੱਕ ਕੀਤਾ।
18ਅਤੇ ਯਿਸੂ ਨੇ ਕੋਲ ਆ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ।
19ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ।
20ਅਤੇ ਉਨ੍ਹਾਂ ਨੂੰ ਸਿਖਾਓ ਕਿ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਸੰਸਾਰ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।