ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

ਲੇਵੀਆਂ ਦੀ ਪੋਥੀ 18

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
2ਇਸਰਾਏਲੀਆਂ ਨਾਲ ਗੱਲ ਕਰ ਕੇ ਆਖ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
3ਤੁਸੀਂ ਮਿਸਰ ਦੇ ਦੇਸ ਦੇ ਕੰਮਾਂ ਦੇ ਅਨੁਸਾਰ ਨਾ ਕਰਨਾ, ਜਿਸ ਦੇ ਵਿੱਚ ਤੁਸੀਂ ਵੱਸਦੇ ਸੀ ਅਤੇ ਨਾ ਕਨਾਨ ਦੇ ਕੰਮਾਂ ਦੇ ਅਨੁਸਾਰ ਕਰਨਾ, ਜਿੱਥੇ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹਾਂ, ਨਾ ਹੀ ਤੁਸੀਂ ਉਨ੍ਹਾਂ ਦੀਆਂ ਰੀਤਾਂ ਅਨੁਸਾਰ ਚੱਲਣਾ।
4ਤੁਸੀਂ ਮੇਰੇ ਹੀ ਨਿਯਮਾਂ ਨੂੰ ਮੰਨਣਾ ਅਤੇ ਮੇਰੀਆਂ ਹੀ ਬਿਧੀਆਂ ਨੂੰ ਮੰਨ ਕੇ ਉਨ੍ਹਾਂ ਦੇ ਅਨੁਸਾਰ ਚੱਲਣਾ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
5ਇਸ ਲਈ ਤੁਸੀਂ ਮੇਰੀਆਂ ਬਿਧੀਆਂ ਅਤੇ ਨਿਯਮਾਂ ਦੀ ਪਾਲਣਾ ਕਰਨਾ। ਜਿਹੜਾ ਇਨ੍ਹਾਂ ਦੀ ਪਾਲਣਾ ਕਰੇਗਾ, ਉਹ ਇਨ੍ਹਾਂ ਦੇ ਕਾਰਨ ਜੀਉਂਦਾ ਰਹੇਗਾ। ਮੈਂ ਹੀ ਯਹੋਵਾਹ ਹਾਂ।
6ਤੁਹਾਡੇ ਵਿੱਚੋਂ ਕੋਈ ਆਪਣੇ ਨਜ਼ਦੀਕੀ ਰਿਸ਼ਤੇਦਾਰ ਦਾ ਨੰਗੇਜ਼ ਉਘਾੜਨ ਲਈ ਉਨ੍ਹਾਂ ਦੇ ਕੋਲ ਨਾ ਜਾਵੇ। ਮੈਂ ਯਹੋਵਾਹ ਹਾਂ।
7ਤੂੰ ਆਪਣੇ ਪਿਤਾ ਦਾ ਨੰਗੇਜ਼ ਅਤੇ ਆਪਣੀ ਮਾਂ ਦਾ ਨੰਗੇਜ਼ ਨਾ ਉਘਾੜੀਂ, ਉਹ ਤੇਰੀ ਮਾਂ ਹੈ, ਤੂੰ ਉਸ ਦਾ ਨੰਗੇਜ਼ ਨਾ ਉਘਾੜੀਂ।
8ਤੂੰ ਆਪਣੀ ਸੌਤੇਲੀ ਮਾਂ ਦਾ ਨੰਗੇਜ਼ ਨਾ ਉਘਾੜੀਂ, ਇਹ ਤਾਂ ਤੇਰੇ ਪਿਤਾ ਦਾ ਹੀ ਨੰਗੇਜ਼ ਹੈ।
9ਤੂੰ ਆਪਣੀ ਭੈਣ ਭਾਵੇਂ ਉਹ ਤੇਰੀ ਸੱਕੀ ਭੈਣ ਹੋਵੇ ਜਾਂ ਸੌਤੇਲੀ, ਭਾਵੇਂ ਘਰ ਵਿੱਚ ਜੰਮੀ ਹੋਏ ਭਾਵੇਂ ਬਾਹਰ, ਤੂੰ ਉਸ ਦਾ ਨੰਗੇਜ਼ ਨਾ ਉਘਾੜੀਂ।
10ਤੂੰ ਆਪਣੀ ਪੋਤਰੀ ਜਾਂ ਆਪਣੀ ਦੋਤਰੀ ਦਾ ਨੰਗੇਜ਼ ਨਾ ਉਘਾੜੀਂ, ਕਿਉਂ ਜੋ ਉਨ੍ਹਾਂ ਦਾ ਨੰਗੇਜ਼ ਤਾਂ ਤੇਰਾ ਆਪਣਾ ਹੀ ਹੈ।
11ਤੂੰ ਆਪਣੀ ਸੌਤੇਲੀ ਭੈਣ ਦਾ, ਜੋ ਤੇਰੇ ਪਿਤਾ ਤੋਂ ਜੰਮੀ ਹੈ, ਉਸ ਦਾ ਨੰਗੇਜ਼ ਨਾ ਉਘਾੜੀਂ, ਕਿਉਂ ਜੋ ਉਹ ਤੇਰੀ ਭੈਣ ਹੈ।
12ਤੂੰ ਆਪਣੇ ਪਿਤਾ ਦੀ ਭੈਣ ਦਾ ਨੰਗੇਜ਼ ਨਾ ਉਘਾੜੀਂ, ਉਹ ਤੇਰੇ ਪਿਤਾ ਦੀ ਨਜ਼ਦੀਕੀ ਰਿਸ਼ਤੇਦਾਰ ਹੈ।
13ਤੂੰ ਆਪਣੀ ਮਾਂ ਦੀ ਭੈਣ ਦਾ ਨੰਗੇਜ਼ ਨਾ ਉਘਾੜੀਂ, ਕਿਉਂ ਜੋ ਉਹ ਤੇਰੀ ਮਾਂ ਦੀ ਨਜ਼ਦੀਕੀ ਰਿਸ਼ਤੇਦਾਰ ਹੈ।
14ਤੂੰ ਆਪਣੇ ਪਿਤਾ ਦੇ ਭਰਾ ਦਾ ਨੰਗੇਜ਼ ਨਾ ਉਘਾੜੀਂ, ਨਾ ਤੂੰ ਉਸ ਦੀ ਪਤਨੀ ਕੋਲ ਜਾਵੀਂ, ਉਹ ਤਾਂ ਤੇਰੀ ਚਾਚੀ ਹੈ।
15ਤੂੰ ਆਪਣੀ ਨੂੰਹ ਦਾ ਨੰਗੇਜ਼ ਨਾ ਉਘਾੜੀਂ, ਉਹ ਤੇਰੇ ਪੁੱਤਰ ਦੀ ਪਤਨੀ ਹੈ, ਇਸ ਲਈ ਤੂੰ ਉਸ ਦਾ ਨੰਗੇਜ਼ ਨਾ ਉਘਾੜੀਂ।
16ਤੂੰ ਆਪਣੇ ਭਰਾ ਦੀ ਪਤਨੀ ਦਾ ਨੰਗੇਜ਼ ਨਾ ਉਘਾੜੀਂ, ਉਹ ਤਾਂ ਤੇਰੇ ਭਰਾ ਦਾ ਨੰਗੇਜ਼ ਹੈ।
17ਤੂੰ ਕਿਸੇ ਇਸਤਰੀ ਅਤੇ ਉਸ ਦੀ ਧੀ ਦਾ ਨੰਗੇਜ਼ ਨਾ ਉਘਾੜੀਂ, ਨਾ ਤੂੰ ਉਸ ਦੀ ਪੋਤਰੀ ਨੂੰ ਜਾਂ ਉਸ ਦੀ ਦੋਤਰੀ ਨੂੰ ਉਸ ਦਾ ਨੰਗੇਜ਼ ਉਘਾੜਨ ਲਈ ਲਿਆਵੀਂ, ਕਿਉਂ ਜੋ ਉਹ ਉਸ ਦੀ ਨਜ਼ਦੀਕੀ ਰਿਸ਼ਤੇਦਾਰ ਹੈ, ਅਜਿਹਾ ਕਰਨਾ ਦੁਸ਼ਟਤਾ ਹੈ।
18ਤੂੰ ਆਪਣੀ ਪਤਨੀ ਨੂੰ ਦੁੱਖ ਦੇਣ ਲਈ, ਉਸ ਦੀ ਭੈਣ ਨੂੰ ਉਸ ਦਾ ਨੰਗੇਜ਼ ਉਘਾੜਨ ਲਈ ਨਾ ਵਿਆਹਵੀਂ ਜਦ ਕਿ ਤੇਰੀ ਪਹਿਲੀ ਪਤਨੀ ਅਜੇ ਜੀਉਂਦੀ ਹੈ।
19ਜਦ ਤੱਕ ਕੋਈ ਇਸਤਰੀ ਆਪਣੀ ਮਾਹਵਾਰੀ ਕਾਰਨ ਅਸ਼ੁੱਧ ਹੈ, ਤਾਂ ਤੂੰ ਉਸ ਦਾ ਨੰਗੇਜ਼ ਉਘਾੜਨ ਲਈ ਉਸ ਦੇ ਕੋਲ ਨਾ ਜਾਵੀਂ।
20ਤੂੰ ਆਪਣੇ ਗੁਆਂਢੀ ਦੀ ਪਤਨੀ ਨਾਲ ਸੰਗ ਕਰਕੇ ਆਪਣੇ ਆਪ ਨੂੰ ਭਰਿਸ਼ਟ ਨਾ ਕਰੀਂ।
21ਅਤੇ ਤੂੰ ਆਪਣੇ ਪੁੱਤਰਾਂ ਵਿੱਚੋਂ ਕਿਸੇ ਨੂੰ ਮੋਲਕ ਦੇਵਤੇ ਦੇ ਅੱਗੇ ਅੱਗ ਦੇ ਵਿੱਚੋਂ ਨਾ ਲੰਘਾਵੀਂ, ਨਾ ਤੂੰ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਬਦਨਾਮ ਕਰੀਂ, ਮੈਂ ਯਹੋਵਾਹ ਹਾਂ।
22ਜਿਸ ਤਰ੍ਹਾਂ ਤੂੰ ਇਸਤਰੀ ਨਾਲ ਸੰਗ ਕਰਦਾ ਹੈਂ, ਉਸੇ ਤਰ੍ਹਾਂ ਕਿਸੇ ਪੁਰਖ ਦੇ ਨਾਲ ਸੰਗ ਨਾ ਕਰੀਂ, ਇਹ ਘਿਣਾਉਣਾ ਕੰਮ ਹੈ।
23ਤੂੰ ਕਿਸੇ ਪਸ਼ੂ ਦੇ ਨਾਲ ਸੰਗ ਕਰਕੇ ਆਪਣੇ ਆਪ ਨੂੰ ਭਰਿਸ਼ਟ ਨਾ ਕਰੀਂ ਅਤੇ ਨਾ ਕੋਈ ਇਸਤਰੀ ਕਿਸੇ ਪਸ਼ੂ ਦੇ ਅੱਗੇ ਜਾ ਕੇ ਖੜ੍ਹੀ ਹੋਵੇ ਤਾਂ ਜੋ ਉਸ ਤੋਂ ਸੰਗ ਕਰਵਾਏ, ਇਹ ਘਿਣਾਉਣਾ ਕੰਮ ਹੈ।
24ਅਜਿਹਾ ਕੋਈ ਵੀ ਕੰਮ ਕਰਕੇ ਤੁਸੀਂ ਆਪਣੇ ਆਪ ਨੂੰ ਅਸ਼ੁੱਧ ਨਾ ਕਰਨਾ, ਕਿਉਂ ਜੋ ਉਹ ਸਾਰੀਆਂ ਕੌਮਾਂ ਜਿਨ੍ਹਾਂ ਨੂੰ ਮੈਂ ਤੁਹਾਡੇ ਅੱਗਿਓਂ ਕੱਢਣ ਵਾਲਾ ਹਾਂ, ਅਜਿਹੇ ਹੀ ਕੰਮ ਕਰਕੇ ਭਰਿਸ਼ਟ ਹੋ ਗਈਆਂ ਹਨ,
25ਅਤੇ ਧਰਤੀ ਵੀ ਅਸ਼ੁੱਧ ਹੋ ਗਈ ਹੈ, ਇਸ ਲਈ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਬਦੀ ਦਾ ਬਦਲਾ ਦਿੰਦਾ ਹਾਂ ਅਤੇ ਉਹ ਧਰਤੀ ਵੀ ਆਪਣੇ ਵਾਸੀਆਂ ਨੂੰ ਉਗਲ ਦਿੰਦੀ ਹੈ।
26ਇਸ ਲਈ ਤੁਸੀਂ ਮੇਰੀਆਂ ਬਿਧੀਆਂ ਅਤੇ ਨਿਯਮਾਂ ਦੀ ਸਦਾ ਪਾਲਣਾ ਕਰਨਾ ਅਤੇ ਭਾਵੇਂ ਆਪਣੇ ਦੇਸ ਦਾ ਭਾਵੇਂ ਪਰਦੇਸੀ ਜਿਹੜਾ ਤੁਹਾਡੇ ਵਿਚਕਾਰ ਵੱਸਦਾ ਹੈ, ਕੋਈ ਵੀ ਅਜਿਹੇ ਘਿਣਾਉਣੇ ਕੰਮ ਨਾ ਕਰੇ।
27ਕਿਉਂ ਜੋ ਅਜਿਹੇ ਘਿਣਾਉਣੇ ਕੰਮ ਕਰਕੇ ਹੀ ਉਸ ਦੇਸ ਦੇ ਵਾਸੀਆਂ ਨੇ ਜੋ ਉੱਥੇ ਰਹਿੰਦੇ ਸਨ, ਉਸ ਧਰਤੀ ਨੂੰ ਅਸ਼ੁੱਧ ਕਰ ਦਿੱਤਾ ਹੈ।
28ਅਜਿਹਾ ਨਾ ਹੋਵੇ ਕਿ ਜਿਵੇਂ ਉਸ ਧਰਤੀ ਨੇ ਉਨ੍ਹਾਂ ਕੌਮਾਂ ਨੂੰ ਉਗਲ ਦਿੱਤਾ, ਜਿਹੜੀਆਂ ਤੁਹਾਡੇ ਤੋਂ ਪਹਿਲਾਂ ਉੱਥੇ ਸਨ, ਉਸੇ ਤਰ੍ਹਾਂ ਹੀ ਉਹ ਤੁਹਾਨੂੰ ਵੀ ਉਗਲ ਦੇਵੇ, ਜਦ ਤੁਸੀਂ ਅਸ਼ੁੱਧਤਾਈ ਦੇ ਕੰਮ ਕਰੋ।
29ਜਿਹੜੇ ਵੀ ਲੋਕ ਅਜਿਹੇ ਘਿਣਾਉਣੇ ਕੰਮ ਕਰਨ ਉਹ ਆਪਣੇ ਲੋਕਾਂ ਵਿੱਚੋਂ ਛੇਕੇ ਜਾਣ।
30ਇਸ ਲਈ ਤੁਸੀਂ ਮੇਰੇ ਹੁਕਮਾਂ ਨੂੰ ਮੰਨਣਾ ਅਤੇ ਜੋ ਘਿਣਾਉਣੀਆਂ ਰੀਤਾਂ ਤੁਹਾਡੇ ਤੋਂ ਪਹਿਲਾਂ ਉੱਥੇ ਮੰਨੀਆਂ ਜਾਂਦੀਆਂ ਹਨ, ਉਨ੍ਹਾਂ ਦੇ ਅਨੁਸਾਰ ਨਾ ਚੱਲਣਾ ਅਤੇ ਨਾ ਉਨ੍ਹਾਂ ਦੇ ਕਾਰਨ ਆਪਣੇ ਆਪ ਨੂੰ ਅਸ਼ੁੱਧ ਕਰਨਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।