ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

ਲੇਵੀਆਂ ਦੀ ਪੋਥੀ 13

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਫੇਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ,
2ਜੇ ਕਿਸੇ ਮਨੁੱਖ ਦੇ ਸਰੀਰ ਦੀ ਚਮੜੀ ਵਿੱਚ ਸੋਜ, ਜਾਂ ਪਪੜੀ, ਜਾਂ ਦਾਗ ਹੋਵੇ ਅਤੇ ਇਹ ਉਸ ਦੇ ਸਰੀਰ ਦੇ ਚਮੜੀ ਵਿੱਚ ਕੋੜ੍ਹ ਵਰਗਾ ਵਿਖਾਈ ਦੇਵੇ, ਤਾਂ ਉਹ ਹਾਰੂਨ ਜਾਜਕ ਦੇ ਕੋਲ ਜਾਂ ਉਸ ਦੇ ਪੁੱਤਰਾਂ ਵਿੱਚੋਂ ਜੋ ਜਾਜਕ ਹੋਵੇ, ਉਸ ਦੇ ਕੋਲ ਲਿਆਇਆ ਜਾਵੇ।
3ਅਤੇ ਜਾਜਕ ਉਸ ਦੇ ਸਰੀਰ ਦੀ ਚਮੜੀ ਵਿੱਚ ਉਸ ਰੋਗ ਨੂੰ ਜਾਂਚੇ ਅਤੇ ਜੇਕਰ ਉਸ ਰੋਗ ਦੇ ਸਥਾਨ ਤੇ ਵਾਲ਼ ਚਿੱਟੇ ਹੋ ਗਏ ਹੋਣ ਅਤੇ ਰੋਗ ਉਸ ਦੀ ਚਮੜੀ ਨਾਲੋਂ ਡੂੰਘਾ ਦਿਸੇ ਤਾਂ ਉਹ ਜਾਣ ਲਵੇ ਕਿ ਇਹ ਕੋੜ੍ਹ ਦਾ ਰੋਗ ਹੈ ਤਾਂ ਜਾਜਕ ਉਸ ਨੂੰ ਵੇਖ ਕੇ ਅਸ਼ੁੱਧ ਆਖੇ।
4ਪਰ ਜੇਕਰ ਉਹ ਦਾਗ ਉਸ ਦੀ ਚਮੜੀ ਵਿੱਚ ਚਿੱਟਾ ਹੋਵੇ ਅਤੇ ਵੇਖਣ ਵਿੱਚ ਚਮੜੀ ਨਾਲੋਂ ਡੂੰਘਾ ਨਾ ਦਿਸੇ ਅਤੇ ਉਸ ਦੇ ਵਾਲ਼ ਚਿੱਟੇ ਨਾ ਹੋਏ ਹੋਣ, ਤਾਂ ਜਾਜਕ ਉਸ ਮਨੁੱਖ ਨੂੰ ਸੱਤ ਦਿਨ ਤੱਕ ਅਲੱਗ ਰੱਖੇ।
5ਅਤੇ ਸੱਤਵੇਂ ਦਿਨ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਰੋਗ ਉਸੇ ਤਰ੍ਹਾਂ ਹੀ ਰਹੇ ਅਤੇ ਉਸ ਦੀ ਚਮੜੀ ਵਿੱਚ ਫੈਲਿਆ ਨਾ ਹੋਵੇ ਤਾਂ ਜਾਜਕ ਉਸ ਨੂੰ ਹੋਰ ਸੱਤ ਦਿਨ ਤੱਕ ਅਲੱਗ ਰੱਖੇ।
6ਅਤੇ ਸੱਤਵੇਂ ਦਿਨ ਜਾਜਕ ਉਸ ਨੂੰ ਫੇਰ ਜਾਂਚੇ ਅਤੇ ਵੇਖੋ, ਜੇਕਰ ਉਹ ਰੋਗ ਫਿੱਕਾ ਪੈ ਗਿਆ ਹੋਵੇ ਅਤੇ ਉਸ ਦੀ ਚਮੜੀ ਵਿੱਚ ਨਾ ਫੈਲਿਆ ਹੋਵੇ ਤਾਂ ਜਾਜਕ ਉਸ ਨੂੰ ਸ਼ੁੱਧ ਠਹਿਰਾਏ, ਉਹ ਤਾਂ ਸਿਰਫ਼ ਪਪੜੀ ਹੀ ਹੈ, ਅਤੇ ਉਹ ਆਪਣੇ ਕੱਪੜੇ ਧੋ ਕੇ ਸ਼ੁੱਧ ਹੋ ਜਾਵੇ।
7ਪਰ ਜੇਕਰ ਜਾਜਕ ਦੁਆਰਾ ਉਸ ਨੂੰ ਵੇਖ ਕੇ ਸ਼ੁੱਧ ਠਹਿਰਾਉਣ ਤੋਂ ਬਾਅਦ ਉਹ ਪਪੜੀ ਉਸ ਦੀ ਚਮੜੀ ਵਿੱਚ ਬਹੁਤ ਫੈਲ ਜਾਵੇ, ਤਾਂ ਉਹ ਫੇਰ ਜਾਜਕ ਨੂੰ ਵਿਖਾਇਆ ਜਾਵੇ।
8ਤਦ ਜਾਜਕ ਉਸ ਨੂੰ ਫੇਰ ਜਾਂਚੇ ਅਤੇ ਵੇਖੋ, ਜੇਕਰ ਉਹ ਪਪੜੀ ਚਮੜੀ ਵਿੱਚ ਫੈਲਦੀ ਜਾਂਦੀ ਹੈ ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ ਕਿਉਂ ਜੋ ਇਹ ਕੋੜ੍ਹ ਹੀ ਹੈ।
9ਜੇਕਰ ਕਿਸੇ ਮਨੁੱਖ ਨੂੰ ਕੋੜ੍ਹ ਦਾ ਰੋਗ ਹੋਵੇ ਤਾਂ ਉਹ ਜਾਜਕ ਦੇ ਕੋਲ ਲਿਆਂਦਾ ਜਾਵੇ।
10ਅਤੇ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਸੋਜ ਚਮੜੀ ਵਿੱਚ ਚਿੱਟੀ ਹੋਵੇ ਅਤੇ ਉਸ ਦੇ ਕਾਰਨ ਵਾਲ਼ ਵੀ ਚਿੱਟੇ ਹੋ ਗਏ ਹੋਣ ਅਤੇ ਜੇਕਰ ਉਸ ਸੋਜ ਵਿੱਚ ਕੱਚਾ ਮਾਸ ਵੀ ਹੋਵੇ,
11ਤਾਂ ਜਾਜਕ ਜਾਣੇ ਕਿ ਉਸ ਦੀ ਚਮੜੀ ਵਿੱਚ ਪੁਰਾਣਾ ਕੋੜ੍ਹ ਹੈ, ਇਸ ਲਈ ਜਾਜਕ ਉਸ ਨੂੰ ਅਸ਼ੁੱਧ ਠਹਿਰਾਏ ਪਰ ਉਸ ਨੂੰ ਅਲੱਗ ਨਾ ਰੱਖੇ ਕਿਉਂ ਜੋ ਉਹ ਪਹਿਲਾਂ ਤੋਂ ਹੀ ਅਸ਼ੁੱਧ ਹੈ।
12ਅਤੇ ਜੇਕਰ ਉਹ ਕੋੜ੍ਹ ਕਿਸੇ ਦੀ ਚਮੜੀ ਵਿੱਚ ਫੈਲ ਜਾਵੇ ਕਿ ਜਾਜਕ ਜਾਂਚੇ ਅਤੇ ਵੇਖੇ ਕਿ ਰੋਗੀ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਕੋੜ੍ਹ ਨੇ ਢੱਕ ਲਿਆ ਹੈ,
13ਤਾਂ ਜਾਜਕ ਧਿਆਨ ਕਰੇ ਅਤੇ ਵੇਖੋ, ਜੇਕਰ ਕੋੜ੍ਹ ਨੇ ਉਸ ਦੇ ਸਾਰੇ ਸਰੀਰ ਨੂੰ ਢੱਕ ਲਿਆ ਹੋਵੇ ਤਾਂ ਜਾਜਕ ਉਸ ਮਨੁੱਖ ਨੂੰ ਜਿਸ ਨੂੰ ਰੋਗ ਹੈ ਸ਼ੁੱਧ ਠਹਿਰਾਵੇ, ਕਿਉਂ ਜੋ ਉਹ ਤਾਂ ਸਾਰਾ ਚਿੱਟਾ ਹੋ ਗਿਆ ਹੈ, ਇਸ ਲਈ ਉਹ ਸ਼ੁੱਧ ਹੈ।
14ਪਰ ਜੇਕਰ ਉਸ ਦੇ ਵਿੱਚ ਕੱਚਾ ਮਾਸ ਵਿਖਾਈ ਦੇਵੇ ਤਾਂ ਉਹ ਅਸ਼ੁੱਧ ਠਹਿਰੇ।
15ਅਤੇ ਜਾਜਕ ਕੱਚੇ ਮਾਸ ਨੂੰ ਵੇਖ ਕੇ ਉਸ ਨੂੰ ਅਸ਼ੁੱਧ ਠਹਿਰਾਵੇ ਕਿਉਂ ਜੋ ਅਜਿਹਾ ਕੱਚਾ ਮਾਸ ਅਸ਼ੁੱਧ ਹੁੰਦਾ ਹੈ, ਉਹ ਕੋੜ੍ਹ ਹੈ।
16ਪਰ ਜੇਕਰ ਉਹ ਕੱਚਾ ਮਾਸ ਚਿੱਟਾ ਹੋ ਜਾਵੇ ਤਾਂ ਉਹ ਮਨੁੱਖ ਜਾਜਕ ਦੇ ਕੋਲ ਫੇਰ ਆਵੇ।
17ਅਤੇ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਰੋਗ ਚਿੱਟਾ ਹੋ ਗਿਆ ਹੋਵੇ ਤਾਂ ਜਾਜਕ ਉਸ ਮਨੁੱਖ ਨੂੰ ਜਿਸ ਨੂੰ ਰੋਗ ਹੈ ਸ਼ੁੱਧ ਠਹਿਰਾਵੇ, ਉਹ ਸ਼ੁੱਧ ਹੈ।
18ਫੇਰ ਜੇਕਰ ਕਿਸੇ ਦੀ ਚਮੜੀ ਵਿੱਚ ਫੋੜਾ ਹੋ ਕੇ ਚੰਗਾ ਹੋ ਗਿਆ ਹੋਵੇ,
19ਅਤੇ ਫੋੜੇ ਦੇ ਥਾਂ ਤੇ ਕੋਈ ਚਿੱਟੀ ਸੋਜ, ਜਾਂ ਚਿੱਟਾ-ਲਾਲ ਦਾਗ ਵਿਖਾਈ ਦੇਵੇ ਤਾਂ ਉਹ ਜਾਜਕ ਨੂੰ ਵਿਖਾਇਆ ਜਾਵੇ।
20ਜਾਜਕ ਉਸ ਦੀ ਜਾਂਚ ਕਰੇ ਅਤੇ ਵੇਖੋ, ਜੇਕਰ ਉਹ ਸੋਜ ਵੇਖਣ ਵਿੱਚ ਚਮੜੀ ਨਾਲੋਂ ਡੂੰਘੀ ਹੋਵੇ ਅਤੇ ਉਸ ਸਥਾਨ ਦੇ ਵਾਲ਼ ਵੀ ਚਿੱਟੇ ਹੋ ਗਏ ਹੋਣ ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਏ, ਕਿਉਂ ਜੋ ਇਹ ਫੋੜੇ ਵਿੱਚੋਂ ਨਿੱਕਲਿਆ ਹੋਇਆ ਕੋੜ੍ਹ ਦਾ ਰੋਗ ਹੈ।
21ਪਰ ਜੇਕਰ ਜਾਜਕ ਉਸ ਨੂੰ ਜਾਂਚੇ ਅਤੇ ਵੇਖੇ, ਉਸ ਦੇ ਵਿੱਚ ਕੋਈ ਚਿੱਟੇ ਵਾਲ਼ ਨਹੀਂ ਹਨ ਅਤੇ ਉਹ ਚਮੜੀ ਨਾਲੋਂ ਡੂੰਘਾ ਨਾ ਹੋਵੇ ਪਰ ਕੁਝ ਫਿੱਕਾ ਪੈ ਗਿਆ ਹੋਵੇ, ਤਦ ਜਾਜਕ ਉਸ ਨੂੰ ਸੱਤ ਦਿਨ ਤੱਕ ਅਲੱਗ ਰੱਖੇ।
22ਪਰ ਜੇਕਰ ਉਹ ਰੋਗ ਚਮੜੀ ਵਿੱਚ ਬਹੁਤ ਫੈਲ ਜਾਵੇ ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ, ਇਹ ਕੋੜ੍ਹ ਦਾ ਰੋਗ ਹੈ।
23ਪਰ ਜੇਕਰ ਉਹ ਦਾਗ ਨਾ ਫੈਲੇ ਅਤੇ ਉੱਥੇ ਹੀ ਰਹੇ ਤਾਂ ਉਹ ਫੋੜੇ ਦਾ ਦਾਗ ਹੈ ਅਤੇ ਜਾਜਕ ਉਸ ਨੂੰ ਸ਼ੁੱਧ ਠਹਿਰਾਵੇ।
24ਫੇਰ ਜੇਕਰ ਕਿਸੇ ਦੀ ਚਮੜੀ ਵਿੱਚ ਜਲਣ ਦਾ ਦਾਗ ਹੋਵੇ ਅਤੇ ਉਸ ਜਲੇ ਹੋਏ ਜ਼ਖ਼ਮ ਵਿੱਚ ਚਿੱਟਾ ਜਾਂ ਕੁਝ ਲਾਲ-ਚਿੱਟਾ ਦਾਗ ਹੋਵੇ,
25ਤਾਂ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਸ ਦਾਗ ਦੇ ਸਥਾਨ ਦੇ ਵਾਲ਼ ਚਿੱਟੇ ਹੋ ਗਏ ਹੋਣ ਅਤੇ ਉਹ ਵੇਖਣ ਵਿੱਚ ਚਮੜੀ ਨਾਲੋਂ ਡੂੰਘਾ ਦਿਸੇ ਤਾਂ ਉਹ ਜਲਣ ਦੇ ਦਾਗ ਵਿੱਚੋਂ ਨਿੱਕਲਿਆ ਹੋਇਆ ਕੋੜ੍ਹ ਹੈ, ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ, ਇਹ ਕੋੜ੍ਹ ਦਾ ਰੋਗ ਹੈ।
26ਪਰ ਜੇਕਰ ਜਾਜਕ ਉਸ ਨੂੰ ਜਾਂਚੇ ਅਤੇ ਵੇਖੇ, ਜੇਕਰ ਉਸ ਦਾਗ ਵਿੱਚ ਕੋਈ ਚਿੱਟੇ ਵਾਲ਼ ਨਾ ਹੋਣ ਅਤੇ ਨਾ ਉਹ ਹੋਰ ਚਮੜੀ ਨਾਲੋਂ ਡੂੰਘਾ ਹੋਵੇ, ਸਗੋਂ ਕੁਝ ਫਿੱਕਾ ਪੈ ਗਿਆ ਹੋਵੇ ਤਾਂ ਜਾਜਕ ਉਸ ਨੂੰ ਸੱਤ ਦਿਨ ਤੱਕ ਅਲੱਗ ਰੱਖੇ,
27ਅਤੇ ਸੱਤਵੇਂ ਦਿਨ ਜਾਜਕ ਉਸ ਨੂੰ ਵੇਖੇ ਅਤੇ ਜੇਕਰ ਉਹ ਚਮੜੀ ਵਿੱਚ ਬਹੁਤ ਫੈਲ ਗਿਆ ਹੋਵੇ ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ, ਇਹ ਕੋੜ੍ਹ ਦਾ ਰੋਗ ਹੈ।
28ਪਰ ਜੇਕਰ ਉਹ ਦਾਗ ਚਮੜੀ ਵਿੱਚ ਨਾ ਫੈਲੇ ਅਤੇ ਉਸੇ ਥਾਂ ਤੇ ਰਹੇ ਅਤੇ ਕੁਝ ਫਿੱਕਾ ਪੈ ਗਿਆ ਹੋਵੇ ਤਾਂ ਸੋਜ ਜਲਣ ਦੇ ਕਾਰਨ ਹੈ ਅਤੇ ਜਾਜਕ ਉਸ ਨੂੰ ਸ਼ੁੱਧ ਠਹਿਰਾਵੇ ਕਿਉਂ ਜੋ ਇਹ ਦਾਗ ਜਲਣ ਦੇ ਕਾਰਨ ਹੋ ਗਿਆ ਹੈ।
29ਜੇਕਰ ਕਿਸੇ ਪੁਰਖ ਜਾਂ ਇਸਤਰੀ ਨੂੰ ਸਿਰ ਉੱਤੇ ਜਾਂ ਪੁਰਖ ਦੀ ਦਾੜ੍ਹੀ ਉੱਤੇ ਦਾਗ ਹੋਵੇ,
30ਤਾਂ ਜਾਜਕ ਉਸ ਰੋਗ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਚਮੜੀ ਨਾਲੋਂ ਡੂੰਘਾ ਦਿਸੇ ਅਤੇ ਉਸ ਦੇ ਵਿੱਚ ਇੱਕ ਪਤਲਾ ਪੀਲਾ ਵਾਲ਼ ਹੋਵੇ ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ, ਉਹ ਇੱਕ ਦਾਦ ਹੈ ਅਰਥਾਤ ਸਿਰ ਜਾਂ ਦਾੜ੍ਹੀ ਉੱਤੇ ਕੋੜ੍ਹ ਦਾ ਰੋਗ ਹੈ।
31ਪਰ ਜੇਕਰ ਜਾਜਕ ਦਾਦ ਦੇ ਰੋਗ ਨੂੰ ਜਾਂਚੇ ਅਤੇ ਵੇਖੋ, ਉਹ ਵੇਖਣ ਵਿੱਚ ਚਮੜੀ ਨਾਲੋਂ ਡੂੰਘਾ ਨਾ ਹੋਵੇ ਅਤੇ ਉਸ ਦੇ ਵਿੱਚ ਕਾਲੇ ਵਾਲ਼ ਨਾ ਹੋਣ ਤਾਂ ਜਾਜਕ ਉਸ ਮਨੁੱਖ ਨੂੰ ਜਿਸ ਨੂੰ ਦਾਦ ਦਾ ਰੋਗ ਹੈ, ਸੱਤ ਦਿਨ ਤੱਕ ਅਲੱਗ ਰੱਖੇ।
32ਅਤੇ ਸੱਤਵੇਂ ਦਿਨ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇ ਉਹ ਦਾਦ ਫੈਲਿਆ ਨਾ ਹੋਵੇ ਅਤੇ ਉਸ ਦੇ ਵਿੱਚ ਕੋਈ ਪੀਲਾ ਵਾਲ਼ ਨਾ ਹੋਵੇ ਅਤੇ ਵੇਖਣ ਵਿੱਚ ਉਹ ਦਾਦ ਚਮੜੀ ਨਾਲੋਂ ਡੂੰਘਾ ਨਾ ਹੋਵੇ,
33ਤਾਂ ਉਹ ਮਨੁੱਖ ਮੁੰਨਿਆ ਜਾਵੇ ਪਰ ਉਹ ਸਥਾਨ ਨਾ ਮੁੰਨਿਆ ਜਾਵੇ ਜਿੱਥੇ ਦਾਦ ਹੋਵੇ ਅਤੇ ਜਾਜਕ ਉਸ ਮਨੁੱਖ ਨੂੰ ਜਿਸ ਨੂੰ ਦਾਦ ਹੈ, ਹੋਰ ਸੱਤ ਦਿਨ ਨਿਗਰਾਨੀ ਵਿੱਚ ਰੱਖੇ।
34ਸੱਤਵੇਂ ਦਿਨ ਜਾਜਕ ਉਸ ਦਾਦ ਨੂੰ ਫੇਰ ਜਾਂਚੇ ਅਤੇ ਵੇਖੋ, ਜੇਕਰ ਉਹ ਦਾਦ ਚਮੜੀ ਵਿੱਚ ਫੈਲਿਆ ਨਾ ਹੋਵੇ ਅਤੇ ਚਮੜੀ ਨਾਲੋਂ ਡੂੰਘਾ ਨਾ ਦਿਸੇ ਤਾਂ ਜਾਜਕ ਉਸ ਮਨੁੱਖ ਨੂੰ ਸ਼ੁੱਧ ਠਹਿਰਾਵੇ ਅਤੇ ਉਹ ਆਪਣੇ ਕੱਪੜੇ ਧੋ ਕੇ ਸ਼ੁੱਧ ਹੋ ਜਾਵੇ।
35ਪਰ ਜੇਕਰ ਉਹ ਦਾਦ ਉਸ ਦੇ ਸ਼ੁੱਧ ਹੋਣ ਤੋਂ ਬਾਅਦ ਉਸ ਦੀ ਚਮੜੀ ਵਿੱਚ ਬਹੁਤ ਫੈਲ ਜਾਵੇ,
36ਤਾਂ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਦਾਦ ਚਮੜੀ ਵਿੱਚ ਫੈਲਿਆ ਹੋਇਆ ਹੋਵੇ ਤਾਂ ਜਾਜਕ ਉਸ ਪੀਲੇ ਵਾਲ਼ ਨੂੰ ਵੀ ਨਾ ਲੱਭੇ, ਉਹ ਮਨੁੱਖ ਅਸ਼ੁੱਧ ਹੈ।
37ਪਰ ਜੇਕਰ ਉਸ ਦੇ ਵੇਖਣ ਵਿੱਚ ਉਹ ਦਾਦ ਉੱਥੇ ਹੀ ਰਹੇ ਅਤੇ ਉਸ ਦੇ ਵਿੱਚ ਕਾਲੇ ਵਾਲ਼ ਆ ਗਏ ਹੋਣ ਤਾਂ ਉਹ ਦਾਦ ਚੰਗਾ ਹੋ ਗਿਆ। ਉਹ ਮਨੁੱਖ ਸ਼ੁੱਧ ਹੈ ਅਤੇ ਜਾਜਕ ਉਸ ਨੂੰ ਸ਼ੁੱਧ ਠਹਿਰਾਵੇ।
38ਜੇਕਰ ਕਿਸੇ ਪੁਰਖ ਜਾਂ ਇਸਤਰੀ ਦੀ ਚਮੜੀ ਵਿੱਚ ਚਿੱਟੇ ਦਾਗ ਹੋਣ,
39ਤਾਂ ਜਾਜਕ ਉਨ੍ਹਾਂ ਨੂੰ ਜਾਂਚੇ ਅਤੇ ਵੇਖੋ, ਜੇਕਰ ਉਨ੍ਹਾਂ ਦੀ ਚਮੜੀ ਵਿੱਚ ਉਹ ਦਾਗ ਘੱਟ ਚਿੱਟੇ ਹੋਣ ਤਾਂ ਉਹ ਚਮੜੀ ਵਿੱਚ ਹੋਇਆ ਇੱਕ ਸਧਾਰਨ ਦਾਗ ਹੀ ਹੈ, ਉਹ ਮਨੁੱਖ ਸ਼ੁੱਧ ਹੈ।
40ਜਿਸ ਮਨੁੱਖ ਦੇ ਵਾਲ਼ ਸਿਰ ਤੋਂ ਝੜ ਗਏ ਹੋਣ, ਉਹ ਮਨੁੱਖ ਗੰਜਾ ਤਾਂ ਹੈ, ਪਰ ਸ਼ੁੱਧ ਹੈ।
41ਅਤੇ ਜਿਸ ਦੇ ਸਿਰ ਦੇ ਅਗਲੇ ਹਿੱਸੇ ਦੇ ਵਾਲ਼ ਝੜ ਗਏ ਹੋਣ, ਤਾਂ ਉਹ ਮਨੁੱਖ ਮੱਥੇ ਤੋਂ ਗੰਜਾ ਤਾਂ ਹੈ, ਫੇਰ ਵੀ ਉਹ ਸ਼ੁੱਧ ਹੈ।
42ਪਰ ਜੇਕਰ ਉਸ ਦੇ ਗੰਜੇ ਸਿਰ ਜਾਂ ਗੰਜੇ ਮੱਥੇ ਵਿੱਚ ਇੱਕ ਚਿੱਟਾ-ਲਾਲ ਜਿਹਾ ਫੋੜਾ ਹੋਵੇ ਤਾਂ ਉਹ ਉਸ ਦੇ ਗੰਜੇ ਸਿਰ ਜਾਂ ਉਸ ਦੇ ਗੰਜੇ ਮੱਥੇ ਵਿੱਚ ਨਿੱਕਲਿਆ ਹੋਇਆ ਕੋੜ੍ਹ ਹੈ।
43ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਸ ਫੋੜੇ ਦੀ ਸੋਜ ਉਸ ਦੇ ਗੰਜੇ ਸਿਰ ਜਾਂ ਉਸ ਦੇ ਗੰਜੇ ਮੱਥੇ ਵਿੱਚ ਕੁਝ ਚਿੱਟੀ-ਲਾਲ ਜਿਹੀ ਹੋਵੇ, ਜਿਵੇਂ ਸਰੀਰ ਦੀ ਚਮੜੀ ਦੇ ਕੋੜ੍ਹ ਵਿੱਚ ਹੁੰਦਾ ਹੈ,
44ਤਾਂ ਉਹ ਮਨੁੱਖ ਕੋੜ੍ਹੀ ਹੈ ਅਤੇ ਅਸ਼ੁੱਧ ਹੈ, ਜਾਜਕ ਉਸ ਨੂੰ ਜ਼ਰੂਰ ਹੀ ਅਸ਼ੁੱਧ ਠਹਿਰਾਵੇ, ਕਿਉਂ ਜੋ ਉਸ ਦਾ ਰੋਗ ਉਸ ਦੇ ਸਿਰ ਵਿੱਚ ਹੈ।
45ਉਹ ਮਨੁੱਖ ਜਿਸ ਨੂੰ ਕੋੜ੍ਹ ਦਾ ਰੋਗ ਹੋਵੇ, ਉਸ ਦੇ ਕੱਪੜੇ ਪਾੜੇ ਜਾਣ, ਉਸ ਦਾ ਸਿਰ ਨੰਗਾ ਹੋਵੇ ਅਤੇ ਉਹ ਆਪਣੇ ਉੱਪਰਲੇ ਬੁੱਲ੍ਹ ਨੂੰ ਢੱਕ ਕੇ “ਅਸ਼ੁੱਧ! ਅਸ਼ੁੱਧ!” ਪੁਕਾਰਿਆ ਕਰੇ।
46ਜਿੰਨੇ ਦਿਨ ਤੱਕ ਉਹ ਰੋਗ ਉਸ ਦੇ ਸਰੀਰ ਵਿੱਚ ਰਹੇ, ਓਨ੍ਹੇ ਦਿਨ ਤੱਕ ਉਹ ਭਰਿਸ਼ਟ ਰਹੇ, ਅਸ਼ੁੱਧ ਰਹੇ ਅਤੇ ਉਹ ਇਕੱਲਾ ਵੱਸੇ, ਉਸ ਦਾ ਨਿਵਾਸ ਸਥਾਨ ਡੇਰੇ ਤੋਂ ਬਾਹਰ ਹੋਵੇ।
47ਫੇਰ ਜਿਸ ਬਸਤਰ ਵਿੱਚ ਕੋੜ੍ਹ ਦਾ ਰੋਗ ਹੋਵੇ, ਭਾਵੇਂ ਉੱਨ ਦਾ ਹੋਵੇ, ਭਾਵੇਂ ਕਤਾਨ ਦਾ,
48ਭਾਵੇਂ ਤਾਣੀ ਵਿੱਚ, ਭਾਵੇਂ ਉੱਣਨੀ ਵਿੱਚ, ਭਾਵੇਂ ਕਤਾਨ ਦਾ, ਭਾਵੇਂ ਉੱਨ ਦਾ, ਭਾਵੇਂ ਚਮੜੇ ਵਿੱਚ, ਭਾਵੇਂ ਚਮੜੇ ਦੀ ਬਣੀ ਹੋਈ ਕਿਸੇ ਵਸਤੂ ਵਿੱਚ ਹੋਵੇ।
49ਜੇਕਰ ਉਹ ਰੋਗ ਕਿਸੇ ਕੱਪੜੇ ਵਿੱਚ, ਭਾਵੇਂ ਚਮੜੇ ਵਿੱਚ, ਭਾਵੇਂ ਤਾਣੀ ਵਿੱਚ, ਭਾਵੇਂ ਉੱਣਨੀ ਵਿੱਚ, ਭਾਵੇਂ ਚਮੜੇ ਦੀ ਬਣੀ ਹੋਈ ਕਿਸੇ ਵਸਤੂ ਵਿੱਚ ਕੁਝ ਹਰਾ ਜਾਂ ਲਾਲ ਜਿਹਾ ਹੋਵੇ, ਤਾਂ ਉਹ ਕੋੜ੍ਹ ਦਾ ਰੋਗ ਹੈ ਅਤੇ ਜਾਜਕ ਨੂੰ ਵਿਖਾਇਆ ਜਾਵੇ।
50ਜਾਜਕ ਉਸ ਰੋਗ ਨੂੰ ਜਾਂਚੇ ਅਤੇ ਰੋਗ ਵਾਲੀ ਵਸਤੂ ਨੂੰ ਸੱਤ ਦਿਨ ਤੱਕ ਅਲੱਗ ਰੱਖੇ।
51ਸੱਤਵੇਂ ਦਿਨ ਉਹ ਉਸ ਰੋਗ ਨੂੰ ਜਾਂਚੇ ਅਤੇ ਜੇਕਰ ਉਹ ਰੋਗ ਉਸ ਕੱਪੜੇ ਦੇ ਭਾਵੇਂ ਤਾਣੀ ਵਿੱਚ, ਭਾਵੇਂ ਉੱਣਨੀ ਵਿੱਚ, ਭਾਵੇਂ ਚਮੜੇ ਵਿੱਚ, ਜਾਂ ਚਮੜੇ ਦੀ ਬਣੀ ਹੋਈ ਕਿਸੇ ਵਸਤੂ ਵਿੱਚ ਫੈਲਿਆ ਹੋਇਆ ਹੋਵੇ, ਤਾਂ ਉਹ ਰੋਗ ਇੱਕ ਫੈਲਣ ਵਾਲਾ ਕੋੜ੍ਹ ਹੈ, ਇਸ ਲਈ ਉਹ ਵਸਤੂ ਅਸ਼ੁੱਧ ਹੈ।
52ਉਹ ਉਸ ਕੱਪੜੇ ਨੂੰ, ਭਾਵੇਂ ਤਾਣੀ, ਭਾਵੇਂ ਉੱਣਨੀ, ਭਾਵੇਂ ਉੱਨ ਦਾ ਜਾਂ ਕਤਾਨ ਦਾ, ਜਾਂ ਚਮੜੇ ਦੀ ਕੋਈ ਵਸਤੂ ਹੋਵੇ ਜਿਸ ਦੇ ਵਿੱਚ ਰੋਗ ਹੈ, ਸਾੜ ਦੇਵੇ ਕਿਉਂ ਜੋ ਉਹ ਫੈਲਣ ਵਾਲਾ ਕੋੜ੍ਹ ਹੈ, ਉਹ ਅੱਗ ਵਿੱਚ ਸਾੜਿਆ ਜਾਵੇ।
53ਜੇਕਰ ਜਾਜਕ ਜਾਂਚੇ ਅਤੇ ਵੇਖੇ ਕਿ ਉਹ ਰੋਗ ਉਸ ਕੱਪੜੇ ਵਿੱਚ, ਨਾ ਤਾਣੀ, ਨਾ ਉੱਣਨੀ, ਨਾ ਚਮੜੇ ਦੀ ਕਿਸੇ ਵਸਤੂ ਵਿੱਚ ਫੈਲਿਆ ਨਹੀਂ ਹੈ,
54ਤਾਂ ਜਾਜਕ ਆਗਿਆ ਦੇਵੇ ਕਿ ਉਸ ਵਸਤੂ ਨੂੰ ਜਿਸ ਦੇ ਵਿੱਚ ਰੋਗ ਹੈ, ਧੋਇਆ ਜਾਵੇ ਅਤੇ ਉਹ ਉਸ ਨੂੰ ਹੋਰ ਸੱਤ ਦਿਨ ਤੱਕ ਅਲੱਗ ਰੱਖੇ।
55ਅਤੇ ਉਸ ਨੂੰ ਧੋਣ ਤੋਂ ਬਾਅਦ ਜਾਜਕ ਉਸ ਨੂੰ ਜਾਂਚੇ ਅਤੇ ਜੇਕਰ ਰੋਗ ਦਾ ਰੰਗ ਨਾ ਬਦਲਿਆ ਹੋਇਆ ਅਤੇ ਨਾ ਹੀ ਰੋਗ ਫੈਲਿਆ ਹੋਵੇ, ਤਾਂ ਉਹ ਅਸ਼ੁੱਧ ਹੈ। ਤੂੰ ਉਸ ਨੂੰ ਅੱਗ ਵਿੱਚ ਸਾੜੀਂ, ਕਿਉਂ ਜੋ ਭਾਵੇਂ ਉਹ ਰੋਗ ਅੰਦਰੂਨੀ ਭਾਵੇਂ ਬਾਹਰੀ ਹੋਵੇ ਤਾਂ ਵੀ ਉਹ ਫੈਲਣ ਵਾਲਾ ਰੋਗ ਹੈ।
56ਪਰ ਜੇਕਰ ਜਾਜਕ ਵੇਖੇ ਅਤੇ ਵੇਖੋ, ਉਸ ਨੂੰ ਧੋਣ ਤੋਂ ਬਾਅਦ ਉਹ ਰੋਗ ਕੁਝ ਫਿੱਕਾ ਪੈ ਗਿਆ ਹੋਵੇ ਤਾਂ ਉਹ ਉਸ ਕੱਪੜੇ ਵਿੱਚੋਂ, ਭਾਵੇਂ ਤਾਣੀ ਭਾਵੇਂ ਉੱਣਨੀ ਵਿੱਚੋਂ, ਜਾਂ ਚਮੜੀ ਵਿੱਚੋਂ ਪਾੜ ਕੇ ਉਸ ਨੂੰ ਕੱਢੇ,
57ਅਤੇ ਜੇਕਰ ਉਹ ਰੋਗ ਫੇਰ ਵੀ ਉਸ ਕੱਪੜੇ ਦੀ ਤਾਣੀ ਵਿੱਚ ਜਾਂ ਉੱਣਨੀ ਵਿੱਚ, ਜਾਂ ਚਮੜੇ ਦੀ ਉਸ ਵਸਤੂ ਵਿੱਚ ਵਿਖਾਈ ਦੇਵੇ ਤਾਂ ਉਹ ਵਧਣ ਵਾਲਾ ਰੋਗ ਹੈ, ਤੂੰ ਉਸ ਵਸਤੂ ਨੂੰ ਜਿਸ ਦੇ ਵਿੱਚ ਰੋਗ ਹੋਵੇ, ਅੱਗ ਵਿੱਚ ਸਾੜ ਦੇਵੀਂ।
58ਜੇਕਰ ਉਹ ਕੱਪੜਾ ਜਿਸ ਦੀ ਤਾਣੀ ਜਾਂ ਉੱਣਨੀ ਵਿੱਚ ਕੋਈ ਰੋਗ ਹੋਵੇ ਜਾਂ ਚਮੜੇ ਦੀ ਕੋਈ ਵਸਤੂ ਹੋਵੇ, ਜਦ ਉਹ ਧੋਤੀ ਜਾਵੇ ਅਤੇ ਰੋਗ ਉਸ ਵਿੱਚੋਂ ਹੱਟ ਜਾਵੇ ਤਾਂ ਉਹ ਦੂਜੀ ਵਾਰ ਧੋਤੀ ਜਾਵੇ ਅਤੇ ਉਹ ਸ਼ੁੱਧ ਹੋ ਜਾਵੇਗੀ।
59ਕਿਸੇ ਕੱਪੜੇ ਵਿੱਚ, ਭਾਵੇਂ ਉੱਨ ਦਾ, ਭਾਵੇਂ ਕਤਾਨ ਦਾ, ਭਾਵੇਂ ਤਾਣੀ ਵਿੱਚ, ਭਾਵੇਂ ਉੱਣਨੀ ਵਿੱਚ, ਭਾਵੇਂ ਚਮੜੇ ਦੀ ਕਿਸੇ ਵਸਤੂ ਵਿੱਚ ਕੋੜ੍ਹ ਦਾ ਰੋਗ ਹੋਵੇ, ਤਾਂ ਉਸ ਨੂੰ ਸ਼ੁੱਧ ਅਤੇ ਅਸ਼ੁੱਧ ਠਹਿਰਾਉਣ ਦੀ ਇਹੋ ਬਿਵਸਥਾ ਹੈ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।