ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

ਯਹੋਸ਼ੁਆ 2

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਤਦ ਨੂਨ ਦੇ ਪੁੱਤਰ ਯਹੋਸ਼ੁਆ ਨੇ ਦੋ ਮਨੁੱਖਾਂ ਨੂੰ ਸ਼ਿੱਟੀਮ ਤੋਂ ਗੁਪਤ ਰੂਪ ਵਿੱਚ ਭੇਤ ਲੈਣ ਲਈ ਭੇਜਿਆ। ਉਹਨਾਂ ਨੂੰ ਆਖਿਆ, ਜਾ ਕੇ ਉਸ ਦੇਸ ਯਰੀਹੋ ਨੂੰ ਵੇਖੋ ਤਾਂ ਉਹ ਝੱਟ ਚਲੇ ਗਏ ਅਤੇ ਇੱਕ ਵੇਸਵਾ ਦੇ ਘਰ ਵਿੱਚ ਜਾ ਠਹਿਰੇ ਜਿਸ ਦਾ ਨਾਮ ਰਾਹਾਬ ਸੀ।
2ਤਦ ਯਰੀਹੋ ਦੇ ਰਾਜੇ ਨੂੰ ਆਖਿਆ ਗਿਆ ਕਿ ਵੇਖੋ, ਅੱਜ ਦੀ ਰਾਤ ਇਸਰਾਏਲੀਆਂ ਵਿੱਚੋਂ ਮਨੁੱਖ ਇਸ ਦੇਸ ਦਾ ਭੇਦ ਲੈਣ ਲਈ ਆਏ ਹੋਏ ਹਨ।
3ਤਦ ਯਰੀਹੋ ਦੇ ਰਾਜੇ ਨੇ ਰਾਹਾਬ ਨੂੰ ਸੁਨੇਹਾ ਭੇਜਿਆ ਕਿ ਉਹਨਾਂ ਮਨੁੱਖਾਂ ਨੂੰ ਲਿਆ ਜਿਹੜੇ ਤੇਰੇ ਕੋਲ ਆਏ ਹਨ ਅਤੇ ਤੇਰੇ ਘਰ ਵਿੱਚ ਠਹਿਰੇ ਹਨ ਕਿਉਂ ਜੋ ਉਹ ਸਾਰੇ ਦੇਸ ਦਾ ਭੇਤ ਲੈਣ ਆਏ ਹਨ।
4ਉਸ ਔਰਤ ਨੇ ਦੋਵੇਂ ਮਨੁੱਖਾਂ ਨੂੰ ਲੁਕਾ ਦਿੱਤਾ ਅਤੇ ਇਸ ਤਰ੍ਹਾਂ ਆਖਿਆ ਕਿ ਉਹ ਮਨੁੱਖ ਮੇਰੇ ਕੋਲ ਆਏ ਤਾਂ ਸਨ ਪਰ ਮੈਨੂੰ ਪਤਾ ਨਹੀਂ ਕਿ ਉਹ ਕਿੱਥੋਂ ਦੇ ਸਨ।
5ਜਦ ਹਨ੍ਹੇਰਾ ਹੋਇਆ ਅਤੇ ਫਾਟਕ ਬੰਦ ਕਰਨ ਦਾ ਵੇਲਾ ਸੀ ਤਾਂ ਉਹ ਮਨੁੱਖ ਨਿੱਕਲ ਗਏ ਅਤੇ ਇਹ ਮੈਨੂੰ ਪਤਾ ਨਹੀਂ ਕਿ ਉਹ ਮਨੁੱਖ ਕਿੱਥੇ ਚੱਲੇ ਗਏ। ਛੇਤੀ ਨਾਲ ਉਹਨਾਂ ਦਾ ਪਿੱਛਾ ਕਰੋ ਕਿਉਂਕਿ ਤੁਸੀਂ ਉਹਨਾਂ ਨੂੰ ਫੜ ਸਕਦੇ ਹੋ।
6ਪਰ ਉਹ ਉਹਨਾਂ ਨੂੰ ਛੱਤ ਉੱਤੇ ਲੈ ਗਈ ਅਤੇ ਬਾਲਣ ਦੀਆਂ ਲੱਕੜਾਂ ਦੇ ਹੇਠ ਜੋ ਛੱਤ ਉੱਤੇ ਰੱਖੀਆਂ ਸਨ ਲੁਕਾ ਦਿੱਤਾ।
7ਮਨੁੱਖ ਉਹਨਾਂ ਦੇ ਪਿੱਛੇ ਯਰਦਨ ਦੇ ਰਾਹ ਪੱਤਣ ਤੱਕ ਗਏ ਅਤੇ ਜਿਸ ਵੇਲੇ ਉਹਨਾਂ ਦਾ ਪਿੱਛਾ ਕਰਨ ਵਾਲੇ ਬਾਹਰ ਨਿੱਕਲ ਗਏ ਤਾਂ ਉਹਨਾਂ ਨੇ ਫਾਟਕ ਬੰਦ ਕਰ ਲਿਆ।
8ਉਹਨਾਂ ਦੇ ਸੌਣ ਤੋਂ ਪਹਿਲਾਂ ਉਹ ਉਹਨਾਂ ਕੋਲ ਛੱਤ ਉੱਤੇ ਗਈ।
9ਉਹਨਾਂ ਨੂੰ ਆਖਿਆ ਕਿ ਮੈਂ ਤਾਂ ਜਾਣਦੀ ਹਾਂ ਕਿ ਯਹੋਵਾਹ ਨੇ ਇਹ ਦੇਸ ਤੁਹਾਨੂੰ ਦੇ ਦਿੱਤਾ ਹੈ ਅਤੇ ਤੁਹਾਡਾ ਡਰ ਸਾਡੇ ਲੋਕਾਂ ਉੱਤੇ ਆ ਪਿਆ ਹੈ ਅਤੇ ਇਸ ਦੇਸ ਦੇ ਵਸਨੀਕ ਤੁਹਾਡੇ ਤੋਂ ਘਬਰਾ ਗਏ ਹਨ।
10ਕਿਉਂ ਜੋ ਅਸੀਂ ਸੁਣਿਆ ਹੈ ਕਿ ਜਿਸ ਵੇਲੇ ਤੁਸੀਂ ਮਿਸਰ ਵਿੱਚੋਂ ਨਿੱਕਲੇ ਤਾਂ ਯਹੋਵਾਹ ਨੇ ਤੁਹਾਡੇ ਸਾਹਮਣੇ ਲਾਲ ਸਮੁੰਦਰ ਦੇ ਪਾਣੀ ਨੂੰ ਕਿਵੇਂ ਸੁਕਾ ਦਿੱਤਾ ਅਤੇ ਤੁਸੀਂ ਅਮੋਰੀਆਂ ਦੇ ਦੋਹਾਂ ਰਾਜਿਆਂ ਨਾਲ ਅਰਥਾਤ ਸੀਹੋਨ ਅਤੇ ਓਗ ਨਾਲ ਜਿਹੜੇ ਯਰਦਨ ਦੇ ਉਸ ਪਾਸੇ ਸਨ ਕਿਵੇਂ ਵਰਤਾਓ ਕੀਤਾ ਜਿਨ੍ਹਾਂ ਨੂੰ ਤੁਸੀਂ ਮਾਰ ਸੁੱਟਿਆ।
11ਜਦ ਅਸੀਂ ਸੁਣਿਆ ਤਾਂ ਸਾਡੇ ਮਨ ਪਿਘਲ ਗਏ ਅਤੇ ਤੁਹਾਡੇ ਕਾਰਨ ਕਿਸੇ ਮਨੁੱਖ ਵਿੱਚ ਹਿੰਮਤ ਨਹੀਂ ਰਹੀ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਸਵਰਗ ਵਿੱਚ ਅਤੇ ਧਰਤੀ ਉੱਤੇ ਉਹੀ ਇੱਕੋ ਪਰਮੇਸ਼ੁਰ ਹੈ।
12ਇਸ ਲਈ ਹੁਣ ਤੁਸੀਂ ਮੇਰੇ ਨਾਲ ਯਹੋਵਾਹ ਦੀ ਸਹੁੰ ਖਾਓ ਇਸ ਲਈ ਕਿ ਜਿਵੇਂ ਤੁਹਾਡੇ ਉੱਤੇ ਮੈਂ ਦਯਾ ਕੀਤੀ ਹੈ, ਤੁਸੀਂ ਮੇਰੇ ਪਿਤਾ ਦੇ ਘਰਾਣੇ ਉੱਤੇ ਦਯਾ ਕਰੋਗੇ ਅਤੇ ਇੱਕ ਪੱਕੀ ਨਿਸ਼ਾਨੀ ਮੈਨੂੰ ਦਿਓ।
13ਕਿ ਮੇਰੇ ਪਿਤਾ, ਮੇਰੀ ਮਾਤਾ, ਮੇਰੇ ਭਰਾਵਾਂ, ਮੇਰੀਆਂ ਭੈਣਾਂ ਨੂੰ ਅਤੇ ਜੋ ਕੁਝ ਉਹਨਾਂ ਦਾ ਹੈ ਜੀਉਂਦਾ ਰੱਖੋਗੇ ਅਤੇ ਸਾਡੀਆਂ ਜਾਨਾਂ ਨੂੰ ਮੌਤ ਤੋਂ ਬਚਾਓਗੇ।
14ਉਹਨਾਂ ਮਨੁੱਖਾਂ ਨੇ ਉਹ ਨੂੰ ਆਖਿਆ, ਜੇਕਰ ਤੁਸੀਂ ਸਾਡੀ ਇਹ ਗੱਲ ਨਾ ਦੱਸੋ ਤਾਂ ਤੁਹਾਡੀ ਜਾਨ ਦੇ ਬਦਲੇ ਸਾਡੀ ਜਾਨ ਹੈ ਅਤੇ ਇਸ ਤਰ੍ਹਾਂ ਹੋਵੇਗਾ ਕਿ ਜਿਸ ਵੇਲੇ ਯਹੋਵਾਹ ਇਹ ਦੇਸ ਸਾਨੂੰ ਦੇ ਦੇਵੇ ਤਾਂ ਅਸੀਂ ਤੁਹਾਡੇ ਨਾਲ ਦਯਾ ਅਤੇ ਸਚਿਆਈ ਨਾਲ ਵਿਵਹਾਰ ਕਰਾਂਗੇ।
15ਉਹ ਨੇ ਉਹਨਾਂ ਨੂੰ ਰੱਸੇ ਨਾਲ ਖਿੜਕੀ ਦੇ ਵਿੱਚ ਦੀ ਉਤਾਰ ਦਿੱਤਾ ਕਿਉਂ ਜੋ ਉਹ ਦਾ ਘਰ ਸ਼ਹਿਰ ਦੀ ਚਾਰ-ਦੀਵਾਰੀ ਦੇ ਨਾਲ ਲੱਗਦਾ ਸੀ ਅਤੇ ਉਹ ਉਸੇ ਸ਼ਹਿਰ ਵਿੱਚ ਰਹਿੰਦੀ ਸੀ।
16ਉਸ ਨੇ ਉਹਨਾਂ ਨੂੰ ਆਖਿਆ, ਪਰਬਤ ਵੱਲ ਚਲੇ ਜਾਓ ਕਿਤੇ ਅਜਿਹਾ ਨਾ ਹੋਵੇ ਕਿ ਪਿੱਛਾ ਕਰਨ ਵਾਲੇ ਤੁਹਾਨੂੰ ਮਿਲ ਪੈਣ। ਇਸ ਲਈ ਤੁਸੀਂ ਤਿੰਨਾਂ ਦਿਨਾਂ ਤੱਕ ਆਪਣੇ ਆਪ ਨੂੰ ਲੁਕਾ ਛੱਡੋ ਜਦ ਤੱਕ ਪਿੱਛਾ ਕਰਨ ਵਾਲੇ ਨਾ ਮੁੜਨ ਉਸ ਦੇ ਪਿੱਛੋਂ ਤੁਸੀਂ ਆਪਣੇ ਰਾਹ ਚਲੇ ਜਾਇਓ।
17ਉਹਨਾਂ ਮਨੁੱਖਾਂ ਨੇ ਉਹ ਨੂੰ ਆਖਿਆ, ਇਸ ਸਹੁੰ ਤੋਂ ਜਿਹੜੀ ਤੂੰ ਸਾਨੂੰ ਖੁਆਈ ਹੈ ਅਸੀਂ ਬਰੀ ਹੋਵਾਂਗੇ।
18ਵੇਖ, ਜਦ ਅਸੀਂ ਇਸ ਦੇਸ ਵਿੱਚ ਆਵਾਂਗੇ ਤਾਂ ਇਹ ਲਾਲ ਸੂਤ ਦੀ ਡੋਰੀ ਇਸ ਖਿੜਕੀ ਨਾਲ ਬੰਨ੍ਹੀ ਜਿਹ ਦੇ ਵਿੱਚੋਂ ਦੀ ਤੂੰ ਸਾਨੂੰ ਉਤਾਰਿਆ ਹੈ ਅਤੇ ਆਪਣੇ ਪਿਤਾ, ਆਪਣੀ ਮਾਤਾ, ਆਪਣਿਆਂ ਭਰਾਵਾਂ ਅਤੇ ਆਪਣੇ ਪਿਤਾ ਦੇ ਸਾਰੇ ਘਰਾਣੇ ਨੂੰ ਆਪਣੇ ਕੋਲ ਘਰ ਵਿੱਚ ਇਕੱਠਿਆਂ ਕਰੀਂ।
19ਤਦ ਇਸ ਤਰ੍ਹਾਂ ਹੋਵੇਗਾ ਕਿ ਜੋ ਕੋਈ ਤੇਰੇ ਘਰ ਦੇ ਬੂਹੇ ਵਿੱਚੋਂ ਗਲੀ ਵਿੱਚ ਨਿੱਕਲ ਕੇ ਜਾਵੇਗਾ ਉਸ ਦਾ ਖੂਨ ਉਸ ਦੇ ਸਿਰ ਉੱਤੇ ਹੋਵੇਗਾ ਅਤੇ ਅਸੀਂ ਬੇਦੋਸ਼ ਹੋਵਾਂਗੇ ਅਤੇ ਜੇ ਕੋਈ ਤੇਰੇ ਕੋਲ ਘਰ ਵਿੱਚ ਹੋਵੇਗਾ ਉਸ ਦੇ ਉੱਤੇ ਜੇ ਕਿਸੇ ਦਾ ਹੱਥ ਉੱਠੇਗਾ ਤਾਂ ਉਸ ਦਾ ਖੂਨ ਸਾਡੇ ਸਿਰ ਉੱਤੇ ਹੋਵੇਗਾ।
20ਜੇਕਰ ਤੂੰ ਸਾਡੀ ਇਹ ਗੱਲ ਦੱਸ ਦੇਵੇਂਗੀ ਤਾਂ ਉਸ ਸਹੁੰ ਤੋਂ ਜਿਹੜੀ ਤੂੰ ਸਾਨੂੰ ਖੁਆਈ ਹੈ ਅਸੀਂ ਬਰੀ ਹੋਵਾਂਗੇ।
21ਉਸ ਨੇ ਆਖਿਆ, ਤੁਹਾਡੀ ਗੱਲ ਅਨੁਸਾਰ ਹੋਵੇ। ਸੋ ਉਹ ਨੇ ਉਹਨਾਂ ਨੂੰ ਭੇਜ ਦਿੱਤਾ ਤਾਂ ਉਹ ਚਲੇ ਗਏ ਅਤੇ ਉਹ ਨੇ ਲਾਲ ਸੂਤ ਦੀ ਡੋਰੀ ਖਿੜਕੀ ਨਾਲ ਬੰਨ੍ਹ ਦਿੱਤੀ।
22ਤਾਂ ਉਹ ਤੁਰ ਕੇ ਪਰਬਤ ਵੱਲ ਗਏ ਅਤੇ ਉੱਥੇ ਤਿੰਨ ਦਿਨ ਰਹੇ ਜਦ ਤੱਕ ਉਹਨਾਂ ਦਾ ਪਿੱਛਾ ਕਰਨ ਵਾਲੇ ਨਾ ਮੁੜੇ ਅਤੇ ਪਿੱਛਾ ਕਰਨ ਵਾਲਿਆਂ ਨੇ ਉਹਨਾਂ ਨੂੰ ਸਾਰੇ ਰਾਹ ਵਿੱਚ ਲੱਭਿਆ ਪਰ ਉਹ ਨਾ ਲੱਭੇ।
23ਤਾਂ ਉਹ ਦੋਵੇਂ ਮਨੁੱਖ ਮੁੜੇ ਅਤੇ ਪਹਾੜੋਂ ਉਤਰੇ ਅਤੇ ਪਾਰ ਲੰਘ ਕੇ ਨੂਨ ਦੇ ਪੁੱਤਰ ਯਹੋਸ਼ੁਆ ਕੋਲ ਆਏ ਤਾਂ ਸਾਰੀਆਂ ਗੱਲਾਂ ਜੋ ਉਹਨਾਂ ਨਾਲ ਹੋਈਆਂ ਸਨ ਉਹ ਨੂੰ ਦੱਸੀਆਂ।
24ਅਤੇ ਉਹਨਾਂ ਨੇ ਯਹੋਸ਼ੁਆ ਨੂੰ ਆਖਿਆ, ਸੱਚ-ਮੁੱਚ ਯਹੋਵਾਹ ਨੇ ਇਹ ਸਾਰਾ ਦੇਸ ਸਾਡੇ ਹੱਥ ਵਿੱਚ ਦੇ ਦਿੱਤਾ ਹੈ ਕਿਉਂ ਜੋ ਇਸ ਦੇਸ ਦੇ ਸਾਰੇ ਵਸਨੀਕ ਸਾਡੇ ਤੋਂ ਘਬਰਾ ਗਏ ਹਨ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।