ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

ਅੱਯੂਬ 34

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਤਦ ਅਲੀਹੂ ਨੇ ਇਹ ਉੱਤਰ ਦਿੱਤਾ,
2“ਹੇ ਬੁੱਧਵਾਨੋ! ਮੇਰੀਆਂ ਗੱਲਾਂ ਸੁਣੋ, ਹੇ ਗਿਆਨ ਵਾਲਿਓ! ਮੇਰੇ ਵੱਲ ਕੰਨ ਲਾਓ।
3ਕਿਉਂ ਜੋ ਕੰਨ ਗੱਲਾਂ ਨੂੰ ਪਰਖਦੇ ਹਨ ਜਿਵੇਂ ਜੀਭ ਭੋਜਨ ਦੇ ਸੁਆਦ ਨੂੰ।
4ਜੋ ਠੀਕ ਹੈ ਅਸੀਂ ਆਪਣੇ ਲਈ ਚੁਣ ਲਈਏ, ਅਤੇ ਜੋ ਚੰਗਾ ਹੈ ਅਸੀਂ ਆਪਸ ਵਿੱਚ ਜਾਣ ਲਈਏ।
5“ਕਿਉਂ ਜੋ ਅੱਯੂਬ ਨੇ ਆਖਿਆ ਹੈ ਕਿ ਮੈਂ ਨਿਰਦੋਸ਼ ਹਾਂ ਅਤੇ ਪਰਮੇਸ਼ੁਰ ਮੇਰਾ ਨਿਆਂ ਕਰਨ ਤੋਂ ਮੁੱਕਰ ਗਿਆ ਹੈ।
6ਭਾਵੇਂ ਮੈਂ ਸੱਚਾ ਹਾਂ ਪਰ ਫੇਰ ਵੀ ਝੂਠਾ ਠਹਿਰਦਾ ਹਾਂ, ਭਾਵੇਂ ਮੈਂ ਬੇਦੋਸ਼ਾ ਹੀ ਹਾਂ, ਫੇਰ ਵੀ ਮੇਰਾ ਫੱਟ ਅਸਾਧ ਹੈ।
7ਅੱਯੂਬ ਵਰਗਾ ਕਿਹੜਾ ਮਨੁੱਖ ਹੈ, ਜਿਹੜਾ ਠੱਠਿਆਂ ਨੂੰ ਪਾਣੀ ਵਾਂਗੂੰ ਪੀਂਦਾ ਹੈ,
8ਅਤੇ ਕੁਕਰਮੀਆਂ ਦੀ ਸੰਗਤ ਵਿੱਚ ਚੱਲਦਾ, ਅਤੇ ਦੁਸ਼ਟ ਮਨੁੱਖਾਂ ਨਾਲ ਫਿਰਦਾ ਹੈ?
9ਕਿਉਂ ਜੋ ਉਸ ਨੇ ਆਖਿਆ ਹੈ ਕਿ ਮਨੁੱਖ ਨੂੰ ਇਸ ਤੋਂ ਕੁਝ ਲਾਭ ਨਹੀਂ ਕਿ ਉਹ ਪਰਮੇਸ਼ੁਰ ਨਾਲ ਮਗਨ ਰਹੇ!
10“ਇਸ ਲਈ ਹੇ ਬੁੱਧਵਾਨੋ, ਮੇਰੀ ਸੁਣੋ! ਇਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ ਕਰੇ!
11ਕਿਉਂ ਜੋ ਉਹ ਮਨੁੱਖ ਦੇ ਕੰਮਾਂ ਦੇ ਅਨੁਸਾਰ ਉਸ ਨੂੰ ਬਦਲਾ ਦੇਵੇਗਾ, ਅਤੇ ਹਰੇਕ ਮਨੁੱਖ ਨੂੰ ਉਸ ਦੇ ਚਾਲ-ਚੱਲਣ ਅਨੁਸਾਰ ਫਲ ਦੁਆਉਂਦਾ ਹੈ।
12ਇਹ ਸੱਚੀ ਗੱਲ ਹੈ ਕਿ ਨਾ ਤਾਂ ਪਰਮੇਸ਼ੁਰ ਦੁਸ਼ਟਪੁਣਾ ਕਰਦਾ ਅਤੇ ਨਾ ਹੀ ਸਰਬ ਸ਼ਕਤੀਮਾਨ ਪੁੱਠੇ ਨਿਆਂ ਕਰਦਾ ਹੈ।
13ਕਿਸ ਨੇ ਉਸ ਨੂੰ ਧਰਤੀ ਉੱਤੇ ਇਖ਼ਤਿਆਰ ਦਿੱਤਾ, ਕਿਸ ਨੇ ਸਾਰੇ ਜਗਤ ਉੱਤੇ ਉਸ ਨੂੰ ਠਹਿਰਾਇਆ?
14ਜੇ ਉਹ ਮਨੁੱਖ ਤੋਂ ਆਪਣਾ ਮਨ ਫੇਰ ਲਵੇ, ਜੇ ਉਹ ਉਸ ਦਾ ਆਤਮਾ ਅਤੇ ਉਸ ਦਾ ਸਾਹ ਆਪਣੇ ਕੋਲ ਇਕੱਠਾ ਕਰ ਲਵੇ,
15ਤਾਂ ਸਾਰੀ ਮਨੁੱਖ ਜਾਤੀ ਇਕੱਠੀ ਹੀ ਨਾਸ ਹੋ ਜਾਵੇਗੀ, ਅਤੇ ਮਨੁੱਖ ਫਿਰ ਮਿੱਟੀ ਵਿੱਚ ਰਲ ਜਾਵੇਗਾ।
16“ਜੇ ਸਮਝ ਹੈ ਤਾਂ ਇਸ ਨੂੰ ਸੁਣ, ਅਤੇ ਆਪਣਾ ਕੰਨ ਮੇਰੀਆਂ ਗੱਲਾਂ ਵੱਲ ਲਾ!
17ਕੀ ਜਿਹੜਾ ਨਿਆਂ ਨਾਲ ਘਿਣ ਕਰਦਾ ਹੈ, ਰਾਜ ਕਰੇਗਾ? ਕੀ ਤੂੰ ਧਰਮੀ ਅਤੇ ਖਰੇ ਨੂੰ ਦੋਸ਼ੀ ਠਹਿਰਾਵੇਂਗਾ?
18ਭਲਾ, ਰਾਜੇ ਨੂੰ ਕਦੀ ਆਖੀਦਾ ਹੈ ਕਿ ਤੂੰ ਨਿਕੰਮਾ ਹੈਂ! ਜਾਂ ਪਤਵੰਤ ਨੂੰ ਕਿ ਤੁਸੀਂ ਦੁਸ਼ਟ ਹੋ?
19ਜਿਹੜਾ ਹਾਕਮਾਂ ਦਾ ਪੱਖਪਾਤ ਨਹੀਂ ਕਰਦਾ, ਨਾ ਧਨੀ ਨੂੰ ਗ਼ਰੀਬ ਨਾਲੋਂ ਵੱਧ ਮੰਨਦਾ ਹੈ, ਕਿਉਂ ਜੋ ਉਹ ਸਾਰੇ ਦੇ ਸਾਰੇ ਉਹ ਦੇ ਹੱਥਾਂ ਦਾ ਕੰਮ ਹਨ!
20ਉਹ ਇੱਕ ਦਮ ਅੱਧੀ ਰਾਤ ਨੂੰ ਮਰ ਜਾਂਦੇ, ਪਰਜਾ ਦੇ ਲੋਕ ਹਿਲਾਏ ਜਾਂਦੇ ਤੇ ਲੰਘ ਜਾਂਦੇ ਹਨ, ਅਤੇ ਜ਼ੋਰਾਵਰ ਬਿਨ੍ਹਾਂ ਹੱਥ ਲਾਏ ਚਲੇ ਜਾਂਦੇ ਹਨ।
21“ਕਿਉਂ ਜੋ ਪਰਮੇਸ਼ੁਰ ਦੀਆਂ ਅੱਖਾਂ ਮਨੁੱਖਾਂ ਦੇ ਮਾਰਗਾਂ ਉੱਤੇ ਲੱਗੀਆਂ ਰਹਿੰਦੀਆਂ ਹਨ, ਉਹ ਉਸ ਦੇ ਸਾਰੇ ਕਦਮਾਂ ਨੂੰ ਵੇਖਦਾ ਹੈ।
22ਅਜਿਹਾ ਕੋਈ ਹਨ੍ਹੇਰਾ ਜਾਂ ਘੁੱਪ ਹਨ੍ਹੇਰਾ ਨਹੀਂ, ਜਿੱਥੇ ਕੁਕਰਮੀ ਲੁੱਕ ਜਾਣ,
23ਕਿਉਂ ਜੋ ਉਸ ਨੇ ਅਜੇ ਕਿਸੇ ਮਨੁੱਖ ਲਈ ਵੇਲਾ ਨਹੀਂ ਠਹਿਰਾਇਆ, ਕਿ ਪਰਮੇਸ਼ੁਰ ਕੋਲ ਨਿਆਂ ਲਈ ਜਾਵੇ।
24ਉਹ ਜ਼ੋਰਾਵਰਾਂ ਨੂੰ ਬਿਨ੍ਹਾਂ ਪੁੱਛ-ਗਿੱਛ ਦੇ ਚੂਰ-ਚੂਰ ਕਰ ਦਿੰਦਾ ਹੈ, ਅਤੇ ਉਹਨਾਂ ਦੇ ਥਾਂ ਦੂਜਿਆਂ ਨੂੰ ਖੜ੍ਹਾ ਕਰਦਾ ਹੈ।
25ਕਿਉਂ ਜੋ ਉਹ ਉਹਨਾਂ ਦੇ ਕੰਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਉਹ ਉਹਨਾਂ ਨੂੰ ਰਾਤ ਨੂੰ ਉਲੱਦ ਦਿੰਦਾ ਹੈ ਕਿ ਉਹ ਭੰਨੇ ਜਾਂਦੇ ਹਨ।
26ਉਹ ਉਹਨਾਂ ਨੂੰ ਸਭਨਾਂ ਦੇ ਵੇਖਦਿਆਂ ਦੁਸ਼ਟਾਂ ਵਾਂਗੂੰ ਮਾਰਦਾ ਹੈ,
27ਇਸ ਲਈ ਕਿ ਉਹ ਉਸ ਦੇ ਪਿੱਛੇ ਚੱਲਣ ਤੋਂ ਫਿਰ ਗਏ, ਅਤੇ ਉਹਨਾਂ ਨੇ ਉਸ ਦੇ ਕਿਸੇ ਰਾਹ ਦੀ ਪਰਵਾਹ ਨਹੀਂ ਕੀਤੀ,
28ਇੱਥੋਂ ਤੱਕ ਕਿ ਉਹਨਾਂ ਦੇ ਕਾਰਨ ਗਰੀਬਾਂ ਦੀ ਦੁਹਾਈ ਉਹ ਦੇ ਕੋਲ ਪਹੁੰਚੀ, ਅਤੇ ਮਸਕੀਨਾਂ ਦੀ ਦੁਹਾਈ ਉਸ ਨੇ ਸੁਣੀ।
29ਜਦ ਉਹ ਚੁੱਪ ਰਹਿੰਦਾ ਹੈ ਤਾਂ ਕੌਣ ਉਸ ਨੂੰ ਦੋਸ਼ੀ ਠਹਿਰਾ ਸਕਦਾ ਹੈ ਜਦ ਉਹ ਆਪਣਾ ਮੂੰਹ ਫੇਰ ਲਵੇ ਤਾਂ ਕੌਣ ਉਸ ਦਾ ਦਰਸ਼ਣ ਪਵੇਗਾ? ਭਾਵੇਂ ਕੌਮ ਲਈ ਭਾਵੇਂ ਇੱਕ ਮਨੁੱਖ ਲਈ, ਉਹ ਦੋਹਾਂ ਨਾਲ ਇੱਕੋ ਜਿਹਾ ਵਿਹਾਰ ਕਰਦਾ ਹੈ,
30ਤਾਂ ਜੋ ਅਧਰਮੀ ਮਨੁੱਖ ਰਾਜ ਨਾ ਕਰੇ, ਨਾ ਲੋਕਾਂ ਨੂੰ ਆਪਣੇ ਜਾਲ਼ ਵਿੱਚ ਫ਼ਸਾਵੇ।
31“ਭਲਾ, ਕਦੀ ਕਿਸੇ ਨੇ ਪਰਮੇਸ਼ੁਰ ਨੂੰ ਆਖਿਆ, ਮੈਂ ਦੰਡ ਝੱਲ ਲਿਆ ਹੈ, ਮੈਂ ਫੇਰ ਬਦੀ ਨਾ ਕਰਾਂਗਾ?
32ਜੋ ਮੈਂ ਸਮਝ ਨਹੀਂ ਸਕਦਾ ਤੂੰ ਉਹ ਮੈਨੂੰ ਸਿਖਾ, ਜੇ ਮੈਂ ਬੁਰਿਆਈ ਕੀਤੀ ਹੋਵੇ ਤਾਂ ਮੈਂ ਫਿਰ ਨਹੀਂ ਕਰਾਂਗਾ?
33ਕੀ ਪਰਮੇਸ਼ੁਰ ਤੈਨੂੰ ਤੇਰੀ ਇੱਛਿਆ ਅਨੁਸਾਰ ਫਲ ਦੇਵੇ ਜਦ ਕਿ ਤੂੰ ਉਸ ਵੱਲ ਫਿਰਨ ਤੋਂ ਇਨਕਾਰ ਕਰਦਾ ਹੈਂ? ਕਿਉਂ ਜੋ ਇਸ ਦੀ ਚੋਣ ਤੂੰ ਕਰਨੀ ਹੈ ਨਾ ਕਿ ਮੈਂ, ਸੋ ਜੋ ਤੂੰ ਜਾਣਦਾ ਹੈ ਬੋਲ ਦੇ!
34“ਗਿਆਨਵਾਨ ਮੈਨੂੰ ਆਖਣਗੇ, ਸਗੋਂ ਬੁੱਧਵਾਨ ਮਨੁੱਖ ਮੇਰੀ ਸੁਣ ਕੇ ਕਹਿਣਗੇ,
35ਅੱਯੂਬ ਬਿਨ੍ਹਾਂ ਸਮਝ ਦੇ ਬੋਲਦਾ ਹੈ, ਅਤੇ ਉਸ ਦਾ ਬੋਲ ਗਿਆਨ ਰਹਿਤ ਹੈ!
36ਕਾਸ਼ ਕਿ ਅੱਯੂਬ ਅੰਤ ਤੱਕ ਪਰਤਾਇਆ ਜਾਂਦਾ, ਕਿਉਂਕਿ ਉਹ ਕੁਕਰਮੀਆਂ ਵਾਂਗੂੰ ਉੱਤਰ ਦਿੰਦਾ ਹੈ!
37ਉਹ ਤਾਂ ਆਪਣੇ ਪਾਪ ਉੱਤੇ ਅਪਰਾਧ ਜੋੜਦਾ ਹੈ, ਸਾਡੇ ਵਿਰੁੱਧ ਤਾੜੀ ਮਾਰਦਾ ਹੈ, ਅਤੇ ਪਰਮੇਸ਼ੁਰ ਦੇ ਵਿਰੁੱਧ ਆਪਣੀਆਂ ਗੱਲਾਂ ਵਧਾਈ ਜਾਂਦਾ ਹੈ।”
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।