ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

ਯਿਰਮਿਯਾਹ 34

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਆਇਆ ਜਦ ਬਾਬਲ ਦਾ ਰਾਜਾ ਨਬੂਕਦਨੱਸਰ, ਉਹ ਦੀ ਸਾਰੀ ਫੌਜ ਅਤੇ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਿਹੜੀਆਂ ਉਹ ਦੇ ਹੁਕਮ ਵਿੱਚ ਸਨ ਅਤੇ ਸਾਰੀਆਂ ਉੱਮਤਾਂ ਯਰੂਸ਼ਲਮ ਦੇ ਵਿਰੁੱਧ ਅਤੇ ਉਹ ਦੇ ਸਾਰੇ ਸ਼ਹਿਰਾਂ ਦੇ ਵਿਰੁੱਧ ਲੜਦੀਆਂ ਸਨ ਕਿ
2ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, ਜਾ ਅਤੇ ਤੂੰ ਯਹੂਦਾਹ ਦੇ ਰਾਜਾ ਸਿਦਕੀਯਾਹ ਨੂੰ ਆਖ ਅਤੇ ਉਹ ਨੂੰ ਦੱਸ, ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਵੇਖ, ਮੈਂ ਇਹ ਸ਼ਹਿਰ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿੰਦਾ ਹਾਂ ਅਤੇ ਉਹ ਇਸ ਨੂੰ ਅੱਗ ਨਾਲ ਸਾੜ ਦੇਵੇਗਾ
3ਤੂੰ ਉਹ ਦੇ ਹੱਥੋਂ ਨਾ ਬਚੇਗਾ ਸਗੋਂ ਜ਼ਰੂਰ ਫੜਿਆ ਜਾਵੇਂਗਾ ਅਤੇ ਉਹ ਦੇ ਹੱਥ ਵਿੱਚ ਸੌਂਪਿਆ ਜਾਵੇਂਗਾ। ਤੇਰੀਆਂ ਅੱਖਾਂ ਬਾਬਲ ਦੇ ਰਾਜਾ ਨੂੰ ਵੇਖਣਗੀਆਂ, ਅਤੇ ਉਹ ਮੂੰਹ ਦਰ ਮੂੰਹ ਤੇਰੇ ਨਾਲ ਗੱਲਾਂ ਕਰੇਗਾ ਅਤੇ ਤੂੰ ਬਾਬਲ ਨੂੰ ਜਾਵੇਂਗਾ
4ਪਰ ਹੇ ਯਹੂਦਾਹ ਦੇ ਰਾਜਾ ਸਿਦਕੀਯਾਹ, ਯਹੋਵਾਹ ਦਾ ਬਚਨ ਸੁਣ! ਯਹੋਵਾਹ ਤੇਰੇ ਬਾਰੇ ਐਉਂ ਆਖਦਾ ਹੈ ਕਿ ਤੂੰ ਤਲਵਾਰ ਨਾਲ ਨਾ ਮਰੇਂਗਾ
5ਸਗੋਂ ਤੂੰ ਸ਼ਾਂਤੀ ਨਾਲ ਮਰੇਂਗਾ ਅਤੇ ਜਿਵੇਂ ਤੇਰੇ ਪੁਰਖਿਆਂ ਲਈ ਜਿਹੜੇ ਤੈਥੋਂ ਪਹਿਲਾਂ ਰਾਜਾ ਹਨ ਉਹ ਖੁਸ਼ਬੋਈਆਂ ਜਲਾਉਂਦੇ ਸਨ ਤਿਵੇਂ ਤੇਰੇ ਲਈ ਖੁਸ਼ਬੋਈਆਂ ਜਲਾਉਣਗੇ ਅਤੇ ਤੇਰੇ ਲਈ ਸਿਆਪਾ ਕਰਨਗੇ ਕਿ ਹਾਏ ਸਾਡੇ ਮਾਲਕ! ਕਿਉਂ ਜੋ ਇਹ ਗੱਲ ਮੈਂ ਆਖੀ ਹੈ, ਯਹੋਵਾਹ ਦਾ ਵਾਕ ਹੈ।
6ਤਦ ਯਿਰਮਿਯਾਹ ਨਬੀ ਨੇ ਇਹ ਸਾਰੀਆਂ ਗੱਲਾਂ ਯਰੂਸ਼ਲਮ ਵਿੱਚ ਯਹੂਦਾਹ ਦੇ ਰਾਜਾ ਸਿਦਕੀਯਾਹ ਨੂੰ ਆਖੀਆਂ
7ਜਦ ਬਾਬਲ ਦੇ ਰਾਜਾ ਦੀ ਫੌਜ ਯਰੂਸ਼ਲਮ ਦੇ ਵਿਰੁੱਧ ਅਤੇ ਯਹੂਦਾਹ ਦੇ ਸਾਰੇ ਬਚੇ ਹੋਏ ਸ਼ਹਿਰਾਂ ਦੇ ਵਿਰੁੱਧ ਅਤੇ ਲਾਕੀਸ਼ ਅਤੇ ਅਜ਼ੇਕਾਹ ਨਾਲ ਲੜਦੀ ਸੀ, ਕਿਉਂ ਜੋ ਯਹੂਦਾਹ ਦੇ ਸ਼ਹਿਰਾਂ ਵਿੱਚ ਇਹੋ ਹੀ ਗੜ੍ਹ ਵਾਲੇ ਸ਼ਹਿਰ ਸਨ ਜਿਹੜੇ ਬਚ ਰਹੇ ਸਨ।
8ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਆਇਆ ਉਸ ਦੇ ਪਿੱਛੋਂ ਕਿ ਸਿਦਕੀਯਾਹ ਰਾਜਾ ਨੇ ਯਰੂਸ਼ਲਮ ਦੇ ਸਾਰੇ ਲੋਕਾਂ ਨਾਲ ਨੇਮ ਬੰਨ੍ਹ ਕੇ ਉਹਨਾਂ ਦੀ ਅਜ਼ਾਦੀ ਦੀ ਡੌਂਡੀ ਪਿਟਵਾਈ
9ਭਈ ਹਰੇਕ ਮਨੁੱਖ ਆਪਣੇ ਦਾਸ ਨੂੰ ਅਤੇ ਹਰੇਕ ਆਪਣੀ ਦਾਸੀ ਨੂੰ ਜੋ ਇਬਰਾਨੀ ਜਾਂ ਇਬਰਾਨਣ ਹੋਵੇ ਆਜ਼ਾਦ ਕਰਕੇ ਛੱਡ ਦੇਵੇ ਅਤੇ ਕੋਈ ਮਨੁੱਖ ਆਪਣੇ ਯਹੂਦੀ ਭਰਾ ਨੂੰ ਗ਼ੁਲਾਮ ਨਾ ਰੱਖੇ
10ਤਾਂ ਸਾਰੇ ਸਰਦਾਰਾਂ ਅਤੇ ਸਾਰੇ ਲੋਕਾਂ ਨੇ ਜਿਹੜੇ ਇਸ ਨੇਮ ਵਿੱਚ ਆਏ ਹੋਏ ਸਨ ਮੰਨ ਲਿਆ ਭਈ ਹਰੇਕ ਆਪਣੇ ਦਾਸ ਨੂੰ ਅਜ਼ਾਦ ਕਰਕੇ ਛੱਡ ਦੇਵੇ ਅਤੇ ਅੱਗੇ ਨੂੰ ਉਹਨਾਂ ਨੂੰ ਗ਼ੁਲਾਮ ਨਾ ਰੱਖੇ। ਸੋ ਉਹਨਾਂ ਨੇ ਇਹ ਮੰਨ ਲਿਆ ਅਤੇ ਉਹਨਾਂ ਨੂੰ ਛੱਡ ਦਿੱਤਾ
11ਪਰ ਇਸ ਦੇ ਪਿੱਛੋਂ ਉਹ ਫਿਰ ਗਏ ਅਤੇ ਦਾਸਾਂ ਅਤੇ ਦਾਸੀਆਂ ਨੂੰ ਫੇਰ ਲੈ ਆਏ ਜਿਹਨਾਂ ਨੂੰ ਅਜ਼ਾਦ ਕਰਕੇ ਛੱਡਿਆ ਸੀ ਅਤੇ ਉਹਨਾਂ ਨੂੰ ਫਿਰ ਦਾਸ ਅਤੇ ਦਾਸੀਆਂ ਜਬਰਨ ਬਣਾਇਆ।
12ਤਾਂ ਯਿਰਮਿਯਾਹ ਨੂੰ ਯਹੋਵਾਹ ਦਾ ਬਚਨ ਯਹੋਵਾਹ ਵੱਲੋਂ ਆਇਆ ਕਿ
13ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਭਈ ਮੈਂ ਤੁਹਾਡੇ ਪੁਰਖਿਆਂ ਨਾਲ ਉਸ ਦਿਨ ਜਦ ਮੈਂ ਉਹਨਾਂ ਨੂੰ ਮਿਸਰ ਦੇਸ ਤੋਂ ਅਤੇ ਗੁਲਾਮੀ ਦੇ ਘਰ ਤੋਂ ਕੱਢ ਲਿਆਂਦਾ ਇੱਕ ਨੇਮ ਬੰਨ੍ਹਿਆ ਸੀ ਕਿ
14ਸੱਤਾਂ ਵਰਿਹਾਂ ਦੇ ਅੰਤ ਵਿੱਚ ਤੁਹਾਡੇ ਵਿੱਚੋਂ ਹਰੇਕ ਆਪਣੇ ਇਬਰਾਨੀ ਭਰਾ ਨੂੰ ਜਿਹੜਾ ਉਹ ਦੇ ਹੱਥ ਵੇਚਿਆ ਗਿਆ ਅਜ਼ਾਦ ਕਰਕੇ ਛੱਡ ਦੇਵੇ। ਜਦ ਉਸ ਛੇਆਂ ਵਰਿਹਾਂ ਤੱਕ ਉਹ ਦੀ ਟਹਿਲ ਕੀਤੀ ਹੋਵੇ ਤਾਂ ਉਹ ਉਸ ਨੂੰ ਅਜ਼ਾਦ ਕਰਕੇ ਛੱਡ ਦੇਵੇ, ਪਰ ਤੁਹਾਡੇ ਪੁਰਖਿਆਂ ਨੇ ਮੇਰੀ ਨਾ ਸੁਣੀ, ਨਾ ਆਪਣਾ ਕੰਨ ਲਾਇਆ
15ਹੁਣ ਤੁਸੀਂ ਫਿਰੇ ਸੀ ਅਤੇ ਉਹੋ ਕੀਤਾ ਜੋ ਮੇਰੀ ਨਿਗਾਹ ਵਿੱਚ ਠੀਕ ਸੀ ਕਿ ਹਰੇਕ ਨੇ ਆਪਣੇ ਗੁਆਂਢੀ ਕੋਲ ਅਜ਼ਾਦੀ ਦੀ ਡੌਂਡੀ ਪਿੱਟੀ ਅਤੇ ਤੁਸੀਂ ਇਸ ਭਵਨ ਵਿੱਚ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਮੇਰੇ ਸਨਮੁਖ ਮੇਰੇ ਨਾਲ ਨੇਮ ਬੰਨ੍ਹਿਆ
16ਪਰ ਤੁਸੀਂ ਫਿਰ ਗਏ ਅਤੇ ਨਾਮ ਨੂੰ ਪਲੀਤ ਕੀਤਾ ਜਦ ਹਰੇਕ ਨੇ ਆਪਣੇ ਦਾਸ ਨੂੰ ਅਤੇ ਹਰੇਕ ਨੇ ਆਪਣੀ ਗੋਲੀ ਨੂੰ ਜਿਹਨਾਂ ਨੂੰ ਤੁਸੀਂ ਅਜ਼ਾਦ ਕਰਕੇ ਉਹਨਾਂ ਦੀ ਮਰਜ਼ੀ ਅਨੁਸਾਰ ਛੱਡ ਦਿੱਤਾ ਸੀ ਮੋੜ ਲਿਆ ਅਤੇ ਫਿਰ ਆਪਣੇ ਵੱਸ ਵਿੱਚ ਕਰ ਲਿਆ ਕਿ ਉਹ ਤੁਹਾਡੇ ਦਾਸ ਗੋਲੀਆਂ ਰਹਿਣ।
17ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਮੇਰੀ ਨਾ ਸੁਣੀ ਭਈ ਹਰੇਕ ਆਪਣੇ ਭਰਾ ਕੋਲ ਅਤੇ ਹਰੇਕ ਆਪਣੇ ਗੁਆਂਢੀ ਕੋਲ ਅਜ਼ਾਦੀ ਦੀ ਡੌਂਡੀ ਪਿੱਟੇ। ਵੇਖੋ, ਮੈਂ ਤੁਹਾਡੇ ਲਈ ਤਲਵਾਰ, ਕਾਲ ਅਤੇ ਬਵਾ ਲਈ ਅਜ਼ਾਦੀ ਦੀ ਡੌਂਡੀ ਪਿੱਟਦਾ ਹਾਂ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਵਿੱਚ ਹੌਲ ਦਾ ਕਾਰਨ ਬਣਾਵਾਂਗਾ
18ਮੈਂ ਉਹਨਾਂ ਮਨੁੱਖਾਂ ਨੂੰ ਜਿਹਨਾਂ ਮੇਰੇ ਨਾਮ ਨੂੰ ਉਲੰਘਿਆ ਅਤੇ ਉਸ ਨੇਮ ਦੀਆਂ ਗੱਲਾਂ ਨੂੰ ਕਾਇਮ ਨਾ ਰੱਖਿਆ ਜਿਹੜਾ ਉਹਨਾਂ ਮੇਰੇ ਅੱਗੇ ਬੰਨ੍ਹਿਆ ਸੀ ਉਸ ਵੱਛੇ ਵਾਂਗੂੰ ਕਰਾਂਗਾ ਜਿਹ ਨੂੰ ਉਹਨਾਂ ਨੇ ਕੱਟ ਕੇ ਦੋ ਟੋਟੇ ਕੀਤਾ ਅਤੇ ਦੋਹਾਂ ਟੋਟਿਆਂ ਦੇ ਵਿੱਚ ਦੀ ਲੰਘ ਗਏ
19ਅਰਥਾਤ ਯਹੂਦਾਹ ਦੇ ਸਰਦਾਰਾਂ ਨੂੰ, ਯਰੂਸ਼ਲਮ ਦੇ ਸਰਦਾਰਾਂ ਨੂੰ, ਖੁਸਰੇ, ਜਾਜਕ ਅਤੇ ਦੇਸ ਦੇ ਸਾਰੇ ਲੋਕਾਂ ਨੂੰ ਜਿਹੜੇ ਉਸ ਵੱਛੇ ਦੇ ਟੋਟਿਆਂ ਦੇ ਵਿੱਚ ਦੀ ਲੰਘ ਗਏ
20ਮੈਂ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਹੱਥ ਵਿੱਚ ਅਤੇ ਉਹਨਾਂ ਦੇ ਹੱਥ ਵਿੱਚ ਦਿਆਂਗਾ, ਜੋ ਉਹਨਾਂ ਦੀ ਜਾਨ ਦੇ ਖੋਜ਼ੀ ਹਨ ਅਤੇ ਉਹਨਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਦਰਿੰਦਿਆਂ ਦਾ ਖਾਜਾ ਹੋਣਗੀਆਂ!
21ਅਤੇ ਮੈਂ ਯਹੂਦਾਹ ਦੇ ਰਾਜਾ ਸਿਦਕੀਯਾਹ ਨੂੰ ਅਤੇ ਉਹ ਦੇ ਸਰਦਾਰਾਂ ਨੂੰ ਉਹ ਦੇ ਵੈਰੀਆਂ ਦੇ ਹੱਥ ਵਿੱਚ ਅਤੇ ਉਹਨਾਂ ਦੇ ਹੱਥ ਵਿੱਚ ਦਿਆਂਗਾ, ਜੋ ਉਹਨਾਂ ਦੀ ਜਾਨ ਦੇ ਖੋਜ਼ੀ ਹਨ, ਬਾਬਲ ਦੇ ਰਾਜਾ ਦੀ ਫੌਜ ਦੇ ਹੱਥ ਵਿੱਚ ਦੇ ਦਿਆਂਗਾ ਜਿਹੜੇ ਤੁਹਾਨੂੰ ਛੱਡ ਕੇ ਤੁਰ ਗਏ
22ਵੇਖ, ਮੈਂ ਹੁਕਮ ਦਿਆਂਗਾ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਉਹਨਾਂ ਨੂੰ ਇਸ ਸ਼ਹਿਰ ਵੱਲ ਮੋੜ ਲਿਆਵਾਂਗਾ। ਉਹ ਇਹ ਦੇ ਵਿਰੁੱਧ ਲੜਨਗੇ ਅਤੇ ਇਹ ਨੂੰ ਲੈ ਲੈਣਗੇ ਅਤੇ ਇਹ ਨੂੰ ਅੱਗ ਨਾਲ ਸਾੜ ਦੇਣਗੇ ਅਤੇ ਮੈਂ ਯਹੂਦਾਹ ਦੇ ਸ਼ਹਿਰਾਂ ਨੂੰ ਵਿਰਾਨ ਕਰ ਦਿਆਂਗਾ ਭਈ ਉਹਨਾਂ ਵਿੱਚ ਕੋਈ ਵੱਸਣ ਵਾਲਾ ਨਾ ਰਹੇ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।