ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

ਯਸਾਯਾਹ 51

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਹੇ ਧਰਮ ਉੱਤੇ ਚੱਲਣ ਵਾਲਿਓ, ਹੇ ਯਹੋਵਾਹ ਨੂੰ ਭਾਲਣ ਵਾਲਿਓ, ਮੇਰੀ ਸੁਣੋ! ਉਸ ਚੱਟਾਨ ਵੱਲ ਜਿੱਥੋਂ ਤੁਸੀਂ ਕੱਢੇ ਗਏ, ਅਤੇ ਉਸ ਖਦਾਨ ਦੇ ਵੱਲ ਜਿੱਥੋਂ ਤੁਸੀਂ ਪੁੱਟੇ ਗਏ, ਧਿਆਨ ਕਰੋ!
2ਆਪਣੇ ਮੂਲ ਪਿਤਾ ਅਬਰਾਹਾਮ ਉੱਤੇ ਧਿਆਨ ਕਰੋ, ਅਤੇ ਸਾਰਾਹ ਉੱਤੇ ਜਿਸ ਨੇ ਤੁਹਾਨੂੰ ਜਨਮ ਦਿੱਤਾ, ਜਦ ਉਹ ਇੱਕੋ ਹੀ ਸੀ ਤਦ ਮੈਂ ਉਹ ਨੂੰ ਬੁਲਾਇਆ, ਅਤੇ ਉਹ ਨੂੰ ਬਰਕਤ ਦਿੱਤੀ ਅਤੇ ਉਹ ਨੂੰ ਵਧਾਇਆ।
3ਯਹੋਵਾਹ ਤਾਂ ਸੀਯੋਨ ਨੂੰ ਦਿਲਾਸਾ ਦੇਵੇਗਾ, ਉਹ ਦੇ ਸਾਰਿਆਂ ਵਿਰਾਨਿਆਂ ਨੂੰ ਦਿਲਾਸਾ ਦੇਵੇਗਾ, ਉਹ ਉਸ ਦੀ ਉਜਾੜ ਨੂੰ ਅਦਨ ਵਾਂਗੂੰ, ਅਤੇ ਉਸ ਦੀ ਸੁੱਕੀ ਭੂਮੀ ਯਹੋਵਾਹ ਦੇ ਬਾਗ ਵਾਂਗੂੰ ਬਣਾ ਦੇਵੇਗਾ। ਖੁਸ਼ੀ ਅਨੰਦ ਉਹ ਦੇ ਵਿੱਚ ਪਾਇਆ ਜਾਵੇਗਾ, ਨਾਲੇ ਧੰਨਵਾਦ ਅਤੇ ਭਜਨ ਦੀ ਅਵਾਜ਼ ਵੀ।
4ਹੇ ਮੇਰੀ ਪਰਜਾ, ਮੇਰੀ ਵੱਲ ਧਿਆਨ ਦਿਓ, ਹੇ ਮੇਰੀ ਕੌਮ ਮੇਰੇ ਵੱਲ ਕੰਨ ਲਾਓ! ਬਿਵਸਥਾ ਮੇਰੇ ਵੱਲੋਂ ਦਿੱਤੀ ਜਾਵੇਗੀ, ਅਤੇ ਮੇਰਾ ਇਨਸਾਫ਼ ਲੋਕਾਂ ਦੇ ਚਾਨਣ ਲਈ ਹੋਵੇਗਾ।
5ਮੇਰਾ ਧਰਮ ਨੇੜੇ ਹੈ, ਮੇਰਾ ਬਚਾਓ ਨਿੱਕਲਿਆ ਹੈ, ਮੇਰੀਆਂ ਭੁਜਾਂ ਲੋਕਾਂ ਦਾ ਨਿਆਂ ਕਰਨਗੀਆਂ, ਟਾਪੂ ਮੇਰੀ ਉਡੀਕ ਕਰਨਗੇ, ਅਤੇ ਮੇਰੀ ਭੁਜਾ ਉੱਤੇ ਆਸ ਰੱਖਣਗੇ।
6ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੋ, ਅਤੇ ਹੇਠਾਂ ਧਰਤੀ ਉੱਤੇ ਨਿਗਾਹ ਮਾਰੋ, ਅਕਾਸ਼ ਤਾਂ ਧੂੰਏਂ ਵਾਂਗੂੰ ਅਲੋਪ ਹੋ ਜਾਵੇਗਾ, ਅਤੇ ਧਰਤੀ ਕੱਪੜੇ ਵਾਂਗੂੰ ਪੁਰਾਣੀ ਪੈ ਜਾਵੇਗੀ, ਉਹ ਦੇ ਵਾਸੀ ਮੱਖੀਆਂ ਵਾਂਗੂੰ ਮਰ ਜਾਣਗੇ, ਪਰ ਮੇਰੀ ਮੁਕਤੀ ਸਦੀਪਕ ਹੋਵੇਗੀ, ਅਤੇ ਮੇਰਾ ਧਰਮ ਅਨੰਤ ਹੋਵੇਗਾ।
7ਹੇ ਧਰਮ ਦੇ ਜਾਣਨ ਵਾਲਿਓ, ਮੇਰੀ ਸੁਣੋ, ਹੇ ਮੇਰੀ ਪਰਜਾ, ਜਿਨ੍ਹਾਂ ਦੇ ਦਿਲਾਂ ਵਿੱਚ ਮੇਰੀ ਬਿਵਸਥਾ ਹੈ। ਮਨੁੱਖਾਂ ਦੀ ਨਿੰਦਿਆ ਤੋਂ ਨਾ ਡਰੋ, ਅਤੇ ਉਹਨਾਂ ਦੇ ਦੁਰਬਚਨਾਂ ਤੋਂ ਨਾ ਘਬਰਾਓ,
8ਕਿਉਂ ਜੋ ਕੀੜਾ ਉਹਨਾਂ ਨੂੰ ਕੱਪੜੇ ਵਾਂਗੂੰ ਖਾ ਜਾਵੇਗਾ, ਅਤੇ ਲੇਹਾ ਉਹਨਾਂ ਨੂੰ ਉੱਨ ਵਾਂਗੂੰ ਖਾ ਜਾਵੇਗਾ, ਪਰ ਮੇਰਾ ਧਰਮ ਸਦੀਪਕ ਹੋਵੇਗਾ, ਅਤੇ ਮੇਰੀ ਮੁਕਤੀ ਪੀੜ੍ਹੀਓਂ ਪੀੜ੍ਹੀ ਤੱਕ।
9ਜਾਗ, ਜਾਗ, ਬਲ ਪਹਿਨ ਲੈ, ਹੇ ਯਹੋਵਾਹ ਦੀ ਭੁਜਾ! ਜਾਗ, ਜਿਵੇਂ ਪੁਰਾਣਿਆਂ ਦਿਨਾਂ ਵਿੱਚ, ਅਤੇ ਪ੍ਰਾਚੀਨ ਸਮਿਆਂ ਦੀਆਂ ਪੀੜ੍ਹੀਆਂ ਵਿੱਚ! ਕੀ ਤੂੰ ਉਹ ਨਹੀਂ ਜਿਸ ਨੇ ਰਹਬ ਨੂੰ ਟੁੱਕੜੇ-ਟੁੱਕੜੇ ਕਰ ਦਿੱਤਾ, ਅਤੇ ਅਜਗਰ ਨੂੰ ਵਿੰਨ੍ਹਿਆ?
10ਕੀ ਤੂੰ ਉਹ ਨਹੀਂ ਜਿਸ ਨੇ ਸਮੁੰਦਰ ਨੂੰ, ਵੱਡੀ ਡੁੰਘਿਆਈ ਦਿਆਂ ਪਾਣੀਆਂ ਨੂੰ ਸੁਕਾ ਦਿੱਤਾ? ਜਿਸ ਨੇ ਸਮੁੰਦਰ ਦੀ ਤਹਿ ਨੂੰ ਛੁਡਾਏ ਹੋਇਆਂ ਦੇ ਲੰਘਣ ਦਾ ਰਾਹ ਬਣਾ ਦਿੱਤਾ?
11ਯਹੋਵਾਹ ਦੇ ਮੁੱਲ ਨਾਲ ਛੁਡਾਏ ਹੋਏ ਮੁੜ ਆਉਣਗੇ, ਅਤੇ ਜੈਕਾਰਿਆਂ ਨਾਲ ਸੀਯੋਨ ਵਿੱਚ ਆਉਣਗੇ, ਸਦੀਪਕ ਅਨੰਦ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ, ਉਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹਾਉਂਕੇ ਲੈਣ ਦਾ ਅੰਤ ਹੋ ਜਾਵੇਗਾ।
12ਮੈਂ, ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ, ਤੂੰ ਕੌਣ ਹੈਂ ਜੋ ਮਰਨਹਾਰ ਮਨੁੱਖ ਤੋਂ ਡਰੇਂ, ਅਤੇ ਆਦਮ ਵੰਸ਼ ਤੋਂ, ਜਿਹੜਾ ਘਾਹ ਵਾਂਗੂੰ ਹੋ ਜਾਵੇਗਾ?
13ਤੂੰ ਯਹੋਵਾਹ ਆਪਣੇ ਕਰਤਾਰ ਨੂੰ ਵਿਸਾਰ ਦਿੱਤਾ, ਜੋ ਅਕਾਸ਼ ਦਾ ਤਾਣਨ ਵਾਲਾ ਅਤੇ ਧਰਤੀ ਦੀ ਨੀਂਹ ਰੱਖਣ ਵਾਲਾ ਹੈ, ਤੂੰ ਨਿੱਤ ਦਿਹਾੜੇ ਜ਼ਾਲਮ ਦੇ ਗੁੱਸੇ ਤੋਂ ਡਰਦਾ ਹੈਂ, ਜਿਹੜਾ ਨਾਸ ਕਰਨ ਲਈ ਤਿਆਰ ਹੈ, - ਭਲਾ, ਜ਼ਾਲਮ ਦਾ ਗੁੱਸਾ ਕਿੱਥੇ ਰਿਹਾ?
14ਝੁੱਕਿਆ ਹੋਇਆ ਕੈਦੀ ਛੇਤੀ ਖੋਲ੍ਹਿਆ ਜਾਵੇਗਾ, ਉਹ ਮਰ ਕੇ ਟੋਏ ਵਿੱਚ ਨਾ ਜਾਵੇਗਾ, ਨਾ ਉਸ ਨੂੰ ਰੋਟੀ ਦੀ ਘਾਟ ਹੋਵੇਗੀ।
15ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਸਮੁੰਦਰ ਨੂੰ ਇਸ ਤਰ੍ਹਾਂ ਉਛਾਲਦਾ ਹਾਂ ਕਿ ਉਹ ਦੀਆਂ ਲਹਿਰਾਂ ਗੱਜਦੀਆਂ ਹਨ, - ਸੈਨਾਂ ਦਾ ਯਹੋਵਾਹ ਮੇਰਾ ਨਾਮ ਹੈ!
16ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾਏ, ਅਤੇ ਮੈਂ ਆਪਣੇ ਹੱਥ ਦੇ ਸਾਯੇ ਵਿੱਚ ਤੈਨੂੰ ਢੱਕਿਆ, ਤਾਂ ਜੋ ਮੈਂ ਅਕਾਸ਼ ਨੂੰ ਤਾਣਾ ਅਤੇ ਧਰਤੀ ਦੀ ਨੀਂਹ ਰੱਖਾਂ, ਅਤੇ ਸੀਯੋਨ ਨੂੰ ਆਖਾਂ, ਤੂੰ ਮੇਰੀ ਪਰਜਾ ਹੈਂ।
17ਹੇ ਯਰੂਸ਼ਲਮ ਜਾਗ, ਜਾਗ! ਖੜ੍ਹਾ ਹੋ ਜਾ! ਤੂੰ ਜਿਸ ਨੇ ਯਹੋਵਾਹ ਦੇ ਹੱਥੋਂ ਉਹ ਦੇ ਕ੍ਰੋਧ ਦਾ ਪਿਆਲਾ ਪੀਤਾ, ਤੂੰ ਜਿਸ ਨੇ ਡਗਮਗਾ ਦੇਣ ਵਾਲੇ ਪਿਆਲੇ ਨੂੰ ਪੀ ਕੇ ਖਾਲੀ ਕੀਤਾ।
18ਉਨ੍ਹਾਂ ਸਾਰਿਆਂ ਪੁੱਤਰਾਂ ਵਿੱਚੋਂ ਜਿਨ੍ਹਾਂ ਨੂੰ ਉਸ ਨੇ ਜਨਮ ਦਿੱਤਾ, ਉਸ ਦੀ ਅਗਵਾਈ ਕਰਨ ਵਾਲਾ ਨਾ ਰਿਹਾ, ਉਨ੍ਹਾਂ ਸਾਰਿਆਂ ਪੁੱਤਰਾਂ ਵਿੱਚੋਂ ਜਿਨ੍ਹਾਂ ਨੂੰ ਉਸ ਨੇ ਪਾਲਿਆ, ਕੋਈ ਨਹੀਂ ਜੋ ਉਸ ਦਾ ਹੱਥ ਫੜ੍ਹੇ।
19ਇਹ ਦੋ ਗੱਲਾਂ ਤੇਰੇ ਉੱਤੇ ਆ ਪਈਆਂ, ਕੌਣ ਤੈਨੂੰ ਤਸੱਲੀ ਦੇਵੇਗਾ? ਬਰਬਾਦੀ ਤੇ ਭੰਨ ਤੋੜ, ਕਾਲ ਤੇ ਤਲਵਾਰ ਆ ਪਈ, ਮੈਂ ਕਿਵੇਂ ਤੈਨੂੰ ਦਿਲਾਸਾ ਦਿਆਂ?
20ਤੇਰੇ ਪੁੱਤਰ ਬੇਹੋਸ਼ ਹੋ ਗਏ, ਉਹ ਸਾਰੀਆਂ ਗਲੀਆਂ ਦੇ ਸਿਰਿਆਂ ਉੱਤੇ ਡਿੱਗੇ ਪਏ ਹਨ, ਜਿਵੇਂ ਹਿਰਨ ਜਾਲ਼ ਵਿੱਚ, ਉਹ ਯਹੋਵਾਹ ਦੇ ਗੁੱਸੇ ਨਾਲ, ਤੇਰੇ ਪਰਮੇਸ਼ੁਰ ਦੀ ਝਿੜਕ ਨਾਲ ਭਰੇ ਹੋਏ ਹਨ।
21ਇਸ ਕਾਰਨ ਹੇ ਦੁਖਿਆਰੀਏ, ਇਹ ਸੁਣ, ਤੂੰ ਮਤਵਾਲੀ ਤਾਂ ਹੈਂ ਪਰ ਮਧ ਨਾਲ ਨਹੀਂ।
22ਤੇਰਾ ਪ੍ਰਭੂ ਯਹੋਵਾਹ ਅਤੇ ਤੇਰਾ ਪਰਮੇਸ਼ੁਰ, ਜਿਹੜਾ ਆਪਣੀ ਪਰਜਾ ਦਾ ਮੁਕੱਦਮਾ ਲੜਦਾ ਹੈ, ਇਹ ਆਖਦਾ ਹੈ, ਵੇਖ, ਮੈਂ ਤੇਰੇ ਹੱਥੋਂ ਡਗਮਗਾਉਣ ਦਾ ਪਿਆਲਾ ਲੈ ਲਿਆ ਹੈ ਅਰਥਾਤ ਮੇਰੇ ਕ੍ਰੋਧ ਦਾ ਪਿਆਲਾ, ਤੂੰ ਇਹ ਫੇਰ ਕਦੀ ਨਾ ਪੀਵੇਂਗੀ।
23ਮੈਂ ਉਸ ਨੂੰ ਤੈਨੂੰ ਦੁੱਖ ਦੇਣ ਵਾਲਿਆਂ ਦੇ ਹੱਥ ਵਿੱਚ ਦਿਆਂਗਾ, ਜਿਨ੍ਹਾਂ ਨੇ ਤੈਨੂੰ ਆਖਿਆ ਸੀ, ਝੁੱਕ ਜਾ, ਤਾਂ ਜੋ ਅਸੀਂ ਉੱਪਰੋਂ ਦੀ ਲੰਘੀਏ! ਅਤੇ ਤੂੰ ਆਪਣੀ ਪਿੱਠ ਨੂੰ ਧਰਤੀ ਵਾਂਗੂੰ, ਅਤੇ ਉਹਨਾਂ ਦੇ ਲੰਘਣ ਲਈ ਗਲੀ ਵਾਂਗੂੰ ਬਣਾਇਆ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।