ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

ਯਸਾਯਾਹ 47

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਹੇ ਬਾਬਲ ਦੀ ਕੁਆਰੀਏ ਧੀਏ, ਹੇਠਾਂ ਆ ਕੇ ਖ਼ਾਕ ਵਿੱਚ ਬੈਠ! ਹੇ ਕਸਦੀਆਂ ਦੀ ਧੀਏ, ਸਿੰਘਾਸਣ ਬਿਨ੍ਹਾਂ ਥੱਲੇ ਬੈਠ, ਕਿਉਂ ਜੋ ਤੂੰ ਅੱਗੇ ਨੂੰ ਸੋਹਲ ਅਤੇ ਕੋਮਲ ਨਾ ਸਦਾਵੇਂਗੀ!
2ਚੱਕੀ ਲੈ ਅਤੇ ਆਟਾ ਪੀਹ, ਆਪਣਾ ਬੁਰਕਾ ਲਾਹ, ਘੱਗਰਾ ਚੁੱਕ ਲੈ, ਲੱਤਾਂ ਨੰਗੀਆਂ ਕਰ, ਨਦੀਆਂ ਤੋਂ ਪਾਰ ਲੰਘ!
3ਤੇਰਾ ਨੰਗੇਜ਼ ਉਘਾੜਿਆ ਜਾਵੇਗਾ, ਸਗੋਂ ਤੇਰੀ ਲਾਜ ਦਿੱਸੇਗੀ, ਮੈਂ ਬਦਲਾ ਲਵਾਂਗਾ, ਮੈਂ ਕਿਸੇ ਮਨੁੱਖ ਦਾ ਪੱਖ ਨਹੀਂ ਕਰਾਂਗਾ।
4ਸਾਡੇ ਛੁਟਕਾਰਾ ਦੇਣ ਵਾਲੇ ਦਾ ਨਾਮ ਸੈਨਾਂ ਦਾ ਯਹੋਵਾਹ ਅਤੇ ਇਸਰਾਏਲ ਦਾ ਪਵਿੱਤਰ ਪੁਰਖ ਹੈ।
5ਹੇ ਕਸਦੀਆਂ ਦੀਏ ਧੀਏ, ਚੁੱਪ ਕਰ ਕੇ ਬੈਠ! ਅਤੇ ਹਨੇਰੇ ਵਿੱਚ ਜਾ ਪੈ, ਕਿਉਂ ਜੋ ਤੂੰ ਅੱਗੇ ਨੂੰ ਰਾਜਾਂ ਦੀ ਮਲਕਾ ਨਾ ਸਦਾਵੇਂਗੀ!
6ਮੈਂ ਆਪਣੀ ਪਰਜਾ ਉੱਤੇ ਗੁੱਸੇ ਹੋਇਆ, ਮੈਂ ਆਪਣੀ ਮਿਰਾਸ ਨੂੰ ਭਰਿਸ਼ਟ ਕਰ ਕੇ ਤੇਰੇ ਹੱਥ ਵਿੱਚ ਦੇ ਦਿੱਤਾ, ਤੂੰ ਉਹਨਾਂ ਉੱਤੇ ਰਹਮ ਨਹੀਂ ਕੀਤਾ, ਤੂੰ ਬਜ਼ੁਰਗਾਂ ਉੱਤੇ ਆਪਣਾ ਜੂਲਾ ਬਹੁਤ ਭਾਰੀ ਕੀਤਾ।
7ਤੂੰ ਆਖਿਆ, ਮੈਂ ਸਦਾ ਲਈ ਮਲਕਾ ਰਹਾਂਗੀ! ਐਥੋਂ ਤੱਕ ਕਿ ਤੂੰ ਇਨ੍ਹਾਂ ਗੱਲਾਂ ਨੂੰ ਮਨ ਵਿੱਚ ਨਹੀਂ ਰੱਖਿਆ, ਨਾ ਹੀ ਇਹ ਯਾਦ ਰੱਖਿਆ ਕਿ ਇਸ ਦਾ ਕੀ ਫਲ ਹੋਵੇਗਾ।
8ਹੁਣ ਤੂੰ ਇਹ ਸੁਣ ਲੈ, ਹੇ ਮੌਜਣੇ! ਜਿਹੜੀ ਨਿਸ਼ਚਿੰਤ ਬੈਠਦੀ ਹੈਂ, ਅਤੇ ਆਪਣੇ ਦਿਲ ਵਿੱਚ ਆਖਦੀ ਹੈਂ, ਮੈਂ ਹੀ ਹਾਂ ਅਤੇ ਮੇਰੇ ਬਿਨ੍ਹਾਂ ਹੋਰ ਕੋਈ ਨਹੀਂ! ਮੈਂ ਵਿਧਵਾ ਹੋ ਕੇ ਨਾ ਬੈਠਾਂਗੀ, ਅਤੇ ਨਾ ਮੈਂ ਆਪਣੇ ਬੱਚਿਆਂ ਨੂੰ ਖੋਹਣ ਦਾ ਦੁੱਖ ਜਾਣਾਂਗੀ।
9ਪਰ ਇਹ ਦੋਵੇਂ ਗੱਲਾਂ ਤੇਰੇ ਉੱਤੇ ਆ ਪੈਣਗੀਆਂ, ਇੱਕੇ ਦਿਨ ਇੱਕ ਪਲ ਵਿੱਚ ਬੱਚਿਆਂ ਨੂੰ ਖੋਹਣਾ ਅਤੇ ਰੰਡੇਪਾ! ਉਹ ਪੂਰੇ ਮਾਪ ਦੇ ਅਨੁਸਾਰ ਤੇਰੇ ਉੱਤੇ ਆ ਪੈਣਗੇ, ਭਾਵੇਂ ਤੇਰੀ ਜਾਦੂਗਰੀ ਵੱਧ ਅਤੇ ਤੇਰੀ ਝਾੜਾ-ਫੂਕੀ ਬਹੁਤ ਵਾਫ਼ਰ ਹੋਵੇ।
10ਤੂੰ ਆਪਣੀ ਬਦੀ ਉੱਤੇ ਭਰੋਸਾ ਰੱਖਿਆ, ਤੂੰ ਆਖਿਆ, ਕੋਈ ਮੈਨੂੰ ਵੇਖਦਾ ਨਹੀਂ, ਤੇਰੀ ਬੁੱਧ ਅਤੇ ਤੇਰੇ ਗਿਆਨ ਨੇ ਤੈਨੂੰ ਕੁਰਾਹੇ ਪਾਇਆ, ਤੂੰ ਆਪਣੇ ਮਨ ਵਿੱਚ ਆਖਿਆ ਸੀ, ਮੈਂ ਹੀ ਹਾਂ ਅਤੇ ਮੇਰੇ ਬਿਨ੍ਹਾਂ ਹੋਰ ਕੋਈ ਨਹੀਂ!
11ਬਿਪਤਾ ਤੇਰੇ ਉੱਤੇ ਆ ਪਵੇਗੀ, ਤੂੰ ਉਸ ਤੋਂ ਬਚਣ ਦਾ ਮੰਤਰ ਨਹੀਂ ਜਾਣੇਂਗੀ, ਬਰਬਾਦੀ ਤੇਰੇ ਉੱਤੇ ਡਿੱਗੇਗੀ, ਤੂੰ ਉਹ ਨੂੰ ਹਟਾ ਨਹੀਂ ਸਕੇਂਗੀ, ਤਬਾਹੀ ਅਚਾਨਕ ਤੇਰੇ ਉੱਤੇ ਆਵੇਗੀ, ਜਿਸ ਨੂੰ ਤੂੰ ਜਾਣਦੀ ਵੀ ਨਹੀਂ।
12ਤੂੰ ਆਪਣੀਆਂ ਝਾੜਾ-ਫੂਕੀਆਂ ਵਿੱਚ, ਅਤੇ ਆਪਣੀਆਂ ਜਾਦੂਗਰੀਆਂ ਦੇ ਵਾਧੇ ਵਿੱਚ ਕਾਇਮ ਰਹਿ, ਜਿਨ੍ਹਾਂ ਵਿੱਚ ਤੂੰ ਆਪਣੀ ਜੁਆਨੀ ਤੋਂ ਮਿਹਨਤ ਕੀਤੀ, ਸ਼ਾਇਦ ਤੈਨੂੰ ਲਾਭ ਹੋ ਸਕੇ, ਸ਼ਾਇਦ ਤੂੰ ਉਹਨਾਂ ਨੂੰ ਡਰਾ ਸਕੇਂ!
13ਤੂੰ ਆਪਣੀਆਂ ਬਹੁਤੀਆਂ ਸਲਾਹਾਂ ਨਾਲ ਥੱਕ ਗਈ, ਅਕਾਸ਼ ਦੇ ਜਾਂਚਣ ਵਾਲੇ, ਤਾਰਿਆਂ ਦੇ ਵੇਖਣ ਵਾਲੇ, ਨਵੇਂ ਚੰਦ ਦੇ ਟੇਵੇ ਲਾਉਣ ਵਾਲੇ, ਉਹ ਖੜ੍ਹੇ ਹੋ ਜਾਣ ਅਤੇ ਤੈਨੂੰ ਉਨ੍ਹਾਂ ਗੱਲਾਂ ਤੋਂ ਬਚਾਉਣ, ਜਿਹੜੀਆਂ ਤੇਰੇ ਉੱਤੇ ਬੀਤਣਗੀਆਂ!
14ਵੇਖੋ, ਉਹ ਕੱਖ ਵਾਂਗੂੰ ਹੋਣਗੇ, ਅੱਗ ਉਹਨਾਂ ਨੂੰ ਸਾੜੇਗੀ, ਉਹ ਆਪਣੇ ਆਪ ਨੂੰ ਲੰਬ ਦੇ ਜ਼ੋਰ ਤੋਂ ਨਹੀਂ ਛੁਡਾ ਸਕਣਗੇ, ਇਹ ਕੋਲੇ ਸੇਕਣ ਲਈ ਨਹੀਂ ਹੋਣਗੇ, ਨਾ ਅਜਿਹੀ ਅੱਗ ਜਿਸ ਦੇ ਨੇੜੇ ਕੋਈ ਬੈਠ ਸਕੇ!
15ਜਿਨ੍ਹਾਂ ਲਈ ਤੂੰ ਮਿਹਨਤ ਕੀਤੀ, ਉਹ ਤੇਰੇ ਲਈ ਅਜਿਹੇ ਹੋਣਗੇ, ਜਿਹੜੇ ਤੇਰੇ ਨਾਲ ਤੇਰੀ ਜੁਆਨੀ ਤੋਂ ਵਪਾਰ ਕਰਦੇ ਸਨ, ਉਹ ਸਾਰੇ ਆਪਣੇ-ਆਪਣੇ ਥਾਵਾਂ ਨੂੰ ਖਿਸਕ ਜਾਣਗੇ, ਤੈਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।