ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

ਯਸਾਯਾਹ 27

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਉਸ ਦਿਨ ਯਹੋਵਾਹ ਆਪਣੀ ਤਿੱਖੀ, ਵੱਡੀ ਤੇ ਤਕੜੀ ਤਲਵਾਰ ਨਾਲ ਲਿਵਯਾਥਾਨ ਨੱਠਣ ਵਾਲੇ ਸੱਪ ਉੱਤੇ ਅਰਥਾਤ ਲਿਵਯਾਥਾਨ ਕੁੰਡਲੀਦਾਰ ਸੱਪ ਉੱਤੇ ਸਜ਼ਾ ਲਾਵੇਗਾ ਅਤੇ ਉਸ ਅਜਗਰ ਨੂੰ ਜਿਹੜਾ ਸਮੁੰਦਰ ਵਿੱਚ ਹੈ ਘਾਤ ਕਰੇਗਾ।
2ਉਸ ਦਿਨ ਇੱਕ ਸੋਹਣੇ ਫਲਦਾਰ ਅੰਗੂਰੀ ਬਾਗ਼, ਲਈ ਮਿੱਠਾ ਗੀਤ ਗਾਇਓ!
3ਮੈਂ ਯਹੋਵਾਹ ਉਹ ਦਾ ਰਾਖ਼ਾ ਹਾਂ, ਮੈਂ ਉਹ ਨੂੰ ਹਰ ਦਮ ਸਿੰਜਦਾ ਰਹਾਂਗਾ, ਕਿਤੇ ਅਜਿਹਾ ਨਾ ਹੋਵੇ ਕਿ ਕੋਈ ਉਹ ਦਾ ਨੁਕਸਾਨ ਕਰੇ, ਮੈਂ ਰਾਤ-ਦਿਨ ਉਹ ਦੀ ਰਾਖੀ ਕਰਾਂਗਾ।
4ਮੈਨੂੰ ਗੁੱਸਾ ਨਹੀਂ। ਜੇਕਰ ਕੰਡੇ ਅਤੇ ਕੰਡਿਆਲੇ ਮੇਰੇ ਵਿਰੁੱਧ ਲੜਾਈ ਵਿੱਚ ਹੁੰਦੇ! ਮੈਂ ਉਨ੍ਹਾਂ ਦੇ ਉੱਤੇ ਚੜ੍ਹਾਈ ਕਰਦਾ, ਮੈਂ ਉਨ੍ਹਾਂ ਨੂੰ ਇਕੱਠੇ ਸਾੜ ਸੁੱਟਦਾ।
5ਜਾਂ ਉਹ ਮੇਰੀ ਓਟ ਨੂੰ ਤਕੜੇ ਹੋ ਕੇ ਫੜ੍ਹਨ, ਉਹ ਮੇਰੇ ਨਾਲ ਸੁਲਾਹ ਕਰਨ, ਹਾਂ, ਮੇਰੇ ਨਾਲ ਸੁਲਾਹ ਕਰਨ।
6ਆਉਣ ਵਾਲਿਆਂ ਸਮਿਆਂ ਵਿੱਚ ਯਾਕੂਬ ਜੜ੍ਹ ਫੜ੍ਹੇਗਾ, ਇਸਰਾਏਲ ਫੁੱਟੇਗਾ ਅਤੇ ਫੁੱਲੇਗਾ, ਅਤੇ ਜਗਤ ਨੂੰ ਫਲ ਨਾਲ ਭਰ ਦੇਵੇਗਾ।
7ਕੀ ਉਸ ਨੇ ਉਹਨਾਂ ਨੂੰ ਅਜਿਹਾ ਮਾਰਿਆ, ਜਿਵੇਂ ਉਸ ਨੇ ਉਹਨਾਂ ਦੇ ਮਾਰਨ ਵਾਲਿਆਂ ਨੂੰ ਮਾਰਿਆ? ਜਾਂ ਕੀ ਉਹ ਉਸ ਤਰ੍ਹਾਂ ਵੱਢੇ ਗਏ, ਜਿਵੇਂ ਉਹਨਾਂ ਦੇ ਵੱਢਣ ਵਾਲੇ ਵੱਢੇ ਗਏ?
8ਜਦ ਤੂੰ ਉਹਨਾਂ ਨੂੰ ਕੱਢਿਆ ਤਾਂ ਤੂੰ ਗਿਣ-ਗਿਣ ਕੇ ਉਹਨਾਂ ਨੂੰ ਦੁੱਖ ਦਿੱਤਾ, ਉਹ ਨੇ ਉਹਨਾਂ ਨੂੰ ਪੂਰਬੀ ਹਵਾ ਦੇ ਦਿਨ ਵਿੱਚ ਆਪਣੀ ਤੇਜ਼ ਹਨੇਰੀ ਨਾਲ ਉਡਾ ਦਿੱਤਾ।
9ਇਸ ਲਈ ਇਹ ਦੇ ਨਾਲ ਯਾਕੂਬ ਦੀ ਬਦੀ ਦਾ ਪ੍ਰਾਸਚਿਤ ਹੋਵੇਗਾ, ਅਤੇ ਉਹ ਦੇ ਪਾਪ ਦੇ ਦੂਰ ਹੋਣ ਦਾ ਸਾਰਾ ਫਲ ਹੋਵੇਗਾ ਕਿ ਉਹ ਜਗਵੇਦੀ ਦੇ ਸਾਰੇ ਪੱਥਰ ਚੂਰ-ਚੂਰ ਕੀਤੇ ਹੋਏ ਚੂਨੇ ਦੇ ਪੱਥਰਾਂ ਵਾਂਗੂੰ ਕਰਨਗੇ, ਅਤੇ ਨਾ ਅਸ਼ੇਰਾਹ ਦੀਆਂ ਮੂਰਤਾਂ ਨਾ ਸੂਰਜ ਥੰਮ੍ਹ ਖੜ੍ਹੇ ਰਹਿਣਗੇ।
10ਗੜ੍ਹ ਵਾਲਾ ਸ਼ਹਿਰ ਤਾਂ ਸੁਨਸਾਨ ਹੈ, ਉਹ ਇੱਕ ਛੱਡਿਆ ਹੋਇਆ ਨਿਵਾਸ, ਉਜਾੜ ਵਾਂਗੂੰ ਤਿਆਗਿਆ ਹੋਇਆ ਹੈ, - ਉੱਥੇ ਵੱਛਾ ਚਰੇਗਾ, ਉੱਥੇ ਉਹ ਬੈਠੇਗਾ ਅਤੇ ਉਹ ਦੀਆਂ ਟਹਿਣੀਆਂ ਨੂੰ ਖਾ ਜਾਵੇਗਾ।
11ਜਦ ਉਹ ਦੇ ਟਹਿਣੇ ਸੁੱਕ ਜਾਣ ਤਾਂ ਉਹ ਤੋੜੇ ਜਾਣਗੇ, ਔਰਤਾਂ ਆ ਕੇ ਉਹਨਾਂ ਨੂੰ ਅੱਗ ਲਾਉਣਗੀਆਂ। ਉਹ ਤਾਂ ਬੁੱਧਹੀਣ ਲੋਕ ਹਨ, ਇਸ ਲਈ ਉਹਨਾਂ ਦਾ ਕਰਤਾ ਉਹਨਾਂ ਉੱਤੇ ਰਹਮ ਨਾ ਕਰੇਗਾ, ਨਾ ਉਹਨਾਂ ਦਾ ਰਚਣ ਵਾਲਾ ਉਹਨਾਂ ਉੱਤੇ ਕਿਰਪਾ ਕਰੇਗਾ।
12ਉਸ ਦਿਨ ਅਜਿਹਾ ਹੋਵੇਗਾ ਕਿ ਯਹੋਵਾਹ ਦਰਿਆ ਦੇ ਵਹਾ ਤੋਂ ਲੈ ਕੇ ਮਿਸਰ ਦੇ ਨਾਲੇ ਤੱਕ ਆਪਣਾ ਅੰਨ ਝਾੜ ਦੇਵੇਗਾ, ਅਤੇ ਹੇ ਇਸਰਾਏਲੀਓ, ਤੁਸੀਂ ਇੱਕ-ਇੱਕ ਕਰਕੇ ਇਕੱਠੇ ਕੀਤੇ ਜਾਓਗੇ।
13ਉਸ ਦਿਨ ਵੱਡੀ ਤੁਰ੍ਹੀ ਫੂਕੀ ਜਾਵੇਗੀ, ਅਤੇ ਜਿਹੜੇ ਅੱਸ਼ੂਰ ਦੇਸ ਵਿੱਚ ਨਾਸ ਹੋਣ ਵਾਲੇ ਸਨ, ਅਤੇ ਜਿਹੜੇ ਮਿਸਰ ਦੇਸ ਵਿੱਚ ਜ਼ਬਰਦਸਤੀ ਭੇਜੇ ਗਏ ਸਨ, ਉਹ ਆਉਣਗੇ, ਅਤੇ ਯਰੂਸ਼ਲਮ ਵਿੱਚ ਪਵਿੱਤਰ ਪਰਬਤ ਉੱਤੇ ਯਹੋਵਾਹ ਨੂੰ ਮੱਥਾ ਟੇਕਣਗੇ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।