ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

ਯਸਾਯਾਹ 21

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਸਮੁੰਦਰ ਦੀ ਉਜਾੜ ਦੇ ਵਿਖੇ ਅਗੰਮ ਵਾਕ, - ਜਿਵੇਂ ਦੱਖਣ ਵਿੱਚ ਵਾਵਰੋਲੇ ਲੰਘਣ ਨੂੰ ਹਨ, ਉਸੇ ਤਰ੍ਹਾਂ ਉਹ ਉਜਾੜ ਤੋਂ, ਇੱਕ ਡਰਾਉਣੇ ਦੇਸ ਤੋਂ ਚਲਿਆ ਆਉਂਦਾ ਹੈ।
2ਕਸ਼ਟ ਦੀਆਂ ਗੱਲਾਂ ਦਾ ਇੱਕ ਦਰਸ਼ਣ ਮੈਨੂੰ ਵਿਖਾਇਆ ਗਿਆ, - ਛਲੀਆ ਛਲਦਾ, ਲੁਟੇਰਾ ਲੁੱਟਦਾ! ਹੇ ਏਲਾਮ, ਚੜ੍ਹਾਈ ਕਰ! ਹੇ ਮਾਦਈ, ਘੇਰ ਲੈ! ਮੈਂ ਉਸ ਦਾ ਸਾਰਾ ਹੂੰਗਣਾ ਮੁਕਾ ਦਿੰਦਾ ਹਾਂ।
3ਇਸ ਲਈ ਮੇਰਾ ਲੱਕ ਦਰਦ ਨਾਲ ਭਰਿਆ ਹੈ, ਜਣਨ ਵਾਲੀ ਦੀਆਂ ਪੀੜਾਂ ਵਾਂਗੂੰ ਪੀੜਾਂ ਨੇ ਮੈਨੂੰ ਫੜ੍ਹ ਲਿਆ ਹੈ, ਮੈਂ ਅਜਿਹੀ ਬੇਚੈਨੀ ਵਿੱਚ ਹਾਂ ਕਿ ਮੈਂ ਸੁਣ ਨਹੀਂ ਸਕਦਾ, ਮੈਂ ਅਜਿਹਾ ਘਬਰਾ ਗਿਆ ਹਾਂ ਕਿ ਮੈਂ ਵੇਖ ਨਹੀਂ ਸਕਦਾ।
4ਮੇਰਾ ਦਿਲ ਧੜਕਦਾ ਹੈ, ਕੰਬਣੀ ਨੇ ਮੈਨੂੰ ਆ ਦੱਬਿਆ, ਜਿਸ ਸ਼ਾਮ ਨੂੰ ਮੈਂ ਲੋਚਦਾ ਸੀ, ਉਹ ਮੇਰੇ ਲਈ ਕਾਂਬਾ ਬਣ ਗਈ ਹੈ।
5ਉਹ ਭੋਜਨ ਲਈ ਮੇਜ਼ ਲਾਉਂਦੇ ਹਨ, ਉਹ ਦਰੀਆਂ ਵਿਛਾਉਂਦੇ ਹਨ, ਉਹ ਖਾਂਦੇ-ਪੀਂਦੇ ਹਨ। ਹੇ ਹਾਕਮੋ, ਉੱਠੋ! ਢਾਲਾਂ ਨੂੰ ਤੇਲ ਮਲੋ!।
6ਕਿਉਂਕਿ ਪ੍ਰਭੂ ਨੇ ਮੈਨੂੰ ਆਖਿਆ ਹੈ, ਜਾ, ਰਾਖ਼ਾ ਖੜ੍ਹਾ ਕਰ, ਜੋ ਕੁਝ ਉਹ ਵੇਖੇ ਉਹ ਦੱਸੇ।
7ਜਦ ਉਹ ਅਸਵਾਰ, ਘੋੜ ਚੜ੍ਹਿਆਂ ਦੇ ਜੋੜੇ, ਗਧਿਆਂ ਦੇ ਅਸਵਾਰ, ਊਠਾਂ ਦੇ ਅਸਵਾਰ ਵੇਖੇ, ਤਾਂ ਵੱਡੇ ਗੌਰ ਨਾਲ ਗੌਰ ਕਰੇ!
8ਉਹ ਨੇ ਬੱਬਰ ਸ਼ੇਰ ਵਾਂਗੂੰ ਪੁਕਾਰਿਆ, ਹੇ ਪ੍ਰਭੂ, ਮੈਂ ਪਹਿਰੇ ਦੇ ਬੁਰਜ ਉੱਤੇ ਸਾਰਾ ਦਿਨ ਖੜ੍ਹਾ ਰਹਿੰਦਾ ਹਾਂ, ਅਤੇ ਰਾਤਾਂ ਦੀਆਂ ਰਾਤਾਂ ਆਪਣੇ ਪਹਿਰੇ ਉੱਤੇ ਟਿਕਿਆ ਰਹਿੰਦਾ ਹਾਂ।
9ਅਤੇ ਵੇਖੋ! ਅਸਵਾਰ, ਘੋੜ ਚੜ੍ਹਿਆਂ ਦੇ ਜੋੜੇ ਚਲੇ ਆਉਂਦੇ ਹਨ! ਉਹ ਨੇ ਉੱਤਰ ਦੇ ਕੇ ਆਖਿਆ, ਡਿੱਗ ਪਿਆ, ਬਾਬਲ ਡਿੱਗ ਪਿਆ! ਉਹ ਦੇ ਦੇਵਤਿਆਂ ਦੀਆਂ ਸਾਰੀਆਂ ਮੂਰਤੀਆਂ ਭੂੰਜੇ ਭੰਨੀਆਂ ਪਈਆਂ ਹਨ।
10ਹੇ ਮੇਰੇ ਗਾਹ ਅਤੇ ਮੇਰੇ ਪਿੜ ਦੇ ਅੰਨ, ਜੋ ਕੁਝ ਮੈਂ ਇਸਰਾਏਲ ਦੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਤੋਂ ਸੁਣਿਆ ਹੈ, ਮੈਂ ਤੁਹਾਨੂੰ ਦੱਸ ਦਿੱਤਾ ਹੈ।
11ਦੂਮਾਹ ਦੇ ਵਿਖੇ ਅਗੰਮ ਵਾਕ l ਸੇਈਰ ਤੋਂ ਕੋਈ ਮੈਨੂੰ ਪੁਕਾਰਦਾ ਹੈ, ਹੇ ਰਾਖੇ, ਰਾਤ ਦੀ ਕੀ ਖ਼ਬਰ ਹੈ? ਹੇ ਰਾਖੇ, ਰਾਤ ਦੀ ਕੀ ਖ਼ਬਰ ਹੈ?
12ਰਾਖੇ ਨੇ ਆਖਿਆ, ਸਵੇਰ ਆਉਂਦੀ ਹੈ, ਅਤੇ ਰਾਤ ਵੀ, ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਪੁੱਛੋ, ਫੇਰ ਮੁੜ ਕੇ ਆਓ।
13ਅਰਬ ਦੇ ਵਿਰੁੱਧ ਅਗੰਮ ਵਾਕ, - ਹੇ ਦਦਾਨੀਆਂ ਦੇ ਕਾਫ਼ਲਿਓ, ਤੁਸੀਂ ਜੋ ਅਰਬ ਦੇ ਜੰਗਲਾਂ ਵਿੱਚ ਟਿਕਦੇ ਹੋ।
14ਹੇ ਤੇਮਾ ਦੇਸ ਦੇ ਵਾਸੀਓ, ਤਿਹਾਏ ਦੇ ਪੀਣ ਲਈ ਪਾਣੀ ਲਿਆਓ, ਭਗੌੜੇ ਲਈ ਆਪਣੀ ਰੋਟੀ ਲੈ ਕੇ ਮਿਲੋ,
15ਕਿਉਂ ਜੋ ਉਹ ਤਲਵਾਰ ਤੋਂ, ਸਗੋਂ ਧੂਹੀ ਹੋਈ ਤਲਵਾਰ ਤੋਂ ਅਤੇ ਝੁਕਾਈ ਹੋਈ ਧਣੁੱਖ ਤੋਂ, ਅਤੇ ਘਮਸਾਣ ਯੁੱਧ ਤੋਂ ਭੱਜੇ ਹਨ।
16ਪ੍ਰਭੂ ਨੇ ਤਾਂ ਮੈਨੂੰ ਇਹ ਆਖਿਆ, ਮਜ਼ਦੂਰ ਦੇ ਸਾਲਾਂ ਦੇ ਅਨੁਸਾਰ ਇੱਕ ਸਾਲ ਵਿੱਚ, ਕੇਦਾਰ ਦਾ ਸਾਰਾ ਪਰਤਾਪ ਮੁੱਕ ਜਾਵੇਗਾ।
17ਕੇਦਾਰੀਆਂ ਦੇ ਸੂਰਮੇ, ਤੀਰ-ਅੰਦਾਜ਼ਾਂ ਦਾ ਬਕੀਆ ਥੋੜ੍ਹਾ ਹੀ ਰਹਿ ਜਾਵੇਗਾ, ਕਿਉਂ ਜੋ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਇਹ ਫ਼ਰਮਾਇਆ ਹੈ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।