ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

ਯਸਾਯਾਹ 19

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਮਿਸਰ ਦੇਸ ਦੇ ਵਿਖੇ ਅਗੰਮ ਵਾਕ l ਵੇਖੋ, ਯਹੋਵਾਹ ਉੱਡਦੇ ਬੱਦਲ ਉੱਤੇ ਸਵਾਰ ਹੋ ਕੇ ਮਿਸਰ ਨੂੰ ਆਉਂਦਾ ਹੈ, ਮਿਸਰ ਦੇ ਬੁੱਤ ਉਹ ਦੇ ਹਜ਼ੂਰ ਕੰਬ ਉੱਠਣਗੇ, ਅਤੇ ਮਿਸਰੀਆਂ ਦਾ ਦਿਲ ਉਨ੍ਹਾਂ ਦੇ ਅੰਦਰ ਢੱਲ਼ ਜਾਵੇਗਾ।
2ਮੈਂ ਮਿਸਰੀਆਂ ਨੂੰ ਮਿਸਰੀਆਂ ਦੇ ਵਿਰੁੱਧ ਪਰੇਰਾਂਗਾ, ਉਹ ਆਪਸ ਵਿੱਚ ਲੜਨਗੇ, ਹਰੇਕ ਮਨੁੱਖ ਆਪਣੇ ਭਰਾ ਨਾਲ, ਅਤੇ ਹਰੇਕ ਮਨੁੱਖ ਆਪਣੇ ਗੁਆਂਢੀ ਨਾਲ, ਸ਼ਹਿਰ ਸ਼ਹਿਰ ਨਾਲ ਅਤੇ ਰਾਜ ਰਾਜ ਨਾਲ ਯੁੱਧ ਕਰੇਗਾ।
3ਮਿਸਰੀਆਂ ਦੀ ਬੁੱਧ ਉਨ੍ਹਾਂ ਦੇ ਵਿੱਚੋਂ ਖਾਲੀ ਕੀਤੀ ਜਾਵੇਗੀ, ਮੈਂ ਉਨ੍ਹਾਂ ਦੀਆਂ ਜੁਗਤੀਆਂ ਨੂੰ ਅਸਫ਼ਲ ਕਰਾਂਗਾ, ਉਹ ਬੁੱਤਾਂ ਤੋਂ ਪੁੱਛ-ਗਿੱਛ ਕਰਨਗੇ, ਅਤੇ ਨਾਲੇ ਮੰਤ੍ਰੀਆਂ ਅਤੇ ਭੂਤ-ਮਿੱਤ੍ਰਾਂ ਅਤੇ ਦਿਓ-ਯਾਰਾਂ ਤੋਂ ਵੀ।
4ਮੈਂ ਮਿਸਰੀਆਂ ਨੂੰ ਨਿਰਦਈ ਮਾਲਕਾਂ ਦੇ ਵੱਸ ਵਿੱਚ ਕਰਾਂਗਾ, ਅਤੇ ਇੱਕ ਜ਼ਾਲਮ ਰਾਜਾ ਉਨ੍ਹਾਂ ਦੇ ਉੱਤੇ ਰਾਜ ਕਰੇਗਾ, ਸੈਨਾਂ ਦੇ ਪ੍ਰਭੂ ਯਹੋਵਾਹ ਦਾ ਵਾਕ ਹੈ।
5ਪਾਣੀ ਸਮੁੰਦਰ ਵਿੱਚੋਂ ਸੁੱਕ ਜਾਵੇਗਾ, ਅਤੇ ਦਰਿਆ ਖੁਸ਼ਕ ਅਤੇ ਖਾਲੀ ਹੋ ਜਾਵੇਗਾ,
6ਨਹਿਰਾਂ ਬਦਬੂਦਾਰ ਹੋ ਜਾਣਗੀਆਂ, ਮਿਸਰ ਦੇ ਨਾਲੇ ਘੱਟਦੇ-ਘੱਟਦੇ ਸੁੱਕ ਜਾਣਗੇ, ਕਾਨਾ ਤੇ ਪਿਲਛੀ ਗਲ਼ ਜਾਣਗੇ।
7ਨੀਲ ਦਰਿਆ ਉੱਤੇ, ਅਤੇ ਉਹ ਦੇ ਕੰਢੇ ਉੱਤੇ ਵਿਰਾਨੀ ਹੋਵੇਗੀ, ਜੋ ਕੁਝ ਨੀਲ ਦਰਿਆ ਦੇ ਕੋਲ ਬੀਜਿਆ ਜਾਵੇ, ਉਹ ਸੁੱਕ ਜਾਵੇਗਾ, ਉੱਡ ਜਾਵੇਗਾ ਅਤੇ ਫੇਰ ਹੋਵੇਗਾ ਨਹੀਂ।
8ਮਾਛੀ ਹਾਉਂਕੇ ਭਰਨਗੇ, ਉਹ ਸਾਰੇ ਜਿਹੜੇ ਨੀਲ ਵਿੱਚ ਕੁੰਡੀਆਂ ਪਾਉਂਦੇ ਹਨ, ਰੋਣਗੇ ਅਤੇ ਉਹ ਜਿਹੜੇ ਪਾਣੀਆਂ ਦੇ ਉੱਤੇ ਜਾਲ਼ ਵਿਛਾਉਂਦੇ ਹਨ ਢਿੱਲੇ ਪੈ ਜਾਣਗੇ।
9ਮਹੀਨ ਕਤਾਨ ਦੇ ਕਾਰੀਗਰ, ਅਤੇ ਚਿੱਟੇ ਸੂਤ ਦੇ ਬੁਣਨ ਵਾਲਿਆਂ ਦੀ ਆਸ ਟੁੱਟ ਜਾਵੇਗੀ।
10ਦੇਸ ਦੇ ਧਨਵਾਨ ਭੰਨੇ ਜਾਣਗੇ, ਅਤੇ ਸਾਰੇ ਮਜ਼ਦੂਰ ਪ੍ਰਾਣਾਂ ਤੋਂ ਔਖੇ ਹੋਣਗੇ।
11ਸੋਆਨ ਦੇ ਹਾਕਮ ਨਿਰੇ ਮੂਰਖ ਹੀ ਹਨ, ਫ਼ਿਰਊਨ ਦੇ ਸਿਆਣੇ ਸਲਾਹਕਾਰਾਂ ਦੀ ਸਲਾਹ ਖੱਚਰਪੁਣਾ ਹੀ ਹੈ। ਫੇਰ ਤੁਸੀਂ ਕਿਵੇਂ ਫ਼ਿਰਊਨ ਨੂੰ ਆਖਦੇ ਹੋ, ਮੈਂ ਸਿਆਣਿਆਂ ਦਾ ਪੁੱਤਰ ਹਾਂ, ਅਤੇ ਪ੍ਰਾਚੀਨ ਦੇ ਰਾਜਿਆਂ ਦੀ ਅੰਸ ਹਾਂ?
12ਹੁਣ ਤੇਰੇ ਸਿਆਣੇ ਕਿੱਥੇ ਹਨ? ਉਹ ਤੈਨੂੰ ਦੱਸਣ ਅਤੇ ਉਹ ਜਾਣਨ, ਕਿ ਸੈਨਾਂ ਦੇ ਯਹੋਵਾਹ ਨੇ ਮਿਸਰ ਲਈ ਕੀ ਠਾਣਿਆ ਹੈ।
13ਸੋਆਨ ਦੇ ਹਾਕਮ ਮੂਰਖ ਬਣ ਗਏ, ਨੋਫ਼ ਸ਼ਹਿਰ ਦੇ ਆਗੂ ਧੋਖਾ ਖਾ ਗਏ, ਅਤੇ ਉਹ ਦੇ ਗੋਤਾਂ ਦੇ ਸਿਰੇ ਦੇ ਪੱਥਰਾਂ ਨੇ ਮਿਸਰ ਨੂੰ ਕੁਰਾਹੇ ਪਾਇਆ।
14ਯਹੋਵਾਹ ਨੇ ਉਹ ਦੇ ਅੰਦਰ ਟੇਢੀ ਰੂਹ ਰਲਾ ਦਿੱਤੀ, ਉਨ੍ਹਾਂ ਨੇ ਮਿਸਰ ਨੂੰ ਉਹ ਦੇ ਸਭ ਕੰਮਾਂ ਵਿੱਚ ਡਗਮਗਾ ਦਿੱਤਾ ਹੈ, ਜਿਵੇਂ ਸ਼ਰਾਬੀ ਆਪਣੀ ਕੈ ਨਾਲ ਡਗਮਗਾਉਂਦਾ ਹੈ।
15ਫੇਰ ਮਿਸਰ ਲਈ ਕੋਈ ਕੰਮ ਨਹੀਂ ਹੋਵੇਗਾ, ਜਿਹੜਾ ਸਿਰ ਜਾਂ ਪੂਛ, ਖਜ਼ੂਰ ਦੀ ਟਹਿਣੀ ਜਾਂ ਕਾਨਾ ਕਰ ਸਕੇ।
16ਉਸ ਦਿਨ ਮਿਸਰੀ ਔਰਤਾਂ ਵਾਂਗੂੰ ਹੋ ਜਾਣਗੇ ਅਤੇ ਉਹ ਸੈਨਾਂ ਦੇ ਯਹੋਵਾਹ ਦੇ ਹੱਥ ਹਿਲਾਉਣ ਨਾਲ ਜਿਹੜਾ ਉਹ ਉਹਨਾਂ ਉੱਤੇ ਹਿਲਾਉਂਦਾ ਹੈ ਡਰਨਗੇ ਅਤੇ ਕੰਬਣਗੇ।
17ਯਹੂਦਾਹ ਦਾ ਦੇਸ ਮਿਸਰੀਆਂ ਲਈ ਇੱਕ ਡਰਾਵਾ ਹੋਵੇਗਾ। ਐਥੋਂ ਤੱਕ ਕਿ ਹਰੇਕ ਜਿਹੜਾ ਇਸ ਗੱਲ ਨੂੰ ਸੁਣੇਗਾ, ਉਹ ਸੈਨਾਂ ਦੇ ਯਹੋਵਾਹ ਦੀ ਯੋਜਨਾ ਦੇ ਕਾਰਨ ਜਿਹੜੀ ਉਸ ਨੇ ਉਨ੍ਹਾਂ ਦੇ ਵਿਰੁੱਧ ਬਣਾਈ ਹੈ, ਡਰੇਗਾ।
18ਉਸ ਦਿਨ ਮਿਸਰ ਦੇਸ ਵਿੱਚ ਪੰਜ ਸ਼ਹਿਰ ਹੋਣਗੇ ਜਿਹੜੇ ਕਨਾਨ ਦੀ ਬੋਲੀ ਬੋਲਣਗੇ ਅਤੇ ਜਿਹੜੇ ਸੈਨਾਂ ਦੇ ਯਹੋਵਾਹ ਦੀ ਸਹੁੰ ਖਾਣਗੇ। ਉਨ੍ਹਾਂ ਵਿੱਚੋਂ ਇੱਕ “ਨਾਸ ਨਗਰ” ਅਖਵਾਏਗਾ।
19ਉਸ ਦਿਨ ਮਿਸਰ ਦੇ ਵਿਚਕਾਰ ਯਹੋਵਾਹ ਲਈ ਇੱਕ ਜਗਵੇਦੀ ਹੋਵੇਗੀ ਅਤੇ ਉਹ ਦੀ ਹੱਦ ਕੋਲ ਯਹੋਵਾਹ ਲਈ ਇੱਕ ਥੰਮ੍ਹ ਹੋਵੇਗਾ।
20ਉਹ ਮਿਸਰ ਦੇਸ ਵਿੱਚ ਸੈਨਾਂ ਦੇ ਯਹੋਵਾਹ ਲਈ ਇੱਕ ਨਿਸ਼ਾਨ ਅਤੇ ਇੱਕ ਗਵਾਹ ਹੋਵੇਗਾ। ਜਦ ਉਹ ਜ਼ਾਲਮਾਂ ਦੇ ਕਾਰਨ ਯਹੋਵਾਹ ਦੀ ਦੁਹਾਈ ਦੇਣਗੇ, ਤਦ ਉਹ ਉਨ੍ਹਾਂ ਦੇ ਲਈ ਇੱਕ ਬਚਾਉ, ਇੱਕ ਮਹਾਪੁਰਸ਼ ਭੇਜੇਗਾ ਅਤੇ ਉਹ ਉਨ੍ਹਾਂ ਨੂੰ ਛੁਡਾਵੇਗਾ।
21ਯਹੋਵਾਹ ਮਿਸਰੀਆਂ ਲਈ ਆਪ ਨੂੰ ਪਰਗਟ ਕਰੇਗਾ ਅਤੇ ਉਸ ਦਿਨ ਮਿਸਰੀ ਯਹੋਵਾਹ ਨੂੰ ਜਾਣਨਗੇ ਅਤੇ ਉਹ ਬਲੀਆਂ ਅਤੇ ਭੇਟਾਂ ਨਾਲ ਉਸ ਦੀ ਉਪਾਸਨਾ ਕਰਨਗੇ ਅਤੇ ਉਹ ਯਹੋਵਾਹ ਲਈ ਸੁੱਖਣਾ ਸੁੱਖਣਗੇ ਅਤੇ ਪੂਰੀਆਂ ਵੀ ਕਰਨਗੇ।
22ਅਤੇ ਯਹੋਵਾਹ ਮਿਸਰ ਦੇ ਲੋਕਾਂ ਨੂੰ ਮਾਰੇਗਾ, ਉਹੋ ਨਾਲੇ ਮਾਰੇਗਾ ਨਾਲੇ ਚੰਗਾ ਵੀ ਕਰੇਗਾ ਅਤੇ ਉਹ ਯਹੋਵਾਹ ਵੱਲ ਮੁੜਨਗੇ ਅਤੇ ਉਹ ਉਹਨਾਂ ਦੀ ਦੁਹਾਈ ਸੁਣੇਗਾ ਅਤੇ ਉਹਨਾਂ ਨੂੰ ਚੰਗਾ ਕਰੇਗਾ।
23ਉਸ ਦਿਨ ਮਿਸਰ ਤੋਂ ਅੱਸ਼ੂਰ ਤੱਕ ਇੱਕ ਸੜਕ ਹੋਵੇਗੀ ਅਤੇ ਅੱਸ਼ੂਰੀ ਮਿਸਰ ਵਿੱਚ ਅਤੇ ਮਿਸਰੀ ਅੱਸ਼ੂਰ ਵਿੱਚ ਜਾਣਗੇ ਅਤੇ ਮਿਸਰੀ ਅੱਸ਼ੂਰੀਆਂ ਨਾਲ ਮਿਲ ਕੇ ਭਗਤੀ ਕਰਨਗੇ।
24ਉਸ ਦਿਨ ਇਸਰਾਏਲ ਮਿਸਰ ਨਾਲ ਅਤੇ ਅੱਸ਼ੂਰ ਨਾਲ ਤੀਜਾ ਹੋਵੇਗਾ, ਅਰਥਾਤ ਧਰਤੀ ਦੇ ਵਿੱਚ ਇੱਕ ਬਰਕਤ।
25ਜਿਨ੍ਹਾਂ ਨੂੰ ਸੈਨਾਂ ਦੇ ਯਹੋਵਾਹ ਨੇ ਇਹ ਆਖ ਕੇ ਬਰਕਤ ਦਿੱਤੀ ਕਿ ਮਿਸਰ ਮੇਰੀ ਪਰਜਾ ਅਤੇ ਅੱਸ਼ੂਰ ਮੇਰੀ ਦਸਤਕਾਰੀ ਅਤੇ ਇਸਰਾਏਲ ਮੇਰੀ ਮਿਰਾਸ ਮੁਬਾਰਕ ਹੋਵੇ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।