ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

ਯਸਾਯਾਹ 10

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਹਾਏ ਉਹਨਾਂ ਉੱਤੇ ਜਿਹੜੇ ਬੁਰੀਆਂ ਬਿਧੀਆਂ ਬਣਾਉਂਦੇ ਹਨ, ਅਤੇ ਉਹਨਾਂ ਲਿਖਾਰੀਆਂ ਉੱਤੇ ਜਿਹੜੇ ਜ਼ੁਲਮ ਨੂੰ ਲਿਖੀ ਜਾਂਦੇ ਹਨ!
2ਤਾਂ ਜੋ ਉਹ ਗਰੀਬਾਂ ਨੂੰ ਇਨਸਾਫ਼ ਤੋਂ ਮੋੜ ਦੇਣ, ਅਤੇ ਮੇਰੀ ਪਰਜਾ ਦੇ ਮਸਕੀਨਾਂ ਦਾ ਹੱਕ ਖੋਹ ਲੈਣ, ਭਈ ਵਿਧਵਾਂ ਉਹਨਾਂ ਦੀ ਲੁੱਟ ਹੋਣ, ਅਤੇ ਉਹ ਯਤੀਮਾਂ ਨੂੰ ਸ਼ਿਕਾਰ ਬਣਾਉਣ!
3ਤੁਸੀਂ ਸਜ਼ਾ ਦੇ ਦਿਨ ਕੀ ਕਰੋਗੇ, ਅਤੇ ਉਸ ਬਰਬਾਦੀ ਵਿੱਚ ਜਿਹੜੀ ਦੂਰੋਂ ਆਵੇਗੀ? ਤੁਸੀਂ ਸਹਾਇਤਾ ਲਈ ਕਿਸ ਦੇ ਕੋਲ ਨੱਠੋਗੇ, ਅਤੇ ਆਪਣਾ ਮਾਲ-ਧਨ ਕਿੱਥੇ ਛੱਡੋਗੇ?
4ਸਿਰਫ਼ ਇਹ ਕਿ ਉਹ ਕੈਦੀਆਂ ਦੇ ਹੇਠ ਦੱਬੇ ਜਾਣ, ਅਤੇ ਵੱਢਿਆਂ ਹੋਇਆਂ ਦੇ ਹੇਠ ਡਿੱਗ ਪੈਣ। ਇਸ ਸਭ ਦੇ ਬਾਵਜੂਦ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।
5ਹਾਏ ਅੱਸ਼ੂਰ ਦੇ ਰਾਜੇ ਉੱਤੇ - ਮੇਰੇ ਕ੍ਰੋਧ ਦੇ ਡੰਡੇ ਉੱਤੇ! ਉਹ ਲਾਠੀ ਜਿਹੜੀ ਉਹ ਦੇ ਹੱਥ ਵਿੱਚ ਹੈ, ਉਹ ਮੇਰਾ ਕਹਿਰ ਹੈ।
6ਮੈਂ ਉਹ ਨੂੰ ਇੱਕ ਕੁਧਰਮੀ ਕੌਮ ਦੇ ਵਿਰੁੱਧ ਘੱਲਾਂਗਾ, ਅਤੇ ਜਿਨ੍ਹਾਂ ਲੋਕਾਂ ਉੱਤੇ ਮੇਰਾ ਕਹਿਰ ਭੜਕਿਆ ਹੈ, ਉਨ੍ਹਾਂ ਵਿਰੁੱਧ ਹੁਕਮ ਦਿਆਂਗਾ, ਭਈ ਉਹ ਲੁੱਟ ਲੁੱਟੇ ਅਤੇ ਮਾਲ ਚੁਰਾਵੇ, ਅਤੇ ਗਲੀਆਂ ਦੇ ਚਿੱਕੜ ਵਾਂਗੂੰ ਉਹਨਾਂ ਨੂੰ ਮਿੱਧੇ।
7ਪਰ ਉਹ ਦਾ ਇਹ ਇਰਾਦਾ ਨਹੀਂ, ਨਾ ਉਹ ਦਾ ਮਨ ਅਜਿਹਾ ਸੋਚਦਾ ਹੈ, ਸਗੋਂ ਉਹ ਦੇ ਮਨ ਵਿੱਚ ਤਾਂ ਨਾਸ ਕਰਨਾ, ਅਤੇ ਬਹੁਤ ਸਾਰੀਆਂ ਕੌਮਾਂ ਨੂੰ ਵੱਢ ਸੁੱਟਣਾ ਹੈ।
8ਉਹ ਤਾਂ ਆਖਦਾ ਹੈ, ਭਲਾ ਮੇਰੇ ਸਾਰੇ ਸੂਬੇਦਾਰ ਰਾਜਿਆਂ ਵਰਗੇ ਨਹੀਂ?
9ਕੀ ਕਲਨੋ, ਕਰਕਮੀਸ਼ ਵਰਗਾ ਨਹੀਂ? ਕੀ ਹਮਾਥ, ਅਰਪਾਦ ਵਰਗਾ ਅਤੇ ਸਾਮਰਿਯਾ ਦੰਮਿਸ਼ਕ ਵਰਗਾ ਨਹੀਂ?
10ਜਿਵੇਂ ਮੇਰਾ ਹੱਥ ਬੁੱਤਾਂ ਨਾਲ ਭਰੇ ਹੋਏ ਰਾਜਾਂ ਤੱਕ ਪਹੁੰਚਿਆ, ਜਿਨ੍ਹਾਂ ਦੀਆਂ ਖੋਦੀਆਂ ਹੋਈਆਂ ਮੂਰਤੀਆਂ, ਯਰੂਸ਼ਲਮ ਅਤੇ ਸਾਮਰਿਯਾ ਦੀਆਂ ਮੂਰਤਾਂ ਨਾਲੋਂ ਬਹੁਤੀਆਂ ਸਨ,
11ਜਿਵੇਂ ਮੈਂ ਸਾਮਰਿਯਾ ਅਤੇ ਉਸ ਦੇ ਬੁੱਤਾਂ ਨਾਲ ਕੀਤਾ, ਭਲਾ, ਉਸੇ ਤਰ੍ਹਾਂ ਹੀ ਮੈਂ ਯਰੂਸ਼ਲਮ ਅਤੇ ਉਸ ਦੀਆਂ ਮੂਰਤੀਆਂ ਨਾਲ ਨਾ ਕਰਾਂ?
12ਤਦ ਅਜਿਹਾ ਹੋਵੇਗਾ ਕਿ ਜਦ ਪ੍ਰਭੂ ਸੀਯੋਨ ਦੇ ਪਰਬਤ ਅਤੇ ਯਰੂਸ਼ਲਮ ਵਿੱਚ ਆਪਣਾ ਸਾਰਾ ਕੰਮ ਮੁਕਾ ਲਵੇਗਾ, ਤਾਂ ਮੈਂ ਅੱਸ਼ੂਰ ਦੇ ਰਾਜੇ ਨੂੰ ਉਸ ਦੇ ਘਮੰਡੀ ਦਿਲ ਦੀ ਕਰਨੀ ਅਤੇ ਉਸ ਦੀਆਂ ਉੱਚੀਆਂ ਅੱਖਾਂ ਦੀ ਸ਼ਾਨ ਦੀ ਸਜ਼ਾ ਦਿਆਂਗਾ।
13ਉਹ ਤਾਂ ਆਖਦਾ ਹੈ, ਮੈਂ ਆਪਣੇ ਹੱਥ ਦੇ ਬਲ ਨਾਲ ਇਹ ਕੀਤਾ, ਨਾਲੇ ਆਪਣੀ ਬੁੱਧੀ ਨਾਲ ਕਿਉਂ ਜੋ ਮੈਂ ਸਮਝ ਰੱਖਦਾ ਹਾਂ! ਮੈਂ ਲੋਕਾਂ ਦੀਆਂ ਸਾਰੀਆਂ ਹੱਦਾਂ ਨੂੰ ਸਰਕਾਇਆ ਅਤੇ ਉਨ੍ਹਾਂ ਦੇ ਰੱਖੇ ਹੋਏ ਮਾਲ-ਧਨ ਨੂੰ ਲੁੱਟਿਆ, ਅਤੇ ਸੂਰਮੇ ਵਾਂਗੂੰ ਮੈਂ ਗੱਦੀਆਂ ਉੱਤੇ ਬਿਰਾਜਮਾਨ ਹੋਣ ਵਾਲਿਆਂ ਨੂੰ ਹੇਠਾਂ ਲਾਹ ਦਿੱਤਾ!
14ਮੇਰੇ ਹੱਥ ਨੇ ਲੋਕਾਂ ਦੇ ਮਾਲ-ਧਨ ਨੂੰ ਐਂਵੇਂ ਲੱਭ ਲਿਆ ਹੈ, ਜਿਵੇਂ ਕੋਈ ਆਲ੍ਹਣੇ ਨੂੰ ਲੱਭ ਲੈਂਦਾ, ਅਤੇ ਜਿਵੇਂ ਕੋਈ ਛੱਡੇ ਹੋਏ ਆਂਡੇ ਸਮੇਟਦਾ ਹੈ, ਉਸੇ ਤਰ੍ਹਾਂ ਹੀ ਮੈਂ ਸਾਰੀ ਧਰਤੀ ਨੂੰ ਸਮੇਟ ਲਿਆ, ਅਤੇ ਨਾ ਕਿਸੇ ਨੇ ਖੰਭ ਹਿਲਾਇਆ, ਨਾ ਮੂੰਹ ਖੋਲ੍ਹਿਆ, ਨਾ ਚੀਂ-ਚੀਂ ਕੀਤੀ।
15ਭਲਾ, ਕੁਹਾੜਾ ਆਪਣੇ ਚਲਾਉਣ ਵਾਲੇ ਅੱਗੇ ਆਕੜੇ? ਕੀ ਆਰਾ ਆਪਣੇ ਖਿੱਚਣ ਵਾਲੇ ਅੱਗੇ ਗਰੂਰ ਕਰੇ? ਕੀ ਡੰਡਾ ਆਪਣੇ ਚੁੱਕਣ ਵਾਲੇ ਨੂੰ ਹਿਲਾਵੇ, ਜਾਂ ਲਾਠੀ ਉਹ ਨੂੰ ਚੁੱਕੇ ਜਿਹੜਾ ਲੱਕੜ ਨਹੀਂ ਹੈ!
16ਇਸ ਲਈ ਪ੍ਰਭੂ, ਸੈਨਾਂ ਦਾ ਯਹੋਵਾਹ, ਉਹ ਦੇ ਰਿਸ਼ਟ-ਪੁਸ਼ਟ ਸੂਰਮਿਆਂ ਵਿੱਚ ਨਿਰਬਲ ਕਰਨ ਵਾਲੇ ਰੋਗ ਘੱਲੇਗਾ ਅਤੇ ਉਹ ਦੇ ਤੇਜ ਦੇ ਹੇਠਾਂ ਅੱਗ ਦੇ ਸਾੜੇ ਵਾਂਗੂੰ ਸਾੜ ਬਲੇਗੀ।
17ਇਸਰਾਏਲ ਦੀ ਜੋਤ ਅੱਗ, ਅਤੇ ਉਹ ਦਾ ਪਵਿੱਤਰ ਪੁਰਖ ਲੰਬ ਹੋਵੇਗਾ, ਉਹ ਉਸ ਦੇ ਕੰਡੇ ਅਤੇ ਕੰਡਿਆਲੇ ਇੱਕੋ ਹੀ ਦਿਨ ਵਿੱਚ ਸਾੜ ਕੇ ਭਸਮ ਕਰ ਦੇਵੇਗਾ।
18ਉਹ ਉਸ ਦੇ ਜੰਗਲਾਂ ਅਤੇ ਉਸ ਦੀ ਫਲਦਾਰ ਭੂਮੀ ਦੇ ਪਰਤਾਪ ਨੂੰ ਅਤੇ ਜਾਨ ਤੇ ਮਾਸ ਨੂੰ ਮਿਟਾ ਦੇਵੇਗਾ, ਜਿਵੇਂ ਕੋਈ ਰੋਗੀ ਜਾਂਦਾ ਰਹਿੰਦਾ ਹੈ।
19ਉਹ ਦੇ ਜੰਗਲਾਂ ਦੇ ਰੁੱਖਾਂ ਦੀ ਗਿਣਤੀ ਐਨੀ ਥੋੜ੍ਹੀ ਹੋਵੇਗੀ ਕਿ ਬੱਚਾ ਵੀ ਉਨ੍ਹਾਂ ਨੂੰ ਲਿਖ ਸਕੇਗਾ।
20ਉਸ ਦਿਨ ਅਜਿਹਾ ਹੋਵੇਗਾ ਕਿ ਇਸਰਾਏਲ ਦੇ ਬਾਕੀ ਬਚੇ ਹੋਏ ਲੋਕ ਅਤੇ ਯਾਕੂਬ ਦੇ ਘਰਾਣੇ ਦੇ ਬਚੇ ਹੋਏ ਆਪਣੇ ਮਾਰਨ ਵਾਲੇ ਦਾ ਫੇਰ ਸਹਾਰਾ ਨਾ ਲੈਣਗੇ, ਪਰ ਇਸਰਾਏਲ ਦੇ ਪਵਿੱਤਰ ਪੁਰਖ ਯਹੋਵਾਹ ਦਾ ਸਚਿਆਈ ਨਾਲ ਸਹਾਰਾ ਲੈਣਗੇ।
21ਇੱਕ ਬਕੀਆ ਅਰਥਾਤ ਯਾਕੂਬ ਦਾ ਬਕੀਆ, ਸ਼ਕਤੀਮਾਨ ਪਰਮੇਸ਼ੁਰ ਵੱਲ ਮੁੜੇਗਾ।
22ਭਾਵੇਂ ਤੇਰੀ ਪਰਜਾ ਇਸਰਾਏਲ ਸਮੁੰਦਰ ਦੀ ਰੇਤ ਵਾਂਗੂੰ ਹੋਵੇ, ਉਨ੍ਹਾਂ ਵਿੱਚੋਂ ਕੁਝ ਹੀ ਮੁੜਨਗੇ। ਬਰਬਾਦੀ ਦਾ ਪੱਕਾ ਫ਼ੈਸਲਾ ਹੋ ਚੁੱਕਾ ਹੈ, ਉਹ ਧਰਮ ਅਤੇ ਫੁਰਤੀ ਨਾਲ ਆਉਂਦਾ ਹੈ।
23ਕਿਉਂ ਜੋ ਸੈਨਾਂ ਦਾ ਯਹੋਵਾਹ ਸਾਰੀ ਧਰਤੀ ਦੇ ਵਿਚਕਾਰ ਆਪਣੇ ਫ਼ੈਸਲੇ ਅਨੁਸਾਰ ਪੂਰੀ ਬਰਬਾਦੀ ਕਰੇਗਾ।
24ਇਸ ਲਈ ਪ੍ਰਭੂ ਸੈਨਾਂ ਦਾ ਯਹੋਵਾਹ ਇਹ ਆਖਦਾ ਹੈ, ਹੇ ਮੇਰੀ ਪਰਜਾ ਸੀਯੋਨ ਦੇ ਵਾਸੀਓ, ਅੱਸ਼ੂਰੀਆਂ ਤੋਂ ਨਾ ਡਰੋ, ਜਦ ਉਹ ਡੰਡੇ ਨਾਲ ਮਾਰਨ ਅਤੇ ਤੁਹਾਡੇ ਉੱਤੇ ਮਿਸਰੀਆਂ ਵਾਂਗੂੰ ਆਪਣੀ ਲਾਠੀ ਚੁੱਕਣ।
25ਕਿਉਂ ਜੋ ਬਹੁਤ ਥੋੜ੍ਹੇ ਸਮੇਂ ਵਿੱਚ ਮੇਰਾ ਕਹਿਰ ਮੁੱਕ ਜਾਵੇਗਾ ਅਤੇ ਮੇਰਾ ਕ੍ਰੋਧ ਉਨ੍ਹਾਂ ਦੀ ਬਰਬਾਦੀ ਲਈ ਹੋਵੇਗਾ।
26ਸੈਨਾਂ ਦਾ ਯਹੋਵਾਹ ਉਨ੍ਹਾਂ ਨੂੰ ਕੋਰੜੇ ਨਾਲ ਮਾਰੇਗਾ, ਜਿਵੇਂ ਓਰੇਬ ਦੀ ਚੱਟਾਨ ਉੱਤੇ ਮਿਦਯਾਨ ਨੂੰ ਮਾਰਿਆ ਅਤੇ ਜਿਵੇਂ ਉਸ ਨੇ ਆਪਣੀ ਲਾਠੀ ਮਿਸਰ ਉੱਤੇ ਚੁੱਕੀ, ਉਸੇ ਤਰ੍ਹਾਂ ਹੀ ਉਹ ਦੀ ਲਾਠੀ ਸਮੁੰਦਰ ਉੱਤੇ ਹੋਵੇਗੀ।
27ਅਤੇ ਉਸ ਦਿਨ ਅਜਿਹਾ ਹੋਵੇਗਾ ਕਿ ਉਹ ਦਾ ਭਾਰ ਤੇਰੇ ਮੋਢਿਆਂ ਤੋਂ ਅਤੇ ਉਹ ਦਾ ਜੂਲਾ ਤੇਰੀ ਗਰਦਨ ਤੋਂ ਲਾਹ ਦਿੱਤਾ ਜਾਵੇਗਾ ਅਤੇ ਉਹ ਜੂਲਾ ਚਰਬੀ ਦੇ ਕਾਰਨ ਤੋੜਿਆ ਜਾਵੇਗਾ।
28ਉਹ ਅੱਯਾਥ ਨਗਰ ਵਿੱਚ ਆਏ, ਉਹ ਮਿਗਰੋਨ ਨਗਰ ਦੇ ਵਿੱਚੋਂ ਦੀ ਲੰਘੇ, ਮਿਕਮਾਸ਼ ਨਗਰ ਵਿੱਚ ਉਨ੍ਹਾਂ ਨੇ ਆਪਣਾ ਸਮਾਨ ਰੱਖਿਆ ਹੈ!
29ਉਹ ਘਾਟੀ ਦੇ ਪਾਰ ਹੋ ਗਏ, ਗਬਾ ਉਨ੍ਹਾਂ ਦਾ ਟਿਕਾਣਾ ਹੋਇਆ, ਰਾਮਾਹ ਕੰਬਦਾ ਹੈ, ਸ਼ਾਊਲ ਦਾ ਗਿਬਆਹ ਪਿੰਡ ਨੱਠ ਤੁਰਿਆ!
30ਹੇ ਗੱਲੀਮ ਦੀ ਧੀਏ, ਉੱਚੀ ਦੇ ਕੇ ਚਿੱਲਾ! ਹੇ ਲੈਸ਼ਾਹ, ਧਿਆਨ ਦੇ! ਹੇ ਅਨਾਥੋਥ, ਉਹ ਨੂੰ ਉੱਤਰ ਦੇ!
31ਮਦਮੇਨਾਹ ਨਗਰ ਭੱਜ ਤੁਰਿਆ, ਗੋਬੀਮ ਨਗਰ ਦੇ ਵਾਸੀ ਪਨਾਹ ਭਾਲਦੇ ਹਨ।
32ਅੱਜ ਦੇ ਦਿਨ ਉਹ ਨੋਬ ਨਗਰ ਵਿੱਚ ਠਹਿਰਣਗੇ, ਉਹ ਸੀਯੋਨ ਦੀ ਧੀ ਦੇ ਪਰਬਤ ਉੱਤੇ, ਯਰੂਸ਼ਲਮ ਦੇ ਟਿੱਬੇ ਉੱਤੇ ਆਪਣੇ ਹੱਥ ਚੁੱਕ ਕੇ ਧਮਕਾਉਣਗੇ!
33ਵੇਖੋ, ਪ੍ਰਭੂ ਸੈਨਾਂ ਦਾ ਯਹੋਵਾਹ, ਭਿਆਨਕ ਤਰੀਕੇ ਨਾਲ ਟਹਿਣੀਆਂ ਨੂੰ ਛਾਂਗੇਗਾ, ਲੰਮੇ ਕੱਦ ਦੇ ਵੱਢੇ ਜਾਣਗੇ, ਅਤੇ ਜਿਹੜੇ ਉੱਚੇ ਹਨ, ਉਹ ਨੀਵੇਂ ਕੀਤੇ ਜਾਣਗੇ।
34ਉਹ ਸੰਘਣੇ ਜੰਗਲ ਨੂੰ ਕੁਹਾੜੇ ਨਾਲ ਵੱਢ ਸੁੱਟੇਗਾ, ਅਤੇ ਲਬਾਨੋਨ ਤੇਜਵਾਨ ਪਰਮੇਸ਼ੁਰ ਦੇ ਹੱਥੋਂ ਨਾਸ ਕੀਤਾ ਜਾਵੇਗਾ l
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।