ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

ਕੂਚ 35

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਮੂਸਾ ਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਇਕੱਠਾ ਕਰ ਕੇ ਉਨ੍ਹਾਂ ਨੂੰ ਆਖਿਆ, ਇਹ ਗੱਲਾਂ ਹਨ ਜਿਨ੍ਹਾਂ ਦੇ ਕਰਨ ਦਾ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ
2ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਤੁਹਾਡਾ ਵਿਸ਼ਰਾਮ ਦਾ ਪਵਿੱਤਰ ਸਬਤ ਯਹੋਵਾਹ ਲਈ ਹੋਵੇ। ਜੋ ਕੋਈ ਉਸ ਵਿੱਚ ਕੰਮ ਕਰੇ ਉਹ ਮਾਰਿਆ ਜਾਵੇ।
3ਤੁਸੀਂ ਆਪਣੇ ਘਰਾਂ ਵਿੱਚ ਸਬਤ ਦੇ ਦਿਨ ਅੱਗ ਨਾ ਬਾਲਣੀ।
4ਮੂਸਾ ਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਆਖਿਆ ਕਿ ਜਿਹੜੀ ਗੱਲ ਦਾ ਯਹੋਵਾਹ ਨੇ ਹੁਕਮ ਦਿੱਤਾ ਹੈ ਉਹ ਇਹ ਹੈ
5ਕਿ ਤੁਸੀਂ ਆਪਣਿਆਂ ਵਿੱਚੋਂ ਯਹੋਵਾਹ ਲਈ ਭੇਟ ਲਿਓ। ਜਿਹ ਦੇ ਮਨ ਦੀ ਭਾਉਣੀ ਹੋਵੇ ਉਹ ਯਹੋਵਾਹ ਲਈ ਭੇਟ ਲਿਆਵੇ - ਸੋਨਾ ਚਾਂਦੀ ਪਿੱਤਲ
6ਅਤੇ ਨੀਲੇ ਬੈਂਗਣੀ ਕਿਰਮਚੀ ਮਹੀਨ ਕਤਾਨ ਅਤੇ ਪਸ਼ਮ
7ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਅਤੇ ਸਮੁੰਦਰੀ ਜੀਵ ਦੀਆਂ ਖੱਲਾਂ ਅਤੇ ਸ਼ਿੱਟੀਮ ਦੀ ਲੱਕੜੀ
8ਅਤੇ ਦੀਵੇ ਦਾ ਤੇਲ ਅਤੇ ਮਸਹ ਕਰਨ ਦੇ ਤੇਲ ਦਾ ਅਤੇ ਸੁਗੰਧੀ ਧੂਪ ਦਾ ਮਸਾਲਾ
9ਸੁਲੇਮਾਨੀ ਪੱਥਰ ਅਤੇ ਏਫ਼ੋਦ ਅਤੇ ਸੀਨੇ ਬੰਦ ਵਿੱਚ ਜੜਨ ਲਈ ਨਗ।
10ਤੁਹਾਡੇ ਵਿੱਚੋਂ ਹਰ ਇੱਕ ਸਮਝਦਾਰ ਆਵੇ ਅਤੇ ਸਭ ਕੁਝ ਜਿਹ ਦਾ ਯਹੋਵਾਹ ਨੇ ਹੁਕਮ ਦਿੱਤਾ ਹੈ ਬਣਾਵੇ।
11ਡੇਰਾ ਅਤੇ ਉਸ ਦਾ ਤੰਬੂ ਅਤੇ ਉਸ ਦਾ ਢੱਕਣ ਅਤੇ ਉਸ ਦੀਆਂ ਕੁੰਡੀਆਂ ਅਤੇ ਉਸ ਦੇ ਫੱਟੇ ਅਤੇ ਉਸ ਦੇ ਹੋੜੇ ਉਸ ਦੀਆਂ ਥੰਮ੍ਹੀਆਂ ਅਤੇ ਉਸ ਦੀਆਂ ਚੀਥੀਆਂ
12ਸੰਦੂਕ ਅਤੇ ਉਸ ਦੀਆਂ ਚੋਬਾਂ, ਪ੍ਰਾਸਚਿਤ ਦਾ ਸਰਪੋਸ਼ ਅਤੇ ਓਟ ਦਾ ਪਰਦਾ
13ਮੇਜ਼ ਅਤੇ ਉਸ ਦੀਆਂ ਚੋਬਾਂ ਅਤੇ ਉਸ ਦੇ ਸਾਰੇ ਭਾਂਡੇ ਅਤੇ ਹਜ਼ੂਰੀ ਦੀ ਰੋਟੀ
14ਸ਼ਮਾਦਾਨ ਚਾਨਣ ਦੇਣ ਲਈ ਅਤੇ ਉਸ ਦਾ ਸਮਾਨ ਅਤੇ ਉਸ ਦੇ ਦੀਵੇ ਅਤੇ ਚਾਨਣ ਲਈ ਤੇਲ
15ਧੂਪ ਦੀ ਜਗਵੇਦੀ ਅਤੇ ਉਸ ਦੀਆਂ ਚੋਬਾਂ ਅਤੇ ਮਸਹ ਕਰਨ ਦਾ ਤੇਲ ਸੁਗੰਧੀ ਧੂਪ ਅਤੇ ਡੇਰੇ ਦੇ ਦਰਵਾਜ਼ੇ ਕੋਲ ਦਰਵਾਜ਼ੇ ਦੀ ਓਟ
16ਅਤੇ ਹੋਮ ਦੀ ਜਗਵੇਦੀ ਅਤੇ ਉਹ ਦੇ ਲਈ ਪਿੱਤਲ ਦੀ ਝੰਜਰੀ ਅਤੇ ਉਹ ਦੀਆਂ ਚੋਬਾਂ ਅਤੇ ਉਸ ਦਾ ਸਾਰਾ ਸਮਾਨ ਹੌਦ ਅਤੇ ਉਸ ਦੀ ਚੌਂਕੀ
17ਵਿਹੜੇ ਦੀਆਂ ਕਨਾਤਾਂ ਅਤੇ ਉਸ ਦੀਆਂ ਥੰਮ੍ਹੀਆਂ ਅਤੇ ਉਸ ਦੀਆਂ ਚੀਥੀਆਂ ਅਤੇ ਵਿਹੜੇ ਦੇ ਫਾਟਕ ਦੀ ਓਟ
18ਡੇਰੇ ਦੀਆਂ ਕੀਲੀਆਂ ਅਤੇ ਵਿਹੜੇ ਦੀਆਂ ਕੀਲੀਆਂ ਅਤੇ ਉਨ੍ਹਾਂ ਦੀਆਂ ਲਾਸਾਂ
19ਅਤੇ ਪਵਿੱਤਰ ਸਥਾਨ ਵਿੱਚ ਉਪਾਸਨਾ ਲਈ ਮਹੀਨ ਉਣਿਆ ਹੋਇਆ ਬਸਤਰ ਅਰਥਾਤ ਹਾਰੂਨ ਜਾਜਕ ਦੇ ਪਵਿੱਤਰ ਬਸਤਰ ਅਤੇ ਉਸ ਦੇ ਪੁੱਤਰਾਂ ਦੇ ਬਸਤਰ ਕਿ ਉਹ ਜਾਜਕਾਈ ਦਾ ਕੰਮ ਕਰਨ।
20ਇਸਰਾਏਲੀਆਂ ਦੀ ਸਾਰੀ ਮੰਡਲੀ ਮੂਸਾ ਦੇ ਅੱਗੋਂ ਬਾਹਰ ਗਈ
21ਅਤੇ ਸਾਰੇ ਮਨੁੱਖ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ, ਆਏ ਅਤੇ ਜਿਨ੍ਹਾਂ ਦੇ ਆਤਮਾ ਨੇ ਉਸ ਦੀ ਭਾਉਣੀ ਕੀਤੀ ਉਹ ਯਹੋਵਾਹ ਲਈ ਭੇਟਾਂ ਮੰਡਲੀ ਦੇ ਤੰਬੂ ਦੇ ਬਣਾਉਣ ਲਈ ਅਤੇ ਉਸ ਦੀ ਸਾਰੀ ਉਪਾਸਨਾ ਲਈ ਅਤੇ ਪਵਿੱਤਰ ਬਸਤ੍ਰਾਂ ਲਈ ਲਿਆਏ।
22ਮਨੁੱਖ ਅਤੇ ਉਨ੍ਹਾਂ ਦੇ ਨਾਲ ਔਰਤਾਂ ਆਈਆਂ ਅਤੇ ਮਨ ਦੀ ਭਾਉਣੀ ਨਾਲ ਜੁਗਨੀਆਂ, ਨਥਾਂ, ਛਾਪਾਂ ਅਤੇ ਹਾਰ ਸਾਰੇ ਸੋਨੇ ਦੇ ਗਹਿਣੇ ਲਿਆਏ ਅਤੇ ਸਾਰੇ ਮਨੁੱਖਾਂ ਨੇ ਯਹੋਵਾਹ ਲਈ ਸੋਨੇ ਦੀਆਂ ਭੇਟਾਂ ਦਿੱਤੀਆਂ
23ਅਤੇ ਜਿਨ੍ਹਾਂ ਮਨੁੱਖਾਂ ਕੋਲੋਂ ਨੀਲਾ ਬੈਂਗਣੀ ਅਤੇ ਕਿਰਮਚੀ ਸੂਤ ਅਤੇ ਮਹੀਨ ਕਤਾਨ ਅਤੇ ਪਸ਼ਮ ਅਤੇ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਅਤੇ ਸਮੁੰਦਰੀ ਜੀਵ ਦੀਆਂ ਖੱਲਾਂ ਲੱਭੀਆਂ, ਉਹ ਲਿਆਏ।
24ਜਿੰਨਿਆਂ ਨੇ ਚਾਂਦੀ ਅਤੇ ਪਿੱਤਲ ਦੀਆਂ ਭੇਟਾਂ ਚੜ੍ਹਾਉਣੀਆਂ ਚਾਹੀਆਂ ਉਹ ਯਹੋਵਾਹ ਲਈ ਭੇਟਾਂ ਲਿਆਏ ਅਤੇ ਜਿੰਨਿਆਂ ਦੇ ਕੋਲੋਂ ਸ਼ਿੱਟੀਮ ਦੀ ਲੱਕੜੀ ਉਪਾਸਨਾ ਦੇ ਕਿਸੇ ਕੰਮ ਲਈ ਲੱਭੀ ਉਹ ਲਿਆਏ।
25ਅਤੇ ਸਾਰੀਆਂ ਸਿਆਣੀਆਂ ਇਸਤਰੀਆਂ ਨੇ ਆਪਣੀ ਹੱਥੀਂ ਕੱਤਿਆ ਅਤੇ ਜੋ ਕੱਤਿਆ ਉਹ ਲੈ ਆਈਆਂ, ਅਰਥਾਤ ਨੀਲਾ ਬੈਂਗਣੀ ਅਤੇ ਕਿਰਮਚੀ ਮਹੀਨ ਕਤਾਨ
26ਅਤੇ ਸਾਰੀਆਂ ਇਸਤਰੀਆਂ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਬੁੱਧ ਨਾਲ ਪਰੇਰਿਆ ਪਸ਼ਮ ਕੱਤੀ
27ਅਤੇ ਸਰਦਾਰ ਸੁਲੇਮਾਨੀ ਪੱਥਰ ਅਤੇ ਏਫ਼ੋਦ ਅਤੇ ਸੀਨੇ ਬੰਦ ਵਿੱਚ ਜੜਨ ਲਈ ਨਗ ਲਿਆਏ
28ਅਤੇ ਮਸਾਲਾ ਅਤੇ ਚਾਨਣੇ ਲਈ ਤੇਲ ਅਤੇ ਮਸਹ ਕਰਨ ਲਈ ਤੇਲ ਅਤੇ ਸੁਗੰਧੀ ਧੂਪ
29ਅਤੇ ਇਸਰਾਏਲੀਆਂ ਦੇ ਸਾਰੇ ਮਨੁੱਖ ਅਤੇ ਇਸਤਰੀਆਂ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਕਿ ਉਹ ਸਾਰੇ ਕੰਮ ਲਈ ਲਿਆਉਣ ਜਿਹ ਦਾ ਯਹੋਵਾਹ ਨੇ ਮੂਸਾ ਦੀ ਰਾਹੀਂ ਬਣਾਉਣ ਦਾ ਹੁਕਮ ਦਿੱਤਾ ਸੀ ਉਹ ਯਹੋਵਾਹ ਲਈ ਖੁਸ਼ੀ ਦੀਆਂ ਭੇਟਾਂ ਲਿਆਏ।
30ਮੂਸਾ ਨੇ ਇਸਰਾਏਲੀਆਂ ਨੂੰ ਆਖਿਆ, ਵੇਖੋ, ਯਹੂਦਾਹ ਦੇ ਗੋਤ ਦੇ ਬਸਲਏਲ ਨੂੰ ਜਿਹੜਾ ਹੂਰ ਦਾ ਪੋਤਾ ਅਤੇ ਊਰੀ ਦਾ ਪੁੱਤਰ ਹੈ, ਯਹੋਵਾਹ ਨੇ ਨਾਮ ਲੈ ਕੇ ਬੁਲਾਇਆ ਹੈ
31ਅਤੇ ਉਸ ਨੇ ਉਹ ਨੂੰ ਪਰਮੇਸ਼ੁਰ ਦੇ ਆਤਮਾ ਤੋਂ ਬੁੱਧ, ਸਮਝ, ਵਿੱਦਿਆ ਅਤੇ ਸਾਰੀ ਕਾਰੀਗਰੀ ਨਾਲ ਭਰਪੂਰ ਕੀਤਾ ਹੈ
32ਕਿ ਉਹ ਕਾਰੀਗਰੀ ਦਾ ਕੰਮ ਕੱਢੇ ਅਤੇ ਸੋਨੇ ਚਾਂਦੀ ਅਤੇ ਪਿੱਤਲ ਦਾ ਕੰਮ ਕਰੇ
33ਅਤੇ ਪੱਥਰਾਂ ਨੂੰ ਜੜਨ ਲਈ ਉੱਕਰੇ ਅਤੇ ਲੱਕੜੀ ਦੀ ਚਿੱਤਰਕਾਰੀ ਕਰੇ ਅਰਥਾਤ ਸਭ ਪਰਕਾਰ ਦੀ ਕਾਰੀਗਰੀ ਨਾਲ ਕੰਮ ਕਰੇ
34ਅਤੇ ਉਸ ਨੇ ਸਿਖਾਉਣ ਦੀ ਬੁੱਧ ਉਸ ਨੂੰ ਨਾਲੇ ਦਾਨ ਦੇ ਗੋਤ ਦੇ ਅਹੀਸਾਮਾਕ ਦੇ ਪੁੱਤਰ ਆਹਾਲੀਆਬ ਨੂੰ ਦਿੱਤੀ।
35ਉਸ ਨੇ ਉਨ੍ਹਾਂ ਦੇ ਮਨਾਂ ਨੂੰ ਬੁੱਧ ਨਾਲ ਭਰਪੂਰ ਕੀਤਾ ਕਿ ਉਹ ਹਰ ਪਰਕਾਰ ਦਾ ਕਾਰੀਗਰੀ ਦਾ ਕੰਮ ਕਰਨ ਅਰਥਾਤ ਉੱਕਰਾਵੇ ਦਾ, ਚਤੇਰੇ ਦਾ ਅਤੇ ਕਸੀਦੇਕਾਰ ਦਾ ਅਤੇ ਨੀਲੇ ਬੈਂਗਣੀ ਕਿਰਮਚੀ ਮਹੀਨ ਕਤਾਨ ਦਾ ਅਤੇ ਜੁਲਾਹੇ ਦਾ ਅਤੇ ਸਾਰੀ ਕਾਰੀਗਰੀ ਦੇ ਕਰਨ ਵਾਲਿਆਂ ਦਾ ਅਤੇ ਚਤਰਾਈ ਦੇ ਕੰਮ ਦੇ ਕਰਿੰਦਿਆਂ ਦਾ ਕੰਮ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।