ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

ਆਮੋਸ 4

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਹੇ ਬਾਸ਼ਾਨ ਦੀਓ ਗਊਓ, ਇਹ ਬਚਨ ਸੁਣੋ! ਜਿਹੜੀਆਂ ਸਾਮਰਿਯਾ ਦੇ ਪਰਬਤ ਉੱਤੇ ਹੋ, ਤੁਸੀਂ ਗਰੀਬਾਂ ਨੂੰ ਸਤਾਉਂਦੀਆਂ ਹੋ, ਕੰਗਾਲਾਂ ਨੂੰ ਕੁਚਲਦੀਆਂ ਹੋ ਅਤੇ ਆਪਣੇ ਸੁਆਮੀਆਂ ਨੂੰ ਆਖਦੀਆਂ ਹੋ, “ਮਧ ਲਿਆਓ ਤਾਂ ਜੋ ਅਸੀਂ ਪੀ ਲਈ ਏ!”
2ਪ੍ਰਭੂ ਯਹੋਵਾਹ ਨੇ ਆਪਣੀ ਪਵਿੱਤਰਤਾਈ ਦੀ ਸਹੁੰ ਖਾਧੀ ਹੈ, “ਵੇਖੋ, ਉਹ ਦਿਨ ਤੁਹਾਡੇ ਉੱਤੇ ਆ ਰਹੇ ਹਨ ਕਿ ਉਹ ਤੁਹਾਨੂੰ ਕੁੰਡੀਆਂ ਨਾਲ, ਸਗੋਂ ਤੁਹਾਡੇ ਬਚੇ ਹੋਇਆਂ ਨੂੰ ਮੱਛੀਆਂ ਦੀਆਂ ਕੁੰਡੀਆਂ ਨਾਲ ਖਿੱਚ ਕੇ ਲੈ ਜਾਣਗੇ!
3ਤੁਸੀਂ ਵਾੜੇ ਦੀਆਂ ਦਰਾਰਾਂ ਵਿੱਚੋਂ ਸਿੱਧੀਆਂ ਨਿੱਕਲ ਜਾਓਗੀਆਂ, ਅਤੇ ਤੁਸੀਂ ਹਰਮੋਨ ਪਰਬਤ ਵਿੱਚ ਸੁੱਟੀਆਂ ਜਾਓਗੀਆਂ,” ਪ੍ਰਭੂ ਯਹੋਵਾਹ ਦਾ ਵਾਕ ਹੈ।
4“ਬੈਤਏਲ ਨੂੰ ਆਓ ਅਤੇ ਅਪਰਾਧ ਕਰੋ, ਗਿਲਗਾਲ ਨੂੰ ਆ ਕੇ ਹੋਰ ਅਪਰਾਧ ਕਰੋ! ਸਵੇਰ ਨੂੰ ਆਪਣੀਆਂ ਬਲੀਆਂ ਅਤੇ ਤੀਜੇ ਦਿਨ ਆਪਣੇ ਦਸਵੰਧ ਲੈ ਆਓ।
5ਧੰਨਵਾਦ ਦੀ ਭੇਟ ਖ਼ਮੀਰ ਮਿਲਾ ਕੇ ਚੜ੍ਹਾਓ ਅਤੇ ਖੁਸ਼ੀ ਦੀਆਂ ਭੇਟਾਂ ਲਈ ਹੋਕਾ ਦਿਓ, ਅਤੇ ਉਨ੍ਹਾਂ ਦਾ ਪ੍ਰਚਾਰ ਕਰੋ! ਕਿਉਂ ਜੋ, ਹੇ ਇਸਰਾਏਲੀਓ, ਅਜਿਹਾ ਕਰਨਾ ਤੁਹਾਨੂੰ ਪਸੰਦ ਹੈ,” ਪ੍ਰਭੂ ਯਹੋਵਾਹ ਦਾ ਵਾਕ ਹੈ।
6“ਮੈਂ ਤਾਂ ਤੁਹਾਡੇ ਸਾਰੇ ਸ਼ਹਿਰਾਂ ਵਿੱਚ ਦੰਦਾਂ ਦੀ ਸਫ਼ਾਈ ਦਿੱਤੀ ਅਤੇ ਤੁਹਾਡੇ ਸਾਰੇ ਸਥਾਨਾਂ ਵਿੱਚ ਰੋਟੀ ਦੀ ਘਾਟ ਹੈ, ਤਾਂ ਵੀ ਤੁਸੀਂ ਮੇਰੀ ਵੱਲ ਨਾ ਮੁੜੇ,” ਪ੍ਰਭੂ ਯਹੋਵਾਹ ਦਾ ਵਾਕ ਹੈ।
7“ਸੋ ਮੈਂ ਵੀ ਤੁਹਾਡੇ ਤੋਂ ਮੀਂਹ ਨੂੰ ਰੋਕ ਰੱਖਿਆ, ਜਦ ਕਿ ਵਾਢੀ ਦੇ ਤਿੰਨ ਮਹੀਨੇ ਰਹਿ ਗਏ ਸਨ, ਮੈਂ ਇੱਕ ਸ਼ਹਿਰ ਉੱਤੇ ਮੀਂਹ ਵਰ੍ਹਾਇਆ ਅਤੇ ਦੂਜੇ ਸ਼ਹਿਰ ਉੱਤੇ ਨਾ ਵਰ੍ਹਾਇਆ, ਇੱਕ ਖੇਤ ਉੱਤੇ ਵਰਖਾ ਪਈ ਅਤੇ ਜਿਸ ਖੇਤ ਉੱਤੇ ਵਰਖਾ ਨਾ ਪਈ ਉਹ ਸੁੱਕ ਗਿਆ।
8ਇਸ ਲਈ ਦੋ ਤਿੰਨ ਸ਼ਹਿਰਾਂ ਦੇ ਲੋਕ ਇੱਕ ਸ਼ਹਿਰ ਵਿੱਚ ਪਾਣੀ ਪੀਣ ਲਈ ਆਏ, ਪਰ ਉਨ੍ਹਾਂ ਦੀ ਪਿਆਸ ਨਾ ਬੁਝੀ, ਪਰ ਫੇਰ ਵੀ ਤੁਸੀਂ ਮੇਰੀ ਵੱਲ ਨਾ ਮੁੜੇ,” ਪ੍ਰਭੂ ਯਹੋਵਾਹ ਦਾ ਵਾਕ ਹੈ।
9“ਮੈਂ ਤੁਹਾਡੇ ਬਹੁਤ ਸਾਰੇ ਬਾਗ਼ਾਂ ਅਤੇ ਤੁਹਾਡੇ ਅੰਗੂਰੀ ਬਾਗ਼ਾਂ ਨੂੰ ਸੋਕੇ ਅਤੇ ਉੱਲੀ ਨਾਲ ਮਾਰਿਆ ਅਤੇ ਤੁਹਾਡੇ ਹੰਜ਼ੀਰ ਦੇ ਰੁੱਖਾਂ ਅਤੇ ਤੁਹਾਡੇ ਜ਼ੈਤੂਨ ਦੇ ਰੁੱਖਾਂ ਨੂੰ ਟਿੱਡੀਆਂ ਨੇ ਖਾ ਲਿਆ, ਪਰ ਫਿਰ ਵੀ ਤੁਸੀਂ ਮੇਰੀ ਵੱਲ ਨਹੀਂ ਮੁੜੇ,” ਪ੍ਰਭੂ ਯਹੋਵਾਹ ਦਾ ਵਾਕ ਹੈ।
10“ਮੈਂ ਤੁਹਾਡੇ ਉੱਤੇ ਮਿਸਰ ਦੇਸ਼ ਜਿਹੀ ਬਵਾ ਭੇਜੀ, ਮੈਂ ਤੁਹਾਡੇ ਜੁਆਨਾਂ ਨੂੰ ਤਲਵਾਰ ਨਾਲ ਵੱਢਿਆ ਅਤੇ ਤੁਹਾਡੇ ਘੋੜਿਆਂ ਨੂੰ ਖੋਹ ਲਿਆ, ਮੈਂ ਤੁਹਾਡੀਆਂ ਛਾਉਣੀਆਂ ਦੀ ਦੁਰਗੰਧ ਤੁਹਾਡੀਆਂ ਨਾਸਾਂ ਵਿੱਚ ਪਹੁੰਚਾਈ, ਪਰ ਫੇਰ ਵੀ ਤੁਸੀਂ ਮੇਰੀ ਵੱਲ ਨਾ ਮੁੜੇ,” ਪ੍ਰਭੂ ਯਹੋਵਾਹ ਦਾ ਵਾਕ ਹੈ।
11“ਮੈਂ ਤੁਹਾਡੇ ਵਿੱਚੋਂ ਕਈਆਂ ਨੂੰ ਉਲਟਾ ਦਿੱਤਾ ਜਿਵੇਂ ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਨੂੰ ਉਲਟਾ ਦਿੱਤਾ ਸੀ ਅਤੇ ਤੁਸੀਂ ਅੱਗ ਵਿੱਚੋਂ ਕੱਢੀ ਹੋਈ ਲੱਕੜੀ ਵਾਂਗੂੰ ਸੀ, ਤਾਂ ਵੀ ਤੁਸੀਂ ਮੇਰੀ ਵੱਲ ਨਹੀਂ ਮੁੜੇ,” ਪ੍ਰਭੂ ਯਹੋਵਾਹ ਦਾ ਵਾਕ ਹੈ।
12“ਇਸ ਲਈ ਹੇ ਇਸਰਾਏਲ! ਮੈਂ ਤੇਰੇ ਨਾਲ ਅਜਿਹਾ ਕਰਾਂਗਾ, ਅਤੇ ਇਸ ਲਈ ਕਿ ਮੈਂ ਤੇਰੇ ਨਾਲ ਅਜਿਹਾ ਕਰਾਂਗਾ, ਹੇ ਇਸਰਾਏਲ, ਆਪਣੇ ਪਰਮੇਸ਼ੁਰ ਨੂੰ ਮਿਲਣ ਲਈ ਤਿਆਰ ਹੋ ਜਾ!”
13ਵੇਖ, ਪਹਾੜਾਂ ਨੂੰ ਸਿਰਜਣ ਵਾਲਾ ਅਤੇ ਪੌਣ ਦਾ ਕਰਤਾ, ਜੋ ਮਨੁੱਖ ਨੂੰ ਉਸ ਦੇ ਮਨ ਦੇ ਵਿਚਾਰ ਦੱਸਦਾ ਹੈ ਅਤੇ ਸਵੇਰ ਨੂੰ ਹਨ੍ਹੇਰਾ ਕਰਨ ਵਾਲਾ ਅਤੇ ਜੋ ਧਰਤੀ ਦੀਆਂ ਉੱਚਿਆਈਆਂ ਉੱਤੇ ਚੱਲਦਾ ਹੈ, - ਯਹੋਵਾਹ, ਸੈਨਾਂ ਦਾ ਪਰਮੇਸ਼ੁਰ ਉਸ ਦਾ ਨਾਮ ਹੈ!
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।