ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

ਰਸੂਲਾਂ ਦੇ ਕਰਤੱਬ 6

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਉਹਨਾਂ ਦਿਨਾਂ ਵਿੱਚ ਚੇਲਿਆਂ ਦੀ ਗਿਣਤੀ ਵਧਦੀ ਜਾ ਰਹੀ ਸੀ ਤਾਂ ਯੂਨਾਨੀ ਅਤੇ ਯਹੂਦੀ ਇਬਰਾਨੀਆਂ ਉੱਤੇ ਬੁੜ-ਬੁੜਾਉਣ ਲੱਗੇ, ਕਿਉਂ ਜੋ ਹਰ ਦਿਨ ਭੋਜਨ ਵੰਡਣ ਦੇ ਸਮੇਂ ਉਹ ਉਨ੍ਹਾਂ ਦੀਆਂ ਵਿਧਵਾਵਾਂ ਦੀ ਖ਼ਬਰ ਨਹੀਂ ਲੈਂਦੇ ਸਨ।
2ਤਦ ਉਹਨਾਂ ਨੇ ਬਾਰ੍ਹਾਂ ਚੇਲਿਆਂ ਦੀ ਸੰਗਤ ਨੂੰ ਕੋਲ ਸੱਦ ਕੇ ਆਖਿਆ, ਇਹ ਚੰਗੀ ਗੱਲ ਨਹੀਂ ਜੋ ਅਸੀਂ ਪਰਮੇਸ਼ੁਰ ਦਾ ਬਚਨ ਛੱਡ ਕੇ ਖਿਲਾਉਣ ਪਿਲਾਉਣ ਦੀ ਸੇਵਾ ਕਰੀਏ।
3ਇਸ ਲਈ, ਹੇ ਭਰਾਵੋ ਆਪਣੇ ਵਿੱਚੋਂ ਸੱਤ ਨੇਕਨਾਮ ਅਤੇ ਆਤਮਾ ਨਾਲ ਭਰਪੂਰ ਲੋਕਾਂ ਨੂੰ ਚੁਣ ਲਵੋ, ਕਿ ਅਸੀਂ ਉਹਨਾਂ ਨੂੰ ਇਸ ਕੰਮ ਦੀ ਜ਼ਿੰਮੇਵਾਰੀ ਦੇਈਏ।
4ਪਰ ਅਸੀਂ ਪ੍ਰਾਰਥਨਾ ਅਤੇ ਬਚਨ ਦੀ ਸੇਵਾ ਵਿੱਚ ਲੱਗੇ ਰਹਾਂਗੇ।
5ਇਹ ਗੱਲ ਸਾਰੀ ਸੰਗਤ ਨੂੰ ਚੰਗੀ ਲੱਗੀ ਅਤੇ ਉਨ੍ਹਾਂ ਨੇ ਇਸਤੀਫ਼ਾਨ ਨਾਮ ਦੇ ਇੱਕ ਮਨੁੱਖ ਨੂੰ ਜਿਹੜਾ ਵਿਸ਼ਵਾਸ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਸੀ ਅਤੇ ਫ਼ਿਲਿਪੁੱਸ, ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਨਾਸ ਅਤੇ ਨਿਕਲਾਉਸ ਨੂੰ ਚੁਣ ਲਿਆ ਜੋ ਅੰਤਾਕਿਯਾ ਦਾ ਸੀ ਅਤੇ ਜਿਸਨੇ ਯਹੂਦੀ ਮੱਤ ਨੂੰ ਕਬੂਲ ਕਰ ਲਿਆ ਸੀ।
6ਅਤੇ ਉਹਨਾਂ ਨੂੰ ਰਸੂਲਾਂ ਦੇ ਅੱਗੇ ਖੜ੍ਹਾ ਕੀਤਾ ਅਤੇ ਉਨ੍ਹਾਂ ਨੇ ਪ੍ਰਾਰਥਨਾ ਕਰਕੇ ਉਹਨਾਂ ਉੱਤੇ ਹੱਥ ਰੱਖੇ।
7ਪਰਮੇਸ਼ੁਰ ਦਾ ਬਚਨ ਫੈਲਦਾ ਗਿਆ ਅਤੇ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਜਾ ਰਹੀ ਸੀ ਅਤੇ ਬਹੁਤ ਸਾਰੇ ਜਾਜਕ ਵੀ ਇਸ ਮੱਤ ਨੂੰ ਮੰਨਣ ਵਾਲੇ ਹੋ ਗਏ ਸਨ।
8ਇਸਤੀਫ਼ਾਨ ਕਿਰਪਾ ਅਤੇ ਸਮਰੱਥਾ ਨਾਲ ਭਰਪੂਰ ਹੋ ਕੇ ਵੱਡੇ ਅਚਰਜ਼ ਕੰਮ ਅਤੇ ਨਿਸ਼ਾਨ ਲੋਕਾਂ ਦੇ ਵਿੱਚ ਕਰਦਾ ਸੀ।
9ਪਰ ਉਸ ਪ੍ਰਾਰਥਨਾ ਘਰ ਵਿੱਚੋਂ ਜੋ ਲਿਬਰਤੀਨੀਆਂ ਦੀ ਕਹਾਉਂਦੀ ਹੈ ਅਤੇ ਕੁਰੇਨੀਆਂ ਅਤੇ ਸਿਕੰਦਰਿਯਾ ਵਿੱਚੋਂ ਅਤੇ ਉਨ੍ਹਾਂ ਵਿੱਚੋਂ ਜਿਹੜੇ ਕਿਲਕਿਯਾ ਅਤੇ ਏਸ਼ੀਆ ਤੋਂ ਆਏ ਸਨ, ਕਈ ਆਦਮੀ ਉੱਠ ਕੇ ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ।
10ਪਰ ਉਹ ਉਸ ਦੀ ਬੁੱਧ ਅਤੇ ਆਤਮਾ ਦਾ ਜਿਸ ਦੇ ਨਾਲ ਉਹ ਗੱਲਾਂ ਕਰਦਾ ਸੀ, ਸਾਹਮਣਾ ਨਾ ਕਰ ਸਕੇ।
11ਫੇਰ ਉਨ੍ਹਾਂ ਨੇ ਕੁਝ ਮਨੁੱਖਾਂ ਨੂੰ ਭਰਮਾ ਕੇ ਇਹ ਬੋਲਣ ਲਈ ਕਿਹਾ, ਕਿ ਅਸੀਂ ਇਹ ਨੂੰ ਮੂਸਾ ਅਤੇ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬੋਲਦੇ ਸੁਣਿਆ ਹੈ।
12ਤਦ ਉਨ੍ਹਾਂ ਨੇ ਲੋਕਾਂ, ਬਜ਼ੁਰਗਾਂ ਅਤੇ ਉਪਦੇਸ਼ਕਾਂ ਨੂੰ ਭੜਕਾਇਆ ਅਤੇ ਉਹ ਉਸ ਉੱਤੇ ਚੜ੍ਹ ਆਏ ਅਤੇ ਫੜ੍ਹ ਕੇ ਮਹਾਂ ਸਭਾ ਵਿੱਚ ਲੈ ਗਏ।
13ਉਨ੍ਹਾਂ ਨੇ ਝੂਠੇ ਗਵਾਹਾਂ ਨੂੰ ਖੜੇ ਕੀਤਾ ਜੋ ਬੋਲੇ ਕਿ ਇਹ ਮਨੁੱਖ ਇਸ ਪਵਿੱਤਰ ਸਥਾਨ ਅਤੇ ਬਿਵਸਥਾ ਦੇ ਵਿਰੁੱਧ ਬੋਲਣ ਤੋਂ ਨਹੀਂ ਹਟਦਾ ਹੈ।
14ਅਸੀਂ ਤਾਂ ਇਸ ਨੂੰ ਇਹ ਆਖਦੇ ਸੁਣਿਆ ਹੈ ਕਿ ਯਿਸੂ ਨਾਸਰੀ ਇਸ ਸਥਾਨ ਨੂੰ ਢਾਹ ਦੇਵੇਗਾ ਅਤੇ ਜਿਹੜੀਆਂ ਰੀਤਾਂ ਮੂਸਾ ਨੇ ਸਾਨੂੰ ਦਿੱਤੀਆਂ ਹਨ, ਉਨ੍ਹਾਂ ਨੂੰ ਬਦਲ ਦੇਵੇਗਾ।
15ਜਦੋਂ ਉਨ੍ਹਾਂ ਸਭ ਲੋਕਾਂ ਨੇ ਜਿਹੜੇ ਮਹਾਂ ਸਭਾ ਵਿੱਚ ਬੈਠੇ ਸਨ, ਉਹ ਦੀ ਵੱਲ ਧਿਆਨ ਕੀਤਾ ਤਾਂ ਉਹ ਦਾ ਚਿਹਰਾ ਸਵਰਗ ਦੂਤ ਦੇ ਰੂਪ ਵਰਗਾ ਚਮਕਦਾ ਦੇਖਿਆ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।