ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

2 ਸਮੂਏਲ 4

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਜਦ ਸ਼ਾਊਲ ਦੇ ਪੁੱਤਰ ਨੇ ਸੁਣਿਆ, ਕਿ ਅਬਨੇਰ ਹਬਰੋਨ ਵਿੱਚ ਮਾਰਿਆ ਗਿਆ, ਤਦ ਉਹ ਘਬਰਾ ਗਿਆ ਅਤੇ ਸਾਰੇ ਇਸਰਾਏਲੀ ਵੀ ਘਬਰਾ ਗਏ।
2ਸ਼ਾਊਲ ਦੇ ਪੁੱਤਰ ਦੇ ਦੋ ਮਨੁੱਖ ਸਨ ਜੋ ਟੋਲੀਆਂ ਦੇ ਪ੍ਰਧਾਨ ਸਨ, ਇੱਕ ਦਾ ਨਾਮ ਬਆਨਾਹ ਅਤੇ ਦੂਜੇ ਦਾ ਨਾਮ ਰੇਕਾਬ ਸੀ, ਇਹ ਦੋਵੇਂ ਬਿਨਯਾਮੀਨ ਦੇ ਵੰਸ਼ ਵਿੱਚੋਂ ਬੇਰੋਥੀ ਰਿੰਮੋਨ ਦੇ ਪੁੱਤਰ ਸਨ। ਕਿਉਂ ਜੋ ਬੇਰੋਥੀ ਵੀ ਬਿਨਯਾਮੀਨ ਵਿੱਚ ਹੀ ਗਿਣਿਆ ਜਾਂਦਾ ਸੀ।
3ਅਤੇ ਬੇਰੋਥੀ ਗਿੱਤਾਯਮ ਨੂੰ ਭੱਜ ਗਏ ਸਨ ਅਤੇ ਅੱਜ ਤੱਕ ਉਹ ਉੱਥੋਂ ਦੇ ਪਰਦੇਸੀ ਹਨ।
4ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਇੱਕ ਪੁੱਤਰ ਦੋਹਾਂ ਪੈਰਾਂ ਤੋਂ ਲੰਗੜਾ ਸੀ। ਜਿਸ ਵੇਲੇ ਸ਼ਾਊਲ ਅਤੇ ਯੋਨਾਥਨ ਦੀ ਖ਼ਬਰ ਯਿਜ਼ਰਏਲ ਤੋਂ ਆਈ ਤਦ ਉਹ ਪੰਜ ਸਾਲ ਦਾ ਸੀ, ਉਸੇ ਵੇਲੇ ਉਹ ਦੀ ਦਾਈ ਉਹ ਨੂੰ ਲੈ ਕੇ ਭੱਜ ਨਿੱਕਲੀ ਸੀ, ਜਦ ਭੱਜਣ ਦੇ ਵੇਲੇ ਉਸ ਨੇ ਕਾਹਲੀ ਕੀਤੀ ਤਾਂ ਅਜਿਹਾ ਹੋਇਆ ਕਿ ਉਹ ਡਿੱਗ ਪਿਆ ਅਤੇ ਲੰਗੜਾ ਹੋ ਗਿਆ। ਉਹ ਦਾ ਨਾਮ ਮਫ਼ੀਬੋਸ਼ਥ ਸੀ।
5ਰਿੰਮੋਨ ਬੇਰੋਥੀ ਦੇ ਪੁੱਤਰ ਰੇਕਾਬ ਅਤੇ ਬਆਨਾਹ ਆਏ ਅਤੇ ਦਿਨ ਦੀ ਧੁੱਪ ਵੇਲੇ ਈਸ਼ਬੋਸ਼ਥ ਦੇ ਘਰ ਵਿੱਚ ਜਾ ਵੜੇ। ਉਹ ਦੁਪਹਿਰ ਨੂੰ ਅਰਾਮ ਕਰ ਰਿਹਾ ਸੀ।
6ਉਹ ਕਣਕ ਲੈਣ ਦੇ ਬਹਾਨੇ ਘਰ ਵਿੱਚ ਆ ਵੜੇ, ਅਤੇ ਉਹ ਦੇ ਪੇਟ ਵਿੱਚ ਮਾਰਿਆ। ਰੇਕਾਬ ਅਤੇ ਉਹ ਦਾ ਭਰਾ ਬਆਨਾਹ ਭੱਜ ਨਿੱਕਲੇ।
7ਕਿਉਂ ਜੋ ਜਿਸ ਵੇਲੇ ਉਹ ਘਰ ਦੇ ਵਿੱਚ ਆਏ ਤਾਂ ਉਹ ਆਪਣੀ ਕੋਠੜੀ ਵਿੱਚ ਮੰਜੇ ਉੱਤੇ ਸੁੱਤਾ ਪਿਆ ਸੀ। ਸੋ ਉਨ੍ਹਾਂ ਨੇ ਉਸ ਨੂੰ ਮਾਰ ਦਿੱਤਾ ਅਤੇ ਉਹ ਦਾ ਸਿਰ ਲਾਹ ਲਿਆ ਅਤੇ ਉਸ ਸਿਰ ਨੂੰ ਲੈ ਕੇ ਰਾਤੋ ਰਾਤ ਅਰਾਬਾਹ ਨਾਮਕ ਵਾਦੀ ਦੇ ਰਾਹ ਵਿੱਚੋਂ ਭੱਜ ਗਏ।
8ਉਹ ਈਸ਼ਬੋਸ਼ਥ ਦਾ ਸਿਰ ਹਬਰੋਨ ਵਿੱਚ ਦਾਊਦ ਦੇ ਕੋਲ ਲੈ ਆਏ ਅਤੇ ਰਾਜਾ ਨੂੰ ਆਖਿਆ, ਇਹ ਤੁਹਾਡਾ ਵੈਰੀ ਸ਼ਾਊਲ ਜੋ ਤੁਹਾਡੀ ਜਿੰਦ ਨੂੰ ਭਾਲਦਾ ਸੀ, ਉਹ ਦੇ ਪੁੱਤਰ ਈਸ਼ਬੋਸ਼ਥ ਦਾ ਸਿਰ ਹੈ। ਸੋ ਯਹੋਵਾਹ ਨੇ ਅੱਜ ਦੇ ਦਿਨ ਮੇਰੇ ਮਹਾਰਾਜ ਰਾਜਾ ਦਾ ਬਦਲਾ, ਸ਼ਾਊਲ ਅਤੇ ਉਹ ਦੀ ਅੰਸ ਤੋਂ ਲੈ ਲਿਆ ਹੈ।
9ਤਦ ਦਾਊਦ ਨੇ ਰੇਕਾਬ ਅਤੇ ਉਹ ਦੇ ਭਰਾ ਬਆਨਾਹ ਨੂੰ ਜੋ ਬੇਰੋਥੀ ਰਿੰਮੋਨ ਦੇ ਪੁੱਤਰ ਸਨ ਉੱਤਰ ਦੇ ਕੇ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ ਜਿਸ ਨੇ ਮੇਰੀ ਜਾਨ ਨੂੰ ਸਾਰਿਆਂ ਦੁੱਖਾਂ ਤੋਂ ਛੁਟਕਾਰਾ ਦਿੱਤਾ।
10ਜਿਸ ਵੇਲੇ ਇੱਕ ਮਨੁੱਖ ਨੇ ਮੈਨੂੰ ਆਖਿਆ ਵੇਖੋ, ਸ਼ਾਊਲ ਮਰ ਗਿਆ ਹੈ ਅਤੇ ਉਸ ਨੇ ਸਮਝਿਆ ਕਿ ਮੈਂ ਇਹ ਚੰਗੀ ਖ਼ਬਰ ਦਿੰਦਾ ਹਾਂ ਤਦ ਮੈਂ ਉਹ ਨੂੰ ਫੜਿਆ ਅਤੇ ਸਿਕਲਗ ਵਿੱਚ ਉਹ ਨੂੰ ਮਾਰ ਸੁੱਟਿਆ। ਮੈਂ ਉਹ ਦੀ ਖ਼ਬਰ ਦੇ ਬਦਲੇ ਇਹੋ ਇਨਾਮ ਦਿੱਤਾ।
11ਜਦ ਦੁਸ਼ਟਾਂ ਨੇ ਇੱਕ ਧਰਮੀ ਮਨੁੱਖ ਨੂੰ ਉਹ ਦੇ ਘਰ ਵਿੱਚ, ਉਹ ਦੇ ਮੰਜੇ ਉੱਤੇ ਹੀ ਵੱਢ ਸੁੱਟਿਆ! ਤਾਂ ਕੀ, ਮੈਂ ਉਹ ਦੇ ਖੂਨ ਦਾ ਬਦਲਾ ਨਾ ਲਵਾਂਗਾ ਅਤੇ ਤੁਹਾਨੂੰ ਧਰਤੀ ਉੱਤੋਂ ਨਾਸ ਨਾ ਕਰਾਂਗਾ?
12ਤਦ ਦਾਊਦ ਨੇ ਆਪਣੇ ਜੁਆਨਾਂ ਨੂੰ ਆਗਿਆ ਦਿੱਤੀ ਤਾਂ ਉਨ੍ਹਾਂ ਨੇ ਉਹਨਾਂ ਨੂੰ ਮਾਰਿਆ ਪਰ ਉਹਨਾਂ ਦੇ ਹੱਥ-ਪੈਰ ਵੱਢ ਕੇ ਹਬਰੋਨ ਦੀ ਬਾਉਲੀ ਉੱਤੇ ਲਟਕਾ ਛੱਡੇ ਅਤੇ ਈਸ਼ਬੋਸ਼ਥ ਦੇ ਸਿਰ ਨੂੰ ਲੈ ਕੇ ਹਬਰੋਨ ਦੇ ਵਿਚਕਾਰ ਅਬਨੇਰ ਦੀ ਕਬਰ ਵਿੱਚ ਉਹ ਨੂੰ ਦੱਬ ਦਿੱਤਾ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।