ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

2 ਸਮੂਏਲ 18

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਦਾਊਦ ਨੇ ਉਨ੍ਹਾਂ ਲੋਕਾਂ ਦਾ ਜੋ ਉਸ ਦੇ ਨਾਲ ਇਕੱਠੇ ਸਨ, ਲੇਖਾ ਕੀਤਾ ਅਤੇ ਉਨ੍ਹਾਂ ਦੇ ਹਜ਼ਾਰਾਂ ਉੱਤੇ ਪ੍ਰਧਾਨ ਅਤੇ ਸੈਂਕੜਿਆਂ ਉੱਤੇ ਪ੍ਰਧਾਨ ਨਿਯੁਕਤ ਕਰ ਦਿੱਤੇ।
2ਦਾਊਦ ਨੇ ਲੋਕਾਂ ਦੀ ਇੱਕ ਤਿਹਾਈ ਯੋਆਬ ਦੇ ਹੱਥ ਵਿੱਚ ਅਤੇ ਇੱਕ ਤਿਹਾਈ ਯੋਆਬ ਦੇ ਭਰਾ ਸਰੂਯਾਹ ਦੇ ਪੁੱਤਰ ਅਬੀਸ਼ਈ ਦੇ ਹੱਥ ਵਿੱਚ ਅਤੇ ਇੱਕ ਤਿਹਾਈ ਗਿੱਤੀ ਇੱਤਈ ਦੇ ਹੱਥ ਕਰਕੇ ਉਨ੍ਹਾਂ ਨੂੰ ਬਾਹਰ ਭੇਜਿਆ। ਤਦ ਰਾਜਾ ਨੇ ਲੋਕਾਂ ਨੂੰ ਆਖਿਆ, ਮੈਂ ਵੀ ਜ਼ਰੂਰ ਤੁਹਾਡੇ ਨਾਲ ਚੱਲਾਂਗਾ।
3ਪਰ ਲੋਕਾਂ ਨੇ ਆਖਿਆ, ਤੁਸੀਂ ਨਾ ਚੱਲੋ ਕਿਉਂ ਜੋ ਜੇਕਰ ਸਾਨੂੰ ਨੱਠਣਾ ਪਵੇ ਤਾਂ ਉਨ੍ਹਾਂ ਨੂੰ ਸਾਡੀ ਕੋਈ ਲੋੜ ਨਹੀਂ ਅਤੇ ਜੇ ਕਦੀ ਅਸੀਂ ਅੱਧੇ ਮਾਰੇ ਵੀ ਜਾਈਏ ਤਾਂ ਵੀ ਉਨ੍ਹਾਂ ਨੂੰ ਸਾਡੀ ਲੋੜ ਨਹੀਂ, ਪਰ ਹੁਣ ਤੁਸੀਂ ਸਾਡੇ ਲਈ ਦਸ ਹਜ਼ਾਰ ਮਨੁੱਖਾਂ ਵਰਗੇ ਹੋ। ਸੋ ਹੁਣ ਚੰਗੀ ਗੱਲ ਇਹ ਹੈ ਜੋ ਤੁਸੀਂ ਸ਼ਹਿਰ ਵਿੱਚ ਰਹਿ ਕੇ ਉੱਥੋਂ ਸਾਡੀ ਸਹਾਇਤਾ ਕਰੋ।
4ਤਦ ਰਾਜਾ ਨੇ ਉਨ੍ਹਾਂ ਨੂੰ ਆਖਿਆ, ਜੋ ਗੱਲ ਤੁਹਾਡੀ ਨਿਗਾਹ ਵਿੱਚ ਚੰਗੀ ਲੱਗੇ ਮੈਂ ਉਹੋ ਕਰਾਂਗਾ। ਸੋ ਰਾਜਾ ਸ਼ਹਿਰ ਦੇ ਫਾਟਕ ਦੇ ਕੋਲ ਖੜ੍ਹਾ ਹੋ ਗਿਆ ਅਤੇ ਸਾਰੇ ਲੋਕ ਸੌ-ਸੌ ਅਤੇ ਹਜ਼ਾਰ-ਹਜ਼ਾਰ ਕਰ ਕੇ ਨਿੱਕਲ ਪਏ।
5ਉਸ ਵੇਲੇ ਰਾਜਾ ਨੇ ਯੋਆਬ ਅਤੇ ਅਬੀਸ਼ਈ ਅਤੇ ਇੱਤਈ ਨੂੰ ਹੁਕਮ ਦਿੱਤਾ ਕਿ ਮੇਰੇ ਕਾਰਨ ਉਸ ਜਵਾਨ ਅਬਸ਼ਾਲੋਮ ਨਾਲ ਨਰਮ ਵਰਤਾਓ ਕਰਨਾ ਅਤੇ ਜਿਸ ਵੇਲੇ ਰਾਜਾ ਨੇ ਸਾਰੇ ਪ੍ਰਧਾਨਾਂ ਨੂੰ ਅਬਸ਼ਾਲੋਮ ਦੇ ਲਈ ਆਗਿਆ ਦਿੱਤੀ ਤਾਂ ਸਾਰਿਆਂ ਲੋਕਾਂ ਨੇ ਸੁਣੀ।
6ਲੋਕ ਮੈਦਾਨ ਦੇ ਵਿੱਚ ਨਿੱਕਲ ਕੇ ਇਸਰਾਏਲ ਦਾ ਸਾਹਮਣਾ ਕਰਨ ਲਈ ਆਏ ਅਤੇ ਇਫ਼ਰਾਈਮ ਨਾਮ ਦੇ ਜੰਗਲ ਵਿੱਚ ਲੜਾਈ ਹੋਈ।
7ਇਸਰਾਏਲ ਦੇ ਲੋਕ ਦਾਊਦ ਦੇ ਸੇਵਕਾਂ ਦੇ ਅੱਗੇ ਮਾਰੇ ਗਏ ਅਤੇ ਉਸ ਦਿਨ ਵੀਹ ਹਜ਼ਾਰ ਮਨੁੱਖਾਂ ਦੀ ਡਾਢੀ ਮਾਰ ਹੋਈ।
8ਕਿਉਂ ਜੋ ਉਸ ਦਿਨ ਲੜਾਈ ਸਾਰੇ ਦੇਸ਼ ਵਿੱਚ ਫੈਲ ਗਈ, ਜਿਹੜੇ ਜੰਗਲ ਵਿੱਚ ਨਾਸ ਹੋਏ ਉਨ੍ਹਾਂ ਨਾਲੋਂ ਬਹੁਤ ਜਿਆਦਾ ਸਨ, ਜਿਹੜੇ ਤਲਵਾਰ ਨਾਲ ਮਾਰੇ ਗਏ।
9ਉਸ ਵੇਲੇ ਅਬਸ਼ਾਲੋਮ ਦਾਊਦ ਦੇ ਸੇਵਕਾਂ ਨੂੰ ਟੱਕਰ ਗਿਆ। ਅਬਸ਼ਾਲੋਮ ਇੱਕ ਖੱਚਰ ਉੱਤੇ ਚੜ੍ਹਿਆ ਹੋਇਆ ਸੀ। ਅਤੇ ਉਹ ਖੱਚਰ ਇੱਕ ਵੱਡੇ ਬਲੂਤ ਦੇ ਬਿਰਛ ਦੇ ਮੋਟੇ ਟਾਹਣੇ ਹੇਠੋਂ ਲੰਘੀ। ਤਦ ਉਹ ਦਾ ਸਿਰ ਬਲੂਤ ਵਿੱਚ ਫਸ ਗਿਆ ਅਤੇ ਉਹ ਆਕਾਸ਼ ਅਤੇ ਧਰਤੀ ਦੇ ਵਿਚਕਾਰ ਲਟਕਦਾ ਰਹਿ ਗਿਆ ਅਤੇ ਖੱਚਰ ਉਹ ਦੇ ਹੇਠੋਂ ਨਿੱਕਲ ਕੇ ਚੱਲੀ ਗਈ।
10ਸੋ ਇੱਕ ਜਣੇ ਨੇ ਵੇਖ ਕੇ ਯੋਆਬ ਨੂੰ ਜਾ ਖ਼ਬਰ ਦੱਸੀ ਕਿ ਵੇਖ, ਮੈਂ ਅਬਸ਼ਾਲੋਮ ਨੂੰ ਬਲੂਤ ਦੇ ਬਿਰਛ ਨਾਲ ਫਸਿਆ ਹੋਇਆ ਵੇਖਿਆ!
11ਤਦ ਯੋਆਬ ਨੇ ਉਸ ਨੂੰ ਜਿਸ ਨੇ ਉਹ ਨੂੰ ਖ਼ਬਰ ਦੱਸੀ ਸੀ ਆਖਿਆ ਵਾਹ! ਤੂੰ ਉਹ ਨੂੰ ਵੇਖਿਆ ਅਤੇ ਉਹ ਨੂੰ ਮਾਰ ਕੇ ਧਰਤੀ ਦੇ ਉੱਤੇ ਕਿਉਂ ਨਾ ਸੁੱਟ ਦਿੱਤਾ? ਤਾਂ ਮੈਂ ਤੈਨੂੰ ਦਸ ਟੁੱਕੜੇ ਚਾਂਦੀ ਅਤੇ ਇੱਕ ਪੇਟੀ ਦਿੰਦਾ।
12ਉਸ ਮਨੁੱਖ ਨੇ ਯੋਆਬ ਨੂੰ ਆਖਿਆ, ਭਾਵੇਂ ਤੂੰ ਹਜ਼ਾਰ ਟੁੱਕੜੇ ਚਾਂਦੀ ਮੇਰੇ ਹੱਥ ਵਿੱਚ ਤੋਲ ਕੇ ਦਿੰਦਾ ਤਾਂ ਵੀ ਮੈਂ ਰਾਜਾ ਦੇ ਪੁੱਤਰ ਉੱਤੇ ਹੱਥ ਨਾ ਚੁੱਕਦਾ ਕਿਉਂ ਜੋ ਰਾਜਾ ਨੇ ਸਾਨੂੰ ਲੋਕਾਂ ਦੇ ਸੁਣਦਿਆਂ ਤੈਨੂੰ ਅਤੇ ਅਬੀਸ਼ਈ ਅਤੇ ਇੱਤਈ ਨੂੰ ਆਖਿਆ ਸੀ ਕਿ ਧਿਆਨ ਰੱਖਣਾ ਜੋ ਅਬਸ਼ਾਲੋਮ ਜੁਆਨ ਨੂੰ ਕੋਈ ਨਾ ਛੂਹੇ।
13ਜੇ ਮੈਂ ਅਜਿਹਾ ਕਰਦਾ ਤਾਂ ਆਪਣੇ ਪ੍ਰਾਣਾਂ ਨਾਲ ਛਲ ਕਰਦਾ ਕਿਉਂ ਜੋ ਪਾਤਸ਼ਾਹ ਕੋਲੋਂ ਕੋਈ ਗੱਲ ਲੁਕੀ ਹੋਈ ਨਹੀਂ ਰਹਿੰਦੀ ਸਗੋਂ ਤੂੰ ਵੀ ਮੇਰੇ ਨਾਲ ਵੈਰ ਕਰਦਾ।
14ਤਦ ਯੋਆਬ ਨੇ ਆਖਿਆ, ਮੈਂ ਤੇਰੇ ਨਾਲ ਹੁਣ ਜਿਆਦਾ ਸਮਾਂ ਨਹੀਂ ਲਾਉਂਦਾ ਸੋ ਉਸ ਨੇ ਤਿੰਨ ਤੀਰ ਹੱਥ ਵਿੱਚ ਲਏ ਅਤੇ ਅਬਸ਼ਾਲੋਮ ਦੇ ਦਿਲ ਵਿੱਚ ਜਦ ਉਹ ਬਲੂਤ ਦੇ ਵਿਚਕਾਰ ਜੀਉਂਦਾ ਹੀ ਸੀ, ਧਸਾ ਦਿੱਤੇ।
15ਦਸਾਂ ਜੁਆਨਾਂ ਨੇ ਜੋ ਯੋਆਬ ਦੇ ਸ਼ਸਤਰ ਚੁੱਕਣ ਵਾਲੇ ਸਨ ਅਬਸ਼ਾਲੋਮ ਨੂੰ ਘੇਰ ਕੇ ਉਹ ਨੂੰ ਮਾਰਿਆ ਅਤੇ ਵੱਢ ਸੁੱਟਿਆ।
16ਤਦ ਯੋਆਬ ਨੇ ਤੁਰ੍ਹੀ ਵਜਾਈ ਅਤੇ ਲੋਕ ਇਸਰਾਏਲ ਦਾ ਪਿੱਛਾ ਕਰਨ ਤੋਂ ਮੁੜੇ ਕਿਉਂ ਜੋ ਯੋਆਬ ਨੇ ਲੋਕਾਂ ਨੂੰ ਰੋਕਿਆ।
17ਅਤੇ ਉਨ੍ਹਾਂ ਨੇ ਅਬਸ਼ਾਲੋਮ ਨੂੰ ਲੈ ਕੇ ਜੰਗਲ ਦੇ ਵਿੱਚ ਇੱਕ ਵੱਡੇ ਸਾਰੇ ਟੋਏ ਦੇ ਵਿੱਚ ਸੁੱਟ ਦਿੱਤਾ ਅਤੇ ਉਹ ਦੇ ਉੱਤੇ ਪੱਥਰਾਂ ਦਾ ਇੱਕ ਵੱਡਾ ਢੇਰ ਲਾਇਆ ਅਤੇ ਸਾਰਾ ਇਸਰਾਏਲ ਭੱਜ ਕੇ ਆਪੋ ਆਪਣੇ ਡੇਰੇ ਵੱਲ ਗਿਆ।
18ਅਬਸ਼ਾਲੋਮ ਨੇ ਆਪਣੇ ਜੀਉਂਦੇ ਜੀਅ ਆਪਣੇ ਲਈ ਸ਼ਾਹੀ ਵਾਦੀ ਵਿੱਚ ਇੱਕ ਥੰਮ੍ਹ ਬਣਾਇਆ ਸੀ ਕਿਉਂ ਜੋ ਉਸ ਨੇ ਆਖਿਆ, ਕਿ ਮੇਰੇ ਕੋਈ ਪੁੱਤਰ ਨਹੀਂ ਹੈ ਜਿਸ ਨਾਲ ਮੇਰਾ ਨਾਮ ਯਾਦ ਰੱਖਿਆ ਜਾਵੇ ਅਤੇ ਉਸ ਨੇ ਆਪਣੇ ਨਾਮ ਉੱਤੇ ਉਸ ਥੰਮ੍ਹ ਦਾ ਨਾਮ ਰੱਖਿਆ ਅਤੇ ਅੱਜ ਦੇ ਦਿਨ ਤੱਕ ਉਹ ਅਬਸ਼ਾਲੋਮ ਦਾ ਥੰਮ੍ਹ ਸਦਾਉਂਦਾ ਹੈ।
19ਤਦ ਸਾਦੋਕ ਦੇ ਪੁੱਤਰ ਅਹੀਮਅਸ ਨੇ ਆਖਿਆ, ਮੈਨੂੰ ਹੁਣ ਦੌੜ ਕੇ ਰਾਜਾ ਨੂੰ ਇਹ ਖ਼ਬਰ ਦੇਣ ਲਈ ਜਾਣ ਦੇ ਕਿ ਜੋ ਯਹੋਵਾਹ ਨੇ ਉਹ ਦੇ ਵੈਰੀਆਂ ਤੋਂ ਉਹ ਦਾ ਬਦਲਾ ਲਿਆ ਹੈ।
20ਯੋਆਬ ਨੇ ਉਸ ਨੂੰ ਆਖਿਆ, ਅੱਜ ਦੇ ਦਿਨ ਤੂੰ ਖ਼ਬਰ ਨਾ ਦੱਸ। ਕਿਸੇ ਹੋਰ ਦਿਨ ਤੈਨੂੰ ਖ਼ਬਰ ਦੱਸਣ ਦੀ ਆਗਿਆ ਹੋਵੇਗੀ ਪਰ ਅੱਜ ਤੂੰ ਕੋਈ ਖ਼ਬਰ ਨਾ ਦੇਵੀਂ ਕਿਉਂ ਜੋ ਰਾਜਾ ਦਾ ਪੁੱਤਰ ਮਰ ਗਿਆ ਹੈ।
21ਤਦ ਯੋਆਬ ਨੇ ਕੂਸ਼ੀ ਨੂੰ ਆਖਿਆ, ਤੂੰ ਜਾ ਅਤੇ ਜੋ ਕੁਝ ਤੂੰ ਵੇਖਿਆ ਹੈ ਸੋ ਰਾਜਾ ਨੂੰ ਦੱਸ ਦੇ! ਤਦ ਕੂਸ਼ੀ ਨੇ ਯੋਆਬ ਨੂੰ ਮੱਥਾ ਟੇਕਿਆ ਅਤੇ ਦੌੜ ਪਿਆ।
22ਫਿਰ ਸਾਦੋਕ ਦੇ ਪੁੱਤਰ ਅਹੀਮਅਸ ਨੇ ਦੂਜੀ ਵਾਰੀ ਯੋਆਬ ਨੂੰ ਆਖਿਆ, ਜੋ ਵੀ ਹੋਵੇ, ਪਰ ਮੈਨੂੰ ਵੀ ਆਗਿਆ ਦੇ ਤਾਂ ਜੋ ਮੈਂ ਕੂਸ਼ੀ ਦੇ ਪਿੱਛੇ ਦੌੜਾਂ ਸੋ ਯੋਆਬ ਨੇ ਆਖਿਆ, ਮੇਰੇ ਪੁੱਤਰ, ਤੈਨੂੰ ਭੱਜਣ ਕੀ ਲੋੜ ਹੈ ਕਿਉਂ ਜੋ ਇਸ ਖ਼ਬਰ ਦਾ ਤੈਨੂੰ ਕੋਈ ਲਾਭ ਨਾ ਹੋਵੇਗਾ?
23ਫਿਰ ਉਸ ਨੇ ਆਖਿਆ, ਜੋ ਵੀ ਹੋਵੇ, ਪਰ ਮੈਨੂੰ ਦੌੜਨ ਦੇ। ਉਹ ਨੇ ਆਖਿਆ ਦੌੜ! ਅਤੇ ਅਹੀਮਅਸ ਮੈਦਾਨ ਦੇ ਰਾਹ ਤੋਂ ਗਿਆ ਅਤੇ ਕੂਸ਼ੀ ਤੋਂ ਅੱਗੇ ਨਿੱਕਲ ਗਿਆ
24ਅਤੇ ਉਸ ਵੇਲੇ ਦਾਊਦ ਦੋਹਾਂ ਫਾਟਕਾਂ ਦੇ ਵਿਚਕਾਰ ਬੈਠਾ ਸੀ ਅਤੇ ਰਾਖ਼ਾ ਫਾਟਕ ਦੀ ਛੱਤ ਦੇ ਬੰਨੇ ਉੱਤੇ ਚੜ੍ਹਿਆ ਹੋਇਆ ਸੀ ਉਸ ਨੇ ਅੱਖਾਂ ਚੁੱਕ ਕੇ ਵੇਖਿਆ ਅਤੇ ਵੇਖੋ, ਇੱਕ ਜਣਾ ਇਕੱਲਾ ਦੌੜਿਆ ਆਉਂਦਾ ਸੀ।
25ਰਾਖੇ ਨੇ ਪੁਕਾਰ ਕੇ ਰਾਜਾ ਨੂੰ ਖ਼ਬਰ ਕੀਤੀ ਸੋ ਰਾਜਾ ਨੇ ਆਖਿਆ, ਜੇ ਉਹ ਇਕੱਲਾ ਹੈ ਤਾਂ ਉਹ ਦੇ ਕੋਲ ਕੋਈ ਖ਼ਬਰ ਹੋਵੇਗੀ। ਉਹ ਭੱਜਦਾ-ਭੱਜਦਾ ਨੇੜੇ ਢੁੱਕਦਾ ਆਉਂਦਾ ਸੀ
26ਤਦ ਰਾਖੇ ਨੇ ਇੱਕ ਹੋਰ ਮਨੁੱਖ ਨੂੰ ਨੱਠੇ ਆਉਂਦਿਆਂ ਵੇਖਿਆ ਅਤੇ ਰਾਖੇ ਨੇ ਫਾਟਕ ਦੇ ਰਖਵਾਲੇ ਨੂੰ ਸੱਦ ਕੇ ਕਿਹਾ, ਵੇਖ ਇੱਕ ਜਣਾ ਹੋਰ ਇਕੱਲਾ ਨੱਠਾ ਆਉਂਦਾ ਹੈ। ਤਦ ਰਾਜਾ ਨੇ ਆਖਿਆ, ਉਹ ਵੀ ਖ਼ਬਰ ਲਿਆਉਂਦਾ ਹੋਵੇਗਾ
27ਤਦ ਰਾਖੇ ਨੇ ਆਖਿਆ, ਮੈਨੂੰ ਅਗਲੇ ਦਾ ਭੱਜਣਾ ਸਾਦੋਕ ਦੇ ਪੁੱਤਰ ਅਹੀਮਅਸ ਦੇ ਭੱਜਣ ਵਰਗਾ ਲੱਗਦਾ ਹੈ। ਤਦ ਰਾਜਾ ਨੇ ਆਖਿਆ, ਉਹ ਭਲਾ ਮਨੁੱਖ ਹੈ ਅਤੇ ਭਲੀ ਖ਼ਬਰ ਲਿਆਉਂਦਾ ਹੋਵੇਗਾ।
28ਅਹੀਮਅਸ ਨੇ ਪੁਕਾਰ ਕੇ ਰਾਜਾ ਨੂੰ ਆਖਿਆ, ਸਭ ਸੁੱਖ ਹੈ ਅਤੇ ਰਾਜਾ ਦੇ ਅੱਗੇ ਮੂੰਹ ਭਰ ਡਿੱਗ ਪਿਆ ਅਤੇ ਮੱਥਾ ਟੇਕ ਆਖਿਆ, ਯਹੋਵਾਹ ਤੁਹਾਡਾ ਪਰਮੇਸ਼ੁਰ ਧੰਨ ਹੋਵੇ ਜਿਸ ਨੇ ਉਨ੍ਹਾਂ ਮਨੁੱਖਾਂ ਨੂੰ ਜਿਨ੍ਹਾਂ ਨੇ ਮੇਰੇ ਮਹਾਰਾਜ ਰਾਜਾ ਉੱਤੇ ਹੱਥ ਚੁੱਕਿਆ ਸੀ ਤੁਹਾਡੇ ਹੱਥ ਵਿੱਚ ਸੌਂਪ ਦਿੱਤਾ ਹੈ।
29ਤਾਂ ਰਾਜਾ ਨੇ ਪੁੱਛਿਆ, ਕੀ ਅਬਸ਼ਾਲੋਮ ਜੁਆਨ ਠੀਕ-ਠਾਕ ਹੈ? ਅਹੀਮਅਸ ਨੇ ਉੱਤਰ ਦਿੱਤਾ, ਜਿਸ ਵੇਲੇ ਯੋਆਬ ਨੇ ਰਾਜਾ ਦੇ ਸੇਵਕ ਨੂੰ ਭੇਜਿਆ ਉਸ ਵੇਲੇ ਮੈਂ ਇੱਕ ਵੱਡੀ ਭੀੜ ਡਿੱਠੀ ਪਰ ਮੈਨੂੰ ਖ਼ਬਰ ਨਹੀਂ ਸੀ ਜੋ ਕੀ ਹੋਇਆ ਹੈ।
30ਤਦ ਰਾਜਾ ਨੇ ਆਖਿਆ, ਇੱਕ ਪਾਸੇ ਹੋ ਕੇ ਖੜ੍ਹਾ ਹੋ ਜਾ, ਤਦ ਉਹ ਇੱਕ ਪਾਸੇ ਹੋ ਕੇ ਖੜ੍ਹਾ ਹੋ ਗਿਆ।
31ਤਦ ਵੇਖੋ, ਉਹ ਕੂਸ਼ੀ ਆਇਆ ਅਤੇ ਉਸ ਕੂਸ਼ੀ ਨੇ ਆਖਿਆ, ਮੇਰੇ ਮਹਾਰਾਜ ਰਾਜਾ ਮੈਂ ਚੰਗੀ ਖ਼ਬਰ ਲਿਆਇਆ ਹਾਂ ਕਿ ਯਹੋਵਾਹ ਨੇ ਅੱਜ ਦੇ ਦਿਨ ਉਨ੍ਹਾਂ ਸਾਰਿਆਂ ਤੋਂ ਜੋ ਤੁਹਾਡੇ ਵਿਰੁੱਧ ਉੱਠੇ ਸਨ, ਤੁਹਾਡਾ ਬਦਲਾ ਲਿਆ।
32ਜਦ ਰਾਜਾ ਨੇ ਉਸ ਕੂਸ਼ੀ ਨੂੰ ਪੁੱਛਿਆ ਕਿ ਅਬਸ਼ਾਲੋਮ ਜੁਆਨ ਠੀਕ-ਠਾਕ ਹੈ? ਤਦ ਉਸ ਕੂਸ਼ੀ ਨੇ ਉੱਤਰ ਦੇ ਕੇ ਆਖਿਆ, ਮੇਰੇ ਮਹਾਰਾਜ ਰਾਜਾ ਦੇ ਵੈਰੀ ਅਤੇ ਓਹ ਸੱਭੇ ਜੋ ਰਾਜਾ ਦੇ ਵਿਰੋਧ ਵਿੱਚ ਤੁਹਾਡੀ ਹਾਨੀ ਕਰਨ ਲਈ ਉੱਠਦੇ ਹਨ ਸੋ ਉਸ ਜੁਆਨ ਵਰਗੇ ਹੋ ਜਾਣ!
33ਤਦ ਰਾਜਾ ਕੰਬ ਉੱਠਿਆ ਅਤੇ ਉਸ ਚੁਬਾਰੇ ਵਿੱਚ ਜੋ ਫਾਟਕ ਦੇ ਉੱਤੇ ਸੀ ਰੋਂਦਾ-ਰੋਂਦਾ ਚੜ੍ਹ ਗਿਆ ਅਤੇ ਚੜ੍ਹਦੇ ਹੋਏ ਇਸ ਤਰ੍ਹਾਂ ਆਖਦਾ ਜਾਂਦਾ ਸੀ ਹਾਏ ਮੇਰੇ ਪੁੱਤਰ ਅਬਸ਼ਾਲੋਮ! ਹੇ ਮੇਰੇ ਪੁੱਤਰ, ਮੇਰੇ ਪੁੱਤਰ ਅਬਸ਼ਾਲੋਮ! ਚੰਗਾ ਹੁੰਦਾ ਜੇਕਰ ਮੈਂ ਤੇਰੇ ਥਾਂ ਮਰਦਾ! ਹੇ ਅਬਸ਼ਾਲੋਮ, ਮੇਰੇ ਪੁੱਤਰ, ਮੇਰੇ ਪੁੱਤਰ!
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।