ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

2 ਰਾਜਿਆਂ 23

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਤਦ ਰਾਜੇ ਨੇ ਸੁਨੇਹਾ ਭੇਜਿਆ ਅਤੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਬਜ਼ੁਰਗ ਉਹ ਦੇ ਕੋਲ ਇਕੱਠੇ ਹੋਏ।
2ਤਾਂ ਰਾਜਾ ਯਹੋਵਾਹ ਦੇ ਭਵਨ ਨੂੰ ਗਿਆ ਅਤੇ ਯਹੂਦਾਹ ਦੇ ਸਾਰੇ ਮਨੁੱਖ ਅਤੇ ਯਰੂਸ਼ਲਮ ਦੇ ਸਾਰੇ ਵਾਸੀ ਅਤੇ ਜਾਜਕ, ਨਬੀ ਅਤੇ ਸਾਰੇ ਛੋਟੇ ਵੱਡੇ ਲੋਕ ਉਹ ਦੇ ਨਾਲ ਸਨ ਅਤੇ ਉਹ ਨੇ ਨੇਮ ਦੀ ਪੋਥੀ ਜੋ ਯਹੋਵਾਹ ਦੇ ਭਵਨ ਵਿੱਚੋਂ ਲੱਭੀ ਸੀ, ਉਹ ਦੀਆਂ ਸਾਰੀਆਂ ਗੱਲਾਂ ਪੜ੍ਹ ਕੇ ਉਨ੍ਹਾਂ ਦੇ ਕੰਨੀਂ ਪਾਈਆਂ।
3ਤਦ ਰਾਜਾ ਥੜੇ ਦੇ ਉੱਤੇ ਖੜ੍ਹਾ ਹੋ ਗਿਆ ਅਤੇ ਉਹ ਨੇ ਯਹੋਵਾਹ ਦੇ ਅੱਗੇ ਇੱਕ ਨੇਮ ਬੰਨ੍ਹਿਆ ਕਿ ਅਸੀਂ ਯਹੋਵਾਹ ਦੇ ਪਿੱਛੇ ਤੁਰਾਂਗੇ ਤੇ ਉਸ ਦੇ ਹੁਕਮਾਂ ਤੇ ਸਾਖੀਆਂ ਤੇ ਬਿਧੀਆਂ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਮੰਨਾਂਗੇ ਅਤੇ ਉਸ ਨੇਮ ਦੀਆਂ ਗੱਲਾਂ ਨੂੰ ਜੋ ਉਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪੂਰਾ ਕਰਾਂਗੇ ਤਾਂ ਸਾਰੇ ਲੋਕਾਂ ਨੇ ਉਸ ਨੇਮ ਨੂੰ ਮੰਨ ਲਿਆ।
4ਤਦ ਰਾਜਾ ਨੇ ਪ੍ਰਧਾਨ ਜਾਜਕ ਹਿਲਕੀਯਾਹ ਨੂੰ ਅਤੇ ਦੂਜੇ ਦਰਜੇ ਦੇ ਜਾਜਕਾਂ ਨੂੰ ਅਤੇ ਦਰਬਾਨਾਂ ਨੂੰ ਆਗਿਆ ਦਿੱਤੀ ਕਿ ਉਹ ਸਾਰੇ ਭਾਂਡੇ ਜੋ ਬਆਲ ਅਤੇ ਅਸ਼ੇਰਾਹ ਦੇਵੀ ਅਤੇ ਅਕਾਸ਼ ਦੇ ਸਾਰੇ ਲਸ਼ਕਰ ਲਈ ਬਣਾਏ ਗਏ ਸਨ ਯਹੋਵਾਹ ਦੀ ਹੈਕਲ ਵਿੱਚੋਂ ਬਾਹਰ ਕੱਢ ਲਿਆਉਣ ਅਤੇ ਉਹ ਨੇ ਯਰੂਸ਼ਲਮੋਂ ਬਾਹਰ ਕਿਦਰੋਨ ਦੇ ਮੈਦਾਨ ਵਿੱਚ ਉਹਨਾਂ ਨੂੰ ਸਾੜ ਦਿੱਤਾ ਅਤੇ ਉਹਨਾਂ ਦੀ ਸੁਆਹ ਨੂੰ ਬੈਤਏਲ ਲੈ ਗਿਆ।
5ਅਤੇ ਉਹ ਨੇ ਉਹਨਾਂ ਬੁੱਤ ਪੂਜਕ ਪੁਜਾਰੀਆਂ ਨੂੰ ਜਿਨ੍ਹਾਂ ਨੂੰ ਯਹੂਦਾਹ ਦੇ ਰਾਜਿਆਂ ਨੇ ਯਹੂਦਾਹ ਦੇ ਸ਼ਹਿਰ ਦੇ ਉੱਚਿਆਂ ਥਾਵਾਂ ਅਤੇ ਯਰੂਸ਼ਲਮ ਦੇ ਆਲੇ-ਦੁਆਲੇ ਦੇ ਥਾਵਾਂ ਵਿੱਚ ਧੂਪ ਧੁਖਾਉਣ ਲਈ ਠਹਿਰਾਇਆ ਸੀ ਅਤੇ ਉਹਨਾਂ ਨੂੰ ਵੀ ਜੋ ਬਆਲ, ਸੂਰਜ, ਚੰਦ, ਘੁੰਮਣ ਵਾਲੇ ਤਾਰੇ ਅਤੇ ਅਕਾਸ਼ ਦੇ ਸਾਰੇ ਲਸ਼ਕਰ ਲਈ ਧੂਪ ਧੁਖਾਉਂਦੇ ਸਨ, ਹਟਾ ਦਿੱਤਾ।
6ਅਤੇ ਉਸ ਟੁੰਡਦੇਵੀ ਨੂੰ ਯਹੋਵਾਹ ਦੇ ਭਵਨ ਤੋਂ ਕੱਢ ਕੇ ਯਰੂਸ਼ਲਮ ਤੋਂ ਬਾਹਰ ਕਿਦਰੋਨ ਦੀ ਵਾਦੀ ਵਿੱਚ ਲੈ ਗਿਆ ਅਤੇ ਉਸ ਨੂੰ ਕਿਦਰੋਨ ਦੀ ਵਾਦੀ ਵਿੱਚ ਸਾੜ ਸੁੱਟਿਆ ਅਤੇ ਉਸ ਨੂੰ ਕੁੱਟ-ਕੁੱਟ ਕੇ ਪੀਪੂੰ ਕਰ ਦਿੱਤਾ ਅਤੇ ਉਸ ਪੀਪੂੰ ਨੂੰ ਆਮ ਲੋਕਾਂ ਦੀਆਂ ਕਬਰਾਂ ਉੱਤੇ ਸੁੱਟ ਦਿੱਤਾ।
7ਅਤੇ ਉਹ ਨੇ ਸਮਲਿੰਗੀਆਂ ਦੇ ਘਰਾਂ ਨੂੰ ਜੋ ਯਹੋਵਾਹ ਦੇ ਭਵਨ ਕੋਲ ਸਨ ਜਿੱਥੇ ਔਰਤਾਂ ਅਸ਼ੇਰਾਹ ਦੇ ਲਈ ਪੜਦੇ ਬੁਣਦੀਆਂ ਸਨ ਢਾਹ ਦਿੱਤਾ।
8ਉਹ ਯਹੂਦਾਹ ਦੇ ਸ਼ਹਿਰਾਂ ਵਿੱਚੋਂ ਸਾਰੇ ਜਾਜਕਾਂ ਨੂੰ ਲਿਆਇਆ ਅਤੇ ਗਬਾ ਤੋਂ ਲੈ ਕੇ ਬਏਰਸ਼ਬਾ ਤੱਕ ਉਹਨਾਂ ਸਾਰੀਆਂ ਉੱਚੀਆਂ ਥਾਵਾਂ ਨੂੰ ਜਿੱਥੇ ਜਾਜਕਾਂ ਨੇ ਧੂਪ ਧੁਖਾਈ ਸੀ ਭਰਿਸ਼ਟ ਕਰ ਦਿੱਤਾ ਅਤੇ ਉਹ ਨੇ ਰਾਹ ਦੇ ਫਾਟਕਾਂ ਦੇ ਉਹਨਾਂ ਉੱਚਿਆਂ ਥਾਵਾਂ ਨੂੰ ਜੋ ਸ਼ਹਿਰ ਦੇ ਹਾਕਮ ਯਹੋਸ਼ੁਆ ਦੇ ਫਾਟਕ ਦੇ ਰਾਹ ਤੇ ਸ਼ਹਿਰ ਦੇ ਫਾਟਕ ਦੇ ਖੱਬੇ ਹੱਥ ਸੀ ਢਾਹ ਦਿੱਤਾ।
9ਤਾਂ ਵੀ ਉੱਚਿਆਂ ਥਾਵਾਂ ਦੇ ਪੁਜਾਰੀ ਯਰੂਸ਼ਲਮ ਵਿੱਚ ਯਹੋਵਾਹ ਦੀ ਜਗਵੇਦੀ ਕੋਲ ਨਾ ਆਏ ਪਰ ਉਹ ਆਪਣੇ ਭਰਾਵਾਂ ਦੇ ਵਿੱਚਕਾਰ ਬੇ ਪਤੀਰੀ ਰੋਟੀ ਖਾ ਲੈਂਦੇ ਹੁੰਦੇ ਸਨ।
10ਅਤੇ ਉਹ ਨੇ ਤੋਫਥ ਨੂੰ ਜੋ ਬਨੀ ਹਿੰਨੋਮ ਦੀ ਵਾਦੀ ਵਿੱਚ ਹੈ ਭਰਿਸ਼ਟ ਕੀਤਾ, ਤਾਂ ਜੋ ਕੋਈ ਮਨੁੱਖ ਆਪਣੇ ਪੁੱਤਰ ਜਾਂ ਆਪਣੀ ਧੀ ਨੂੰ ਮੋਲਕ ਦੇ ਲਈ ਅੱਗ ਵਿੱਚੋਂ ਦੀ ਨਾ ਲੰਘਾਵੇ।
11ਅਤੇ ਉਹ ਨੇ ਉਨ੍ਹਾਂ ਘੋੜਿਆਂ ਨੂੰ ਜਿਨ੍ਹਾਂ ਨੂੰ ਯਹੂਦਾਹ ਦੇ ਰਾਜਾ ਨੇ ਸੂਰਜ ਲਈ ਅਰਪਣ ਕੀਤਾ ਸੀ, ਯਹੋਵਾਹ ਦੇ ਭਵਨ ਦੇ ਰਾਹ ਕੋਲੋਂ ਨਾਥਾਨ-ਮਲਕ ਖੋਜੇ ਦੀ ਕੋਠੜੀ ਦੇ ਲਾਗਿਓਂ ਜੋ ਬਸਤੀ ਦੇ ਅੰਦਰ ਸੀ ਕੱਢ ਦਿੱਤਾ। ਉਹ ਨੇ ਸੂਰਜ ਦੇ ਰਥਾਂ ਨੂੰ ਵੀ ਅੱਗ ਨਾਲ ਫੂਕ ਦਿੱਤਾ।
12ਅਤੇ ਜੋ ਜਗਵੇਦੀਆਂ ਆਹਾਜ਼ ਦੇ ਚੁਬਾਰੇ ਦੀ ਛੱਤ ਉੱਤੇ ਸਨ ਜਿਹੜੀਆਂ ਯਹੂਦਾਹ ਦੇ ਰਾਜਿਆਂ ਨੇ ਬਣਾਈਆਂ ਸਨ ਅਤੇ ਉਹ ਜਗਵੇਦੀਆਂ ਵੀ ਜੋ ਮਨੱਸ਼ਹ ਨੇ ਯਹੋਵਾਹ ਦੇ ਭਵਨ ਦੇ ਦੋਹਾਂ ਵਿਹੜਿਆਂ ਵਿੱਚ ਬਣਾਈਆਂ ਸਨ ਰਾਜਾ ਨੇ ਢਾਹ ਛੱਡੀਆਂ ਅਤੇ ਉੱਥੋਂ ਚੁੱਕਵਾ ਕੇ ਉਹਨਾਂ ਦੀ ਸੁਆਹ ਨੂੰ ਕਿਦਰੋਨ ਦੇ ਨਾਲੇ ਵਿੱਚ ਸੁੱਟ ਦਿੱਤਾ।
13ਪਾਤਸ਼ਾਹਾਂ ਨੇ ਉਹਨਾਂ ਉੱਚਿਆਂ ਥਾਵਾਂ ਨੂੰ ਭਰਿਸ਼ਟ ਕੀਤਾ ਜੋ ਯਰੂਸ਼ਲਮ ਦੇ ਸਾਹਮਣੇ ਗੰਦੇ ਪਰਬਤ ਦੇ ਸੱਜੇ ਪਾਸੇ ਸਨ ਜਿਨ੍ਹਾਂ ਨੂੰ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਸੀਦੋਨੀਆਂ ਦੀ ਘਿਣਾਉਣੀ ਦੇਵੀ ਅਸ਼ਤਾਰੋਥ ਅਤੇ ਮੋਆਬੀਆਂ ਦੇ ਘਿਣਾਉਣੇ ਦੇਵ ਕਮੋਸ਼ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵ ਮਿਲਕੋਮ ਦੇ ਲਈ ਬਣਾਇਆ ਸੀ।
14ਅਤੇ ਉਹ ਨੇ ਥੰਮ੍ਹਾਂ ਨੂੰ ਟੁੱਕੜੇ-ਟੁੱਕੜੇ ਕਰ ਦਿੱਤਾ ਅਤੇ ਟੁੰਡਾਂ ਨੂੰ ਵੱਢ ਦਿੱਤਾ ਅਤੇ ਉਹਨਾਂ ਦਾ ਥਾਂ ਆਦਮੀਆਂ ਦੀਆਂ ਹੱਡੀਆਂ ਨਾਲ ਭਰ ਦਿੱਤਾ।
15ਨਾਲੇ ਉਹ ਜਗਵੇਦੀ ਜੋ ਬੈਤਏਲ ਵਿੱਚ ਸੀ ਤੇ ਉਹ ਉੱਚਾ ਥਾਂ ਜੋ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਬਣਾਇਆ ਸੀ ਜਿਹ ਦੇ ਨਾਲ ਉਸ ਨੇ ਇਸਰਾਏਲ ਤੋਂ ਪਾਪ ਕਰਾਇਆ ਸੀ ਸੋ ਉਹ ਜਗਵੇਦੀ ਅਤੇ ਉੱਚਾ ਥਾਂ ਵੀ ਉਹ ਨੇ ਢਾਹ ਛੱਡਿਆ ਅਤੇ ਉਸ ਉੱਚੇ ਥਾਂ ਨੂੰ ਫੂਕ ਦਿੱਤਾ ਤੇ ਉਸ ਨੂੰ ਪੀਹ ਕੇ ਚੂਰ-ਚੂਰ ਕਰ ਦਿੱਤਾ ਅਤੇ ਅਸ਼ੇਰਾਹ ਦੀ ਮੂਰਤੀ ਨੂੰ ਫੂਕ ਛੱਡਿਆ।
16ਅਤੇ ਜਦ ਯੋਸ਼ੀਯਾਹ ਮੁੜਿਆ ਅਤੇ ਉਹ ਕਬਰਾਂ ਜੋ ਪਰਬਤ ਵਿੱਚ ਸਨ ਡਿੱਠੀਆਂ ਤਾਂ ਉਹ ਨੇ ਲੋਕ ਭੇਜ ਕੇ ਕਬਰਾਂ ਵਿੱਚੋਂ ਹੱਡੀਆਂ ਕਢਵਾਈਆਂ ਅਤੇ ਜਗਵੇਦੀ ਉੱਤੇ ਉਨ੍ਹਾਂ ਨੂੰ ਸਾੜ ਕੇ ਉਸ ਨੂੰ ਭਰਿਸ਼ਟ ਕੀਤਾ। ਇਹ ਯਹੋਵਾਹ ਦੇ ਬਚਨ ਦੇ ਅਨੁਸਾਰ ਹੋਇਆ ਜਿਹ ਦਾ ਪਰਮੇਸ਼ੁਰ ਦੇ ਜਨ ਨੇ ਪਰਚਾਰ ਕੀਤਾ ਜਿਸ ਨੇ ਇਸ ਵਾਰਤਾ ਦਾ ਵੀ ਪਰਚਾਰ ਕੀਤਾ ਸੀ।
17ਤਦ ਉਹ ਨੇ ਆਖਿਆ ਕਿ ਉਹ ਯਾਦਗਾਰ ਜੋ ਮੈਂ ਉੱਧਰ ਵੇਖਦਾ ਹਾਂ ਕੀ ਹੈ? ਅੱਗੋਂ ਸ਼ਹਿਰ ਦੇ ਲੋਕਾਂ ਨੇ ਉਹ ਨੂੰ ਆਖਿਆ, ਇਹ ਉਸ ਪਰਮੇਸ਼ੁਰ ਦੇ ਜਨ ਦੀ ਕਬਰ ਹੈ ਜਿਸ ਨੇ ਯਹੂਦਾਹ ਤੋਂ ਆ ਕੇ ਉਨ੍ਹਾਂ ਕੰਮਾਂ ਦਾ ਪਰਚਾਰ ਕੀਤਾ ਜੋ ਤੂੰ ਬੈਤਏਲ ਦੀ ਜਗਵੇਦੀ ਦੇ ਵਿਰੁੱਧ ਕੀਤੇ ਹਨ।
18ਤਾਂ ਉਹ ਨੇ ਆਖਿਆ ਕਿ ਉਸ ਨੂੰ ਵਿਸ਼ਰਾਮ ਕਰਨ ਦਿਓ। ਕੋਈ ਮਨੁੱਖ ਉਸ ਦੀਆਂ ਹੱਡੀਆਂ ਨੂੰ ਨਾ ਛੇੜੇ। ਸੋ ਉਹਨਾਂ ਨੇ ਉਸ ਦੀਆਂ ਹੱਡੀਆਂ ਉਸ ਨਬੀ ਦੀਆਂ ਹੱਡੀਆਂ ਨਾਲ ਜੋ ਸਾਮਰਿਯਾ ਵਿੱਚ ਆਇਆ ਸੀ ਰਹਿਣ ਦਿੱਤੀਆਂ।
19ਨਾਲੇ ਯੋਸ਼ੀਯਾਹ ਨੇ ਉਨ੍ਹਾਂ ਉੱਚਿਆਂ ਥਾਵਾਂ ਦੇ ਸਾਰਿਆਂ ਮੰਦਰਾਂ ਨੂੰ ਵੀ ਜੋ ਸਾਮਰਿਯਾ ਦੇ ਸ਼ਹਿਰਾਂ ਵਿੱਚ ਸਨ ਜਿਨ੍ਹਾਂ ਨੂੰ ਇਸਰਾਏਲ ਦੇ ਪਾਤਸ਼ਾਹਾਂ ਨੇ ਯਹੋਵਾਹ ਦੇ ਕ੍ਰੋਧ ਨੂੰ ਭੜਕਾਉਣ ਲਈ ਬਣਾਇਆ ਸੀ ਢਾਹ ਦਿੱਤਾ ਅਤੇ ਉਹ ਸਭ ਜੋ ਉਹ ਨੇ ਬੈਤਏਲ ਵਿੱਚ ਕੀਤਾ ਸੀ, ਉਸੇ ਤਰ੍ਹਾਂ ਉਨ੍ਹਾਂ ਨਾਲ ਵੀ ਕੀਤਾ।
20ਅਤੇ ਉਹ ਨੇ ਉੱਚਿਆਂ ਥਾਵਾਂ ਦੇ ਸਾਰਿਆਂ ਪੁਜਾਰੀਆਂ ਨੂੰ ਜੋ ਉੱਥੇ ਸਨ ਜਗਵੇਦੀਆਂ ਉੱਤੇ ਬਲੀਦਾਨ ਕੀਤਾ ਅਤੇ ਉਨ੍ਹਾਂ ਦੇ ਉੱਤੇ ਆਦਮੀਆਂ ਦੀਆਂ ਹੱਡੀਆਂ ਸਾੜੀਆਂ ਫੇਰ ਯਰੂਸ਼ਲਮ ਨੂੰ ਮੁੜ ਆਇਆ।
21ਤਦ ਰਾਜਾ ਨੇ ਸਾਰਿਆਂ ਲੋਕਾਂ ਨੂੰ ਇਹ ਹੁਕਮ ਦਿੱਤਾ ਕਿ ਜਿਵੇਂ ਇਸ ਨੇਮ ਦੀ ਪੋਥੀ ਵਿੱਚ ਲਿਖਿਆ ਹੈ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਪਸਾਹ ਮਨਾਓ
22ਨਿਆਂਈਆਂ ਦੇ ਦਿਨਾਂ ਤੋਂ ਜੋ ਇਸਰਾਏਲ ਦਾ ਨਿਆਂ ਕਰਦੇ ਸਨ ਅਤੇ ਇਸਰਾਏਲ ਦੇ ਰਾਜਿਆਂ ਅਤੇ ਯਹੂਦਾਹ ਦੇ ਰਾਜਿਆਂ ਦੇ ਦਿਨਾਂ ਵਿੱਚ ਅਜਿਹੀ ਪਸਾਹ ਸੱਚ-ਮੁੱਚ ਨਹੀਂ ਹੋਈ ਸੀ।
23ਪਰ ਯੋਸ਼ੀਯਾਹ ਰਾਜਾ ਦੇ ਰਾਜ ਦੇ ਅਠਾਰਵੇਂ ਸਾਲ ਵਿੱਚ ਇਹ ਪਸਾਹ ਯਰੂਸ਼ਲਮ ਵਿੱਚ ਯਹੋਵਾਹ ਦੇ ਲਈ ਮਨਾਈ ਗਈ।
24ਇਸ ਦੇ ਨਾਲ ਯੋਸ਼ੀਯਾਹ ਨੇ ਉਨ੍ਹਾਂ ਨੂੰ ਜਿਨ੍ਹਾਂ ਵਿੱਚ ਪੁੱਛਣ ਵਾਲੀਆਂ ਰੂਹਾਂ ਸਨ, ਦਿਓ-ਯਾਰਾਂ, ਘਰੇਲੂ ਮੂਰਤਾਂ, ਬੁੱਤਾਂ ਅਤੇ ਸਾਰੀਆਂ ਘਿਣਾਉਣੀਆਂ ਵਸਤੂਆਂ ਨੂੰ ਜੋ ਯਹੂਦਾਹ ਦੇ ਦੇਸ ਅਤੇ ਯਰੂਸ਼ਲਮ ਵਿੱਚ ਦਿੱਸੇ ਸਨ, ਹਟਾ ਦਿੱਤਾ ਤਾਂ ਜੋ ਉਹ ਬਿਵਸਥਾ ਦੀਆਂ ਉਹਨਾਂ ਗੱਲਾਂ ਨੂੰ ਪੂਰੀਆਂ ਕਰੇ ਜੋ ਉਸ ਪੋਥੀ ਵਿੱਚ ਲਿਖੀਆਂ ਹੋਈਆਂ ਸਨ ਜਿਹੜੀਆਂ ਹਿਲਕੀਯਾਹ ਜਾਜਕ ਨੂੰ ਯਹੋਵਾਹ ਦੇ ਭਵਨ ਵਿੱਚੋਂ ਲੱਭੀ ਸੀ।
25ਅਤੇ ਉਸ ਤੋਂ ਪਹਿਲਾਂ ਕੋਈ ਰਾਜਾ ਉਹ ਦੇ ਵਰਗਾ ਨਹੀਂ ਹੋਇਆ ਜੋ ਆਪਣੇ ਸਾਰੇ ਮਨ ਆਏ ਆਪਣੀ ਜਾਨ ਅਤੇ ਆਪਣੀ ਸਾਰੀ ਸ਼ਕਤੀ ਨਾਲ ਮੂਸਾ ਦੀ ਸਾਰੀ ਬਿਵਸਥਾ ਅਨੁਸਾਰ ਯਹੋਵਾਹ ਦੀ ਵੱਲ ਫਿਰਿਆ ਹੋਵੇ ਅਤੇ ਨਾ ਉਹ ਦੇ ਮਗਰੋਂ ਕੋਈ ਉਹ ਦੇ ਵਰਗਾ ਉੱਠਿਆ।
26ਫਿਰ ਵੀ ਮਨੱਸ਼ਹ ਦੇ ਭੜਕਾਉਣ ਵਾਲਿਆਂ ਕੰਮਾਂ ਦੇ ਕਾਰਨ ਜਿਨ੍ਹਾਂ ਤੋਂ ਉਸ ਨੇ ਯਹੋਵਾਹ ਦੇ ਗੁੱਸੇ ਨੂੰ ਭੜਕਾਇਆ ਸੀ ਯਹੋਵਾਹ ਆਪਣੇ ਡਾਢੇ ਕ੍ਰੋਧ ਤੋਂ ਜਿਹ ਦੇ ਨਾਲ ਉਹ ਦਾ ਗੁੱਸਾ ਯਹੂਦਾਹ ਤੇ ਭੜਕਿਆ ਸੀ ਨਾ ਮੁੜਿਆ।
27ਇਸ ਲਈ ਯਹੋਵਾਹ ਨੇ ਆਖਿਆ, ਜਿਵੇਂ ਮੈਂ ਇਸਰਾਏਲ ਨੂੰ ਪਰੇ ਹਟਾ ਦਿੱਤਾ ਓਵੇਂ ਯਹੂਦਾਹ ਨੂੰ ਵੀ ਆਪਣੇ ਅੱਗਿਓਂ ਪਰੇ ਹਟਾ ਦਿਆਂਗਾ ਅਤੇ ਇਸ ਸ਼ਹਿਰ ਨੂੰ ਜਿਹ ਨੂੰ ਮੈਂ ਚੁਣਿਆ ਸੀ ਅਰਥਾਤ ਯਰੂਸ਼ਲਮ ਨੂੰ ਅਤੇ ਇਸ ਭਵਨ ਨੂੰ ਜਿਹ ਦੇ ਵਿਖੇ ਮੈਂ ਆਖਿਆ ਸੀ ਕਿ ਮੇਰਾ ਨਾਮ ਉੱਥੇ ਹੋਵੇਗਾ ਮੈਂ ਰੱਦਾਂਗਾ।
28ਯੋਸ਼ੀਯਾਹ ਦੀ ਬਾਕੀ ਵਾਰਤਾ ਅਤੇ ਜੋ ਕੁਝ ਉਹ ਨੇ ਕੀਤਾ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ?
29ਉਸੇ ਦੇ ਦਿਨੀਂ ਮਿਸਰ ਦਾ ਰਾਜਾ ਫ਼ਿਰਊਨ ਨਕੋਹ ਅੱਸ਼ੂਰ ਦੇ ਰਾਜਾ ਉੱਤੇ ਹਮਲਾ ਕਰਨ ਲਈ ਫ਼ਰਾਤ ਦੇ ਦਰਿਆ ਨੂੰ ਗਿਆ ਅਤੇ ਯੋਸ਼ੀਯਾਹ ਰਾਜਾ ਉਸ ਦਾ ਸਾਹਮਣਾ ਕਰਨ ਲਈ ਬਾਹਰ ਗਿਆ ਅਤੇ ਵੇਖਦੇ ਸਾਰ ਹੀ ਫ਼ਿਰਊਨ ਨੇ ਉਹ ਨੂੰ ਮਗਿੱਦੋ ਕੋਲ ਮਾਰ ਛੱਡਿਆ।
30ਅਤੇ ਉਸ ਦੇ ਨੌਕਰ ਉਹ ਨੂੰ ਮਰਿਆ ਹੋਇਆ ਇੱਕ ਰਥ ਵਿੱਚ ਮਗਿੱਦੋ ਤੋਂ ਲੈ ਗਏ ਅਤੇ ਉਹ ਨੂੰ ਯਰੂਸ਼ਲਮ ਵਿੱਚ ਲਿਆ ਕੇ ਉਸੇ ਦੀ ਕਬਰ ਵਿੱਚ ਦੱਬ ਦਿੱਤਾ ਅਤੇ ਉਸ ਦੇਸ ਦੇ ਲੋਕਾਂ ਨੇ ਯੋਸ਼ੀਯਾਹ ਦੇ ਪੁੱਤਰ ਯਹੋਆਹਾਜ਼ ਨੂੰ ਲੈ ਕੇ ਉਸ ਨੂੰ ਮਸਹ ਕੀਤਾ ਅਤੇ ਉਸ ਦੇ ਪਿਤਾ ਦੇ ਥਾਂ ਉਸ ਨੂੰ ਰਾਜਾ ਬਣਾਇਆ।
31ਯਹੋਆਹਾਜ਼ ਤੇਈਆਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸ ਨੇ ਤਿੰਨ ਮਹੀਨੇ ਯਰੂਸ਼ਲਮ ਵਿੱਚ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਹਮੂਟਲ ਸੀ ਜੋ ਲਿਬਨਾਹ ਦੇ ਯਿਰਮਿਯਾਹ ਦੀ ਧੀ ਸੀ।
32ਅਤੇ ਜਿਵੇਂ ਉਸ ਦੇ ਪੁਰਖਿਆਂ ਨੇ ਕੀਤਾ ਸੀ ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ।
33ਅਤੇ ਫ਼ਿਰਊਨ ਨਕੋਹ ਨੇ ਉਸ ਨੂੰ ਰਿਬਲਾਹ ਵਿੱਚ ਜੋ ਹਮਾਥ ਦੇ ਦੇਸ ਵਿੱਚ ਹੈ ਕੈਦ ਕਰ ਦਿੱਤਾ ਕਿ ਉਹ ਯਰੂਸ਼ਲਮ ਵਿੱਚ ਰਾਜ ਨਾ ਕਰੇ ਅਤੇ ਉਹ ਨੇ ਦੇਸ ਉੱਤੇ ਇੱਕ ਸੌ ਤੋੜਾ ਚਾਂਦੀ ਅਤੇ ਇੱਕ ਤੋੜਾ ਸੋਨਾ ਹਰਜ਼ਾਨਾ ਲਾ ਦਿੱਤਾ।
34ਅਤੇ ਫ਼ਿਰਊਨ ਨਕੋਹ ਨੇ ਯੋਸ਼ੀਯਾਹ ਦੇ ਪੁੱਤਰ ਅਲਯਾਕੀਮ ਨੂੰ ਉਹ ਦੇ ਪਿਤਾ ਯੋਸ਼ੀਯਾਹ ਦੇ ਥਾਂ ਰਾਜਾ ਬਣਾਇਆ ਅਤੇ ਉਹ ਦਾ ਨਾਮ ਬਦਲ ਕੇ ਯਹੋਯਾਕੀਮ ਰੱਖਿਆ ਅਤੇ ਯਹੋਆਹਾਜ਼ ਨੂੰ ਲੈ ਗਿਆ ਜੋ ਉਹ ਮਿਸਰ ਵਿੱਚ ਗਿਆ ਅਤੇ ਉੱਥੇ ਮਰ ਗਿਆ।
35ਅਤੇ ਯਹੋਯਾਕੀਮ ਨੇ ਚਾਂਦੀ ਤੇ ਸੋਨਾ ਫ਼ਿਰਊਨ ਨੂੰ ਦੇ ਦਿੱਤਾ ਪਰ ਉਸ ਦੇ ਦੇਸ ਉੱਤੇ ਫ਼ਿਰਊਨ ਦੇ ਹੁਕਮ ਅਨੁਸਾਰ ਕਰ ਲਾ ਦਿੱਤਾ। ਉਸ ਨੇ ਦੇਸ ਦੇ ਹਰ ਮਨੁੱਖ ਤੋਂ ਉਸ ਦੇ ਕਰ ਦੇ ਅਨੁਸਾਰ ਚਾਂਦੀ ਤੇ ਸੋਨਾ ਲਿਆ ਕਿ ਉਹ ਫ਼ਿਰਊਨ ਨਕੋਹ ਨੂੰ ਦੇਵੇ।
36ਜਦ ਯਹੋਯਾਕੀਮ ਰਾਜ ਕਰਨ ਲੱਗਾ ਤਾਂ ਉਹ ਪੱਚੀਆਂ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਗਿਆਰ੍ਹਾਂ ਸਾਲ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਜ਼ਬੂਦਾਹ ਸੀ ਜੋ ਰੂਮਾਹ ਦੇ ਪਦਾਯਾਹ ਦੀ ਧੀ ਸੀ।
37ਅਤੇ ਜਿਵੇਂ ਉਸ ਦੇ ਪੁਰਖਿਆਂ ਨੇ ਕੀਤਾ ਸੀ ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।