ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

2 ਰਾਜਿਆਂ 14

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਇਸਰਾਏਲ ਦੇ ਰਾਜਾ ਯਹੋਆਹਾਜ਼ ਦੇ ਪੁੱਤਰ ਯੋਆਸ਼ ਦੇ ਰਾਜ ਦੇ ਦੂਜੇ ਸਾਲ ਯਹੂਦਾਹ ਦੇ ਰਾਜਾ ਯੋਆਸ਼ ਦਾ ਪੁੱਤਰ, ਅਮਸਯਾਹ ਰਾਜ ਕਰਨ ਲੱਗਾ।
2ਜਦ ਉਹ ਰਾਜ ਕਰਨ ਲੱਗਾ ਤਦ ਉਹ ਪੱਚੀ ਸਾਲ ਦਾ ਸੀ ਅਤੇ ਉਸ ਨੇ ਉਨੱਤੀ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ, ਉਹ ਦੀ ਮਾਤਾ ਦਾ ਨਾਮ ਯਹੋਅੱਦਾਨ ਸੀ, ਜੋ ਯਰੂਸ਼ਲਮ ਦੀ ਸੀ।
3ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗਾ ਸੀ, ਉਸ ਨੇ ਕੀਤਾ ਪਰ ਆਪਣੇ ਪਿਤਾ ਦਾਊਦ ਵਾਂਗੂੰ ਨਹੀਂ। ਜਿਵੇਂ ਉਹ ਦੇ ਪਿਤਾ ਯੋਆਸ਼ ਨੇ ਕੀਤਾ ਉਸੇ ਤਰ੍ਹਾਂ ਉਹ ਨੇ ਸਭ ਕੁਝ ਕੀਤਾ।
4ਉਨ੍ਹਾਂ ਨੇ ਉੱਚਿਆਂ ਥਾਵਾਂ ਨੂੰ ਨਾ ਢਾਹਿਆ। ਅਜੇ ਤੱਕ ਲੋਕ ਉੱਚਿਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ।
5ਅਜਿਹਾ ਹੋਇਆ ਕਿ ਜਿਵੇਂ ਹੀ ਰਾਜ ਉਹ ਦੇ ਹੱਥ ਵਿੱਚ ਸਥਿਰ ਹੋ ਗਿਆ ਉਸੇ ਤਰ੍ਹਾਂ ਹੀ ਉਹ ਨੇ ਆਪਣੇ ਉਨ੍ਹਾਂ ਸੇਵਕਾਂ ਨੂੰ ਮਾਰ ਛੱਡਿਆ, ਜਿਨ੍ਹਾਂ ਨੇ ਉਹ ਦੇ ਪਿਤਾ ਨੂੰ ਮਾਰਿਆ ਸੀ, ਜੋ ਰਾਜਾ ਸੀ।
6ਪਰ ਉਹ ਦੇ ਮਾਰਨ ਵਾਲਿਆਂ ਦੇ ਪੁੱਤਰਾਂ ਨੂੰ ਉਹ ਨੇ ਨਾ ਮਾਰਿਆ ਕਿਉਂ ਜੋ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਹੈ, ਅਜਿਹਾ ਲਿਖਿਆ ਹੈ ਕਿ ਪੁੱਤਰਾਂ ਦੇ ਬਦਲੇ ਪਿਤਾ ਨਾ ਮਾਰੇ ਜਾਣ ਅਤੇ ਨਾ ਪਿਤਾ ਦੇ ਬਦਲੇ ਪੁੱਤਰ ਮਾਰੇ ਜਾਣ ਪਰ ਹਰੇਕ ਮਨੁੱਖ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ।
7ਉਹ ਨੇ ਲੂਣ ਦੀ ਵਾਦੀ ਵਿੱਚ ਦਸ ਹਜ਼ਾਰ ਅਦੋਮੀ ਮਾਰੇ ਅਤੇ ਸੇਲਾ ਨੂੰ ਯੁੱਧ ਕਰਕੇ ਲੈ ਲਿਆ ਅਤੇ ਉਹ ਦਾ ਨਾਮ ਯਾਕਥਏਲ ਰੱਖਿਆ, ਜਿਹੜਾ ਅੱਜ ਦੇ ਦਿਨ ਤੱਕ ਹੈ।
8ਤਦ ਅਮਸਯਾਹ ਨੇ ਇਸਰਾਏਲ ਦੇ ਰਾਜੇ ਯਹੋਆਸ਼ ਦੇ ਕੋਲ ਜੋ ਯੇਹੂ ਦਾ ਪੋਤਾ ਅਤੇ ਯਹੋਆਹਾਜ਼ ਦਾ ਪੁੱਤਰ ਸੀ, ਸੰਦੇਸ਼ਵਾਹਕਾਂ ਨੂੰ ਸੁਨੇਹਾ ਭੇਜਿਆ ਕਿ ਹੁਣ ਆ ਅਸੀਂ ਇੱਕ ਦੂਜੇ ਨੂੰ ਆਹਮੋ-ਸਾਹਮਣੇ ਵੇਖੀਏ।
9ਤਦ ਇਸਰਾਏਲ ਦੇ ਰਾਜਾ ਯਹੋਆਸ਼ ਨੇ ਯਹੂਦਾਹ ਦੇ ਰਾਜਾ ਅਮਸਯਾਹ ਨੂੰ ਇਹ ਸੁਨੇਹਾ ਭੇਜਿਆ ਕਿ ਲਬਾਨੋਨ ਦੇ ਕੰਡਿਆਲੇ ਨੇ ਲਬਾਨੋਨ ਦੇ ਦਿਆਰ ਨੂੰ ਸੁਨੇਹਾ ਭੇਜਿਆ ਕਿ ਆਪਣੀ ਧੀ ਨੂੰ ਮੇਰੇ ਪੁੱਤਰ ਨਾਲ ਵਿਆਹ ਦੇ ਅਤੇ ਇੱਕ ਜੰਗਲੀ ਜਾਨਵਰ ਜੋ ਲਬਾਨੋਨ ਵਿੱਚ ਸੀ, ਕੋਲੋਂ ਦੀ ਲੰਘਿਆ ਅਤੇ ਕੰਡਿਆਲੇ ਨੂੰ ਮਿੱਧ ਛੱਡਿਆ।
10ਤੂੰ ਅਦੋਮ ਨੂੰ ਮਾਰਿਆ ਹੈ ਅਤੇ ਤੇਰੇ ਮਨ ਦਾ ਘਮੰਡ ਤੈਨੂੰ ਚੁੱਕਦਾ ਹੈ। ਘਰ ਵਿੱਚ ਰਹਿ ਕੇ ਘਮੰਡ ਕਰ। ਭਲਾ, ਤੂੰ ਕਿਉਂ ਬਿਪਤਾ ਨੂੰ ਛੇੜੇਂ ਤੇ ਡਿੱਗੇਂ ਅਤੇ ਤੇਰੇ ਨਾਲ ਹੀ ਯਹੂਦਾਹ ਵੀ?
11ਪਰ ਅਮਸਯਾਹ ਨੇ ਧਿਆਨ ਨਾ ਕੀਤਾ ਤਦ ਇਸਰਾਏਲ ਦੇ ਰਾਜਾ ਯਹੋਆਸ਼ ਨੇ ਚੜ੍ਹਾਈ ਕੀਤੀ ਅਤੇ ਉਸ ਤੇ ਯਹੂਦਾਹ ਦਾ ਰਾਜਾ ਅਮਸਯਾਹ ਬੈਤ ਸ਼ਮਸ਼ ਵਿੱਚ ਜੋ ਯਹੂਦਾਹ ਦਾ ਹੈ, ਆਹਮੋ-ਸਾਹਮਣੇ ਹੋਏ।
12ਤਦ ਯਹੂਦਾਹ ਇਸਰਾਏਲ ਦੇ ਅੱਗੋਂ ਹਾਰ ਗਿਆ ਅਤੇ ਉਨ੍ਹਾਂ ਵਿੱਚੋਂ ਹਰੇਕ ਆਪਣੇ ਤੰਬੂ ਨੂੰ ਭੱਜਾ।
13ਇਸਰਾਏਲ ਦੇ ਰਾਜਾ ਯਹੋਆਸ਼ ਨੇ ਯਹੂਦਾਹ ਦੇ ਰਾਜਾ ਅਮਸਯਾਹ ਨੂੰ ਜੋ ਅਹਜ਼ਯਾਹ ਦਾ ਪੋਤਾ ਅਤੇ ਯੋਆਸ਼ ਦਾ ਪੁੱਤਰ ਸੀ ਬੈਤ ਸ਼ਮਸ਼ ਵਿੱਚ ਫੜ੍ਹ ਲਿਆ ਅਤੇ ਯਰੂਸ਼ਲਮ ਵਿੱਚ ਵੜਿਆ ਅਤੇ ਯਰੂਸ਼ਲਮ ਦੀ ਸ਼ਹਿਰਪਨਾਹ ਇਫ਼ਰਾਈਮ ਦੇ ਫਾਟਕ ਤੋਂ ਲੈ ਕੇ ਖੂੰਜੇ ਵਾਲੇ ਫਾਟਕ ਤੱਕ ਚਾਰ ਸੌ ਹੱਥ ਢਾਹ ਦਿੱਤੀ।
14ਉਸ ਨੇ ਸਾਰਾ ਸੋਨਾ, ਚਾਂਦੀ ਅਤੇ ਸਾਰੇ ਭਾਂਡੇ ਜੋ ਯਹੋਵਾਹ ਦੇ ਭਵਨ ਵਿੱਚ ਅਤੇ ਰਾਜਾ ਦੇ ਮਹਿਲ ਦੇ ਖਜ਼ਾਨਿਆਂ ਵਿੱਚ ਮਿਲੇ, ਬੰਦੀ ਪੁਰਸ਼ਾਂ ਨੂੰ ਨਾਲ ਲੈ ਕੇ ਸਾਮਰਿਯਾ ਨੂੰ ਮੁੜਿਆ।
15ਯਹੋਆਸ਼ ਦੀ ਬਾਕੀ ਘਟਨਾਵਾਂ ਜੋ ਕੁਝ ਉਸ ਨੇ ਕੀਤਾ ਉਸ ਦੀ ਸਾਮਰਥ ਜਿਸ ਤਰ੍ਹਾਂ ਉਹ ਯਹੂਦਾਹ ਦੇ ਰਾਜਾ ਅਮਸਯਾਹ ਨਾਲ ਲੜਿਆ, ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ?
16ਯਹੋਆਸ਼ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ, ਸਾਮਰਿਯਾ ਵਿੱਚ ਇਸਰਾਏਲ ਦੇ ਰਾਜਿਆਂ ਨਾਲ ਦੱਬਿਆ ਗਿਆ ਅਤੇ ਉਹ ਦਾ ਪੁੱਤਰ ਯਾਰਾਬੁਆਮ ਉਹ ਦੇ ਥਾਂ ਰਾਜ ਕਰਨ ਲੱਗਾ।
17ਯਹੂਦਾਹ ਦੇ ਰਾਜਾ ਯੋਆਸ਼ ਦਾ ਪੁੱਤਰ ਅਮਸਯਾਹ ਇਸਰਾਏਲ ਦੇ ਰਾਜਾ ਯਹੋਆਹਾਜ਼ ਦੇ ਪੁੱਤਰ ਯਹੋਆਸ਼ ਦੇ ਮਰਨ ਦੇ ਪਿੱਛੋਂ ਪੰਦਰਾਂ ਸਾਲ ਜੀਉਂਦਾ ਰਿਹਾ।
18ਅਮਸਯਾਹ ਦੇ ਬਾਕੀ ਕੰਮ, ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ਹਨ?
19ਜਦ ਉਨ੍ਹਾਂ ਨੇ ਉਹ ਦੇ ਵਿਰੁੱਧ ਯਰੂਸ਼ਲਮ ਵਿੱਚ ਯੋਜਨਾ ਬਣਾਈ ਤਦ ਉਹ ਲਾਕੀਸ਼ ਨੂੰ ਭੱਜਿਆ ਪਰ ਉਨ੍ਹਾਂ ਨੇ ਲਾਕੀਸ਼ ਨੂੰ ਉਹ ਦੇ ਪਿੱਛੇ ਆਦਮੀ ਭੇਜੇ ਅਤੇ ਉੱਥੇ ਉਹ ਨੂੰ ਮਾਰ ਛੱਡਿਆ।
20ਉਹ ਉਸ ਨੂੰ ਘੋੜਿਆਂ ਉੱਤੇ ਲੈ ਆਏ ਅਤੇ ਉਹ ਯਰੂਸ਼ਲਮ ਦਾਊਦ ਦੇ ਸ਼ਹਿਰ ਵਿੱਚ ਆਪਣੇ ਪੁਰਖਿਆਂ ਨਾਲ ਦੱਬਿਆ ਗਿਆ।
21ਯਹੂਦਾਹ ਦੇ ਸਾਰਿਆਂ ਲੋਕਾਂ ਨੇ ਅਜ਼ਰਯਾਹ ਨੂੰ ਜੋ ਸੋਲ਼ਾਂ ਸਾਲਾਂ ਦਾ ਸੀ ਉਹ ਦੇ ਪਿਤਾ ਅਮਸਯਾਹ ਦੇ ਥਾਂ ਰਾਜਾ ਬਣਾਇਆ।
22ਰਾਜਾ ਦੇ ਮਰਨ ਅਤੇ ਆਪਣੇ ਪੁਰਖਿਆਂ ਜਾ ਮਿਲਣ ਤੋਂ ਬਾਅਦ ਉਸ ਨੇ ਏਲਥ ਨੂੰ ਬਣਾਇਆ ਅਤੇ ਉਹ ਨੂੰ ਫੇਰ ਯਹੂਦਾਹ ਵਿੱਚ ਮਿਲਾ ਲਿਆ।
23ਯਹੂਦਾਹ ਦੇ ਰਾਜਾ ਯੋਆਸ਼ ਦੇ ਪੁੱਤਰ ਅਮਸਯਾਹ ਦੇ ਰਾਜ ਦੇ ਪੰਦਰਵੇਂ ਸਾਲ ਵਿੱਚ, ਇਸਰਾਏਲ ਦੇ ਰਾਜਾ ਯੋਆਸ਼ ਦਾ ਪੁੱਤਰ ਯਾਰਾਬੁਆਮ ਸਾਮਰਿਯਾ ਵਿੱਚ ਰਾਜ ਕਰਨ ਲੱਗਾ ਅਤੇ ਉਸ ਨੇ ਇੱਕਤਾਲੀ ਸਾਲ ਰਾਜ ਕੀਤਾ।
24ਉਸ ਨੇ ਉਹ ਕੰਮ ਕੀਤਾ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ। ਉਹ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਸਾਰਿਆਂ ਪਾਪਾਂ ਵਿੱਚੋਂ ਕਿਸੇ ਤੋਂ ਮੂੰਹ ਨਾ ਮੋੜਿਆ, ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ।
25ਉਸ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਉਸ ਬਚਨ ਦੇ ਅਨੁਸਾਰ, ਜੋ ਉਸ ਨੇ ਅਮਿੱਤਈ ਦੇ ਪੁੱਤਰ ਆਪਣੇ ਦਾਸ ਯੂਨਾਹ ਨਬੀ ਦੇ ਰਾਹੀਂ, ਜੋ ਗਥ ਹੇਫ਼ਰ ਦਾ ਸੀ ਆਖਿਆ ਸੀ, ਇਸਰਾਏਲ ਦੀ ਹੱਦ ਨੂੰ ਹਮਾਥ ਦੇ ਕੋਲੋਂ ਲੈ ਕੇ ਅਰਾਬਾਹ ਦੇ ਸਮੁੰਦਰ ਤੱਕ ਫਿਰ ਪਹੁੰਚਾ ਦਿੱਤਾ।
26ਇਸ ਲਈ ਜੋ ਯਹੋਵਾਹ ਨੇ ਇਸਰਾਏਲ ਦੇ ਦੁੱਖ ਨੂੰ ਵੇਖਿਆ ਕਿ ਉਹ ਸੱਚ-ਮੁੱਚ ਬਹੁਤ ਕੌੜਾ ਹੈ ਕਿਉਂ ਜੋ ਨਾ ਤਾਂ ਕੋਈ ਗੁਲਾਮ ਨਾ ਨਿਰਬੰਧ ਰਿਹਾ ਅਤੇ ਨਾ ਕੋਈ ਇਸਰਾਏਲ ਦਾ ਸਹਾਇਕ ਸੀ।
27ਯਹੋਵਾਹ ਨੇ ਇਹ ਵੀ ਨਹੀਂ ਆਖਿਆ ਕਿ ਮੈਂ ਅਕਾਸ਼ ਦੇ ਹੇਠੋਂ ਇਸਰਾਏਲ ਦਾ ਨਾਮ ਮਿਟਾ ਦਿਆਂਗਾ। ਉਸ ਨੇ ਉਨ੍ਹਾਂ ਨੂੰ ਯੋਆਸ਼ ਦੇ ਪੁੱਤਰ ਯਾਰਾਬੁਆਮ ਦੇ ਹੱਥੀਂ ਛੁਟਕਾਰਾ ਦਿੱਤਾ।
28ਯਾਰਾਬੁਆਮ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਹ ਨੇ ਕੀਤਾ, ਉਹ ਦੀ ਸਾਮਰਥ ਜਦ ਉਹ ਨੇ ਯੁੱਧ ਕੀਤਾ ਅਤੇ ਕਿਵੇਂ ਦੰਮਿਸ਼ਕ ਅਤੇ ਹਮਾਥ ਨੂੰ ਜੋ ਯਹੂਦਾਹ ਦੇ ਸਨ, ਫੇਰ ਇਸਰਾਏਲ ਦੇ ਲਈ ਮੋੜ ਲਿਆ ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ?
29ਅਤੇ ਯਾਰਾਬੁਆਮ ਮਰ ਕੇ ਆਪਣੇ ਪੁਰਖਿਆਂ, ਇਸਰਾਏਲ ਦੇ ਰਾਜਿਆਂ ਨਾਲ ਜਾ ਮਿਲਿਆ ਅਤੇ ਉਸ ਦਾ ਪੁੱਤਰ ਜ਼ਕਰਯਾਹ ਉਹ ਦੇ ਥਾਂ ਰਾਜ ਕਰਨ ਲੱਗਾ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।