ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

2 ਇਤਿਹਾਸ 7

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਜਦ ਸੁਲੇਮਾਨ ਪ੍ਰਾਰਥਨਾ ਕਰ ਚੁੱਕਿਆ, ਤਾਂ ਆਕਾਸ਼ ਉੱਤੋਂ ਅੱਗ ਉੱਤਰੀ ਅਤੇ ਹੋਮ ਦੀ ਭੇਟ ਤੇ ਬਲੀਆਂ ਨੂੰ ਭੱਖ ਲਿਆ ਅਤੇ ਉਹ ਭਵਨ ਯਹੋਵਾਹ ਦੇ ਪਰਤਾਪ ਨਾਲ ਭਰ ਗਿਆ
2ਤਾਂ ਜਾਜਕ ਯਹੋਵਾਹ ਦੇ ਭਵਨ ਦੇ ਅੰਦਰ ਨਾ ਜਾ ਸਕੇ ਕਿਉਂ ਜੋ ਯਹੋਵਾਹ ਦਾ ਭਵਨ ਯਹੋਵਾਹ ਦੇ ਪਰਤਾਪ ਨਾਲ ਭਰ ਗਿਆ ਸੀ।
3ਜਦੋਂ ਅੱਗ ਉੱਤਰੀ ਅਤੇ ਯਹੋਵਾਹ ਦਾ ਪਰਤਾਪ ਉਸ ਭਵਨ ਉੱਤੇ ਸੀ ਤਾਂ ਸਾਰੇ ਇਸਰਾਏਲੀ ਵੇਖ ਰਹੇ ਸਨ ਸੋ ਉਨ੍ਹਾਂ ਨੇ ਉੱਥੇ ਹੀ ਧਰਤੀ ਉੱਤੇ ਮੂੰਹ ਪਰਨੇ ਫਰਸ਼ ਤੇ ਡਿੱਗ ਕੇ ਮੱਥਾ ਟੇਕਿਆ ਅਤੇ ਯਹੋਵਾਹ ਦਾ ਧੰਨਵਾਦ ਕੀਤਾ ਕਿ ਉਹ ਭਲਾ ਹੈ, ਉਸ ਦੀ ਦਯਾ ਜੋ ਸਦਾ ਦੀ ਹੈ!
4ਤਦ ਪਾਤਸ਼ਾਹ ਤੇ ਸਾਰੀ ਪਰਜਾ ਨੇ ਯਹੋਵਾਹ ਦੇ ਅੱਗੇ ਬਲੀਆਂ ਚੜ੍ਹਾਈਆਂ
5ਅਤੇ ਸੁਲੇਮਾਨ ਪਾਤਸ਼ਾਹ ਨੇ ਬਾਈ ਹਜ਼ਾਰ ਬਲ਼ਦ ਤੇ ਇੱਕ ਲੱਖ ਵੀਹ ਹਜ਼ਾਰ ਭੇਡਾਂ ਬੱਕਰੀਆਂ ਦੀ ਭੇਟ ਚੜ੍ਹਾਈ ਸੋ ਪਾਤਸ਼ਾਹ ਤੇ ਸਾਰੇ ਇਸਰਾਏਲੀਆਂ ਨੇ ਯਹੋਵਾਹ ਦੇ ਭਵਨ ਨੂੰ ਅਰਪਣ ਕੀਤਾ
6ਅਤੇ ਜਾਜਕ ਆਪਣੇ-ਆਪਣੇ ਕੰਮਾਂ ਅਨੁਸਾਰ ਖੜ੍ਹੇ ਸਨ ਅਤੇ ਲੇਵੀ ਵੀ ਯਹੋਵਾਹ ਲਈ ਗਾਉਣ ਵਜਾਉਣ ਦੇ ਸਾਜ਼ ਲੈ ਕੇ ਖੜ੍ਹੇ ਸਨ ਜਿਨ੍ਹਾਂ ਨੂੰ ਦਾਊਦ ਪਾਤਸ਼ਾਹ ਨੇ ਯਹੋਵਾਹ ਦਾ ਧੰਨਵਾਦ ਕਰਨ ਲਈ ਬਣਾਇਆ ਸੀ ਤਾਂ ਜੋ ਉਨ੍ਹਾਂ ਸਲਾਹੁਤਾਂ ਦੇ ਰਾਹੀਂ ਪਰਮੇਸ਼ੁਰ ਦਾ ਧੰਨਵਾਦ ਕੀਤਾ ਜਾਵੇ ਕਿਉਂ ਜੋ ਉਸ ਦੀ ਦਯਾ ਸਦਾ ਦੀ ਹੈ ਅਤੇ ਜਾਜਕ ਉਨ੍ਹਾਂ ਦੇ ਅੱਗੇ ਨਰਸਿੰਗੇ ਫੂਕਦੇ ਰਹੇ ਅਤੇ ਸਾਰੇ ਇਸਰਾਏਲੀ ਖੜ੍ਹੇ ਰਹੇ
7ਤਾਂ ਸੁਲੇਮਾਨ ਨੇ ਉਸ ਵਿਹੜੇ ਦੇ ਵਿਚਕਾਰਲੇ ਹਿੱਸੇ ਨੂੰ ਜੋ ਯਹੋਵਾਹ ਦੇ ਭਵਨ ਦੇ ਸਾਹਮਣੇ ਸੀ ਪਵਿੱਤਰ ਕੀਤਾ ਕਿਉਂ ਜੋ ਉਸ ਨੇ ਉੱਥੇ ਹੋਮ ਦੀਆਂ ਬਲੀਆਂ ਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜ੍ਹਾਈ ਇਸ ਲਈ ਜੋ ਉਸ ਪਿੱਤਲ ਦੀ ਜਗਵੇਦੀ ਉੱਤੇ ਜਿਸ ਨੂੰ ਸੁਲੇਮਾਨ ਨੇ ਬਣਾਇਆ ਸੀ ਹੋਮ ਬਲੀ ਅਤੇ ਮੈਦੇ ਦੀ ਭੇਟ ਅਤੇ ਚਰਬੀ ਲਈ ਥਾਂ ਨਹੀਂ ਸੀ
8ਇਸ ਤਰ੍ਹਾਂ ਸੁਲੇਮਾਨ ਨੇ ਉਸ ਵੇਲੇ ਸਾਰੇ ਇਸਰਾਏਲ ਸਣੇ ਜੋ ਇੱਕ ਬਹੁਤ ਵੱਡੀ ਸਭਾ ਸੀ ਲਬੋ ਹਮਾਥ ਦੇ ਲਾਂਘੇ ਤੋਂ ਮਿਸਰ ਦੀ ਨਦੀ ਤੱਕ ਉਸ ਪਰਬ ਨੂੰ ਸੱਤਾਂ ਦਿਨਾਂ ਤੱਕ ਮਨਾਇਆ
9ਅਤੇ ਅੱਠਵੇਂ ਦਿਨ ਉਨ੍ਹਾਂ ਨੇ ਮਹਾਂ-ਸਭਾ ਕੀਤੀ ਇਸ ਲਈ ਜੋ ਉਹ ਸੱਤ ਦਿਨਾਂ ਤੱਕ ਉਸ ਜਗਵੇਦੀ ਦਾ ਅਰਪਣ ਕਰਦੇ ਰਹੇ ਅਤੇ ਪਰਬ ਮਨਾਉਂਦੇ ਰਹੇ
10ਅਤੇ ਸੱਤਵੇਂ ਮਹੀਨੇ ਦੀ ਤੇਈਵੀਂ ਤਾਰੀਖ਼ ਨੂੰ ਉਸ ਨੇ ਲੋਕਾਂ ਨੂੰ ਉਨ੍ਹਾਂ ਦੇ ਤੰਬੂਆਂ ਨੂੰ ਤੋਰ ਦਿੱਤਾ ਸੋ ਉਹ ਉਸ ਭਲਿਆਈ ਦੇ ਕਾਰਨ ਜੋ ਯਹੋਵਾਹ ਨੇ ਦਾਊਦ ਅਤੇ ਸੁਲੇਮਾਨ ਅਤੇ ਆਪਣੀ ਪਰਜਾ ਇਸਰਾਏਲ ਨਾਲ ਕੀਤੀ ਸੀ ਖੁਸ਼ ਤੇ ਪਰਸੰਨ ਹੋਏ।
11ਇਸ ਤਰ੍ਹਾਂ ਸੁਲੇਮਾਨ ਨੇ ਯਹੋਵਾਹ ਦੇ ਭਵਨ ਅਤੇ ਸ਼ਾਹੀ ਮਹਿਲ ਨੂੰ ਸੰਪੂਰਨ ਕੀਤਾ ਅਤੇ ਜੋ ਕੁਝ ਸੁਲੇਮਾਨ ਦੇ ਦਿਲ ਵਿੱਚ ਆਇਆ ਕਿ ਯਹੋਵਾਹ ਦੇ ਭਵਨ ਅਤੇ ਆਪਣੇ ਮਹਿਲ ਲਈ ਬਣਾਵੇ ਸੋ ਚੰਗੀ ਤਰ੍ਹਾਂ ਸਫ਼ਲ ਹੋਇਆ
12ਤਾਂ ਯਹੋਵਾਹ ਨੇ ਰਾਤ ਨੂੰ ਸੁਲੇਮਾਨ ਨੂੰ ਦਰਸ਼ਣ ਦਿੱਤਾ ਅਤੇ ਉਸ ਨੂੰ ਆਖਿਆ ਕਿ ਮੈਂ ਤੇਰੀ ਪ੍ਰਾਰਥਨਾ ਸੁਣ ਲਈ ਅਤੇ ਇਸ ਥਾਂ ਨੂੰ ਆਪਣੇ ਲਈ ਚੁਣ ਲਿਆ ਹੈ ਕਿ ਇਹ ਬਲੀਦਾਨ ਲਈ ਭਵਨ ਹੋਵੇ
13ਜੇ ਮੈਂ ਆਕਾਸ਼ ਨੂੰ ਕਦੀ ਬੰਦ ਕਰ ਦੇਵਾਂ ਕਿ ਮੀਂਹ ਨਾ ਪਵੇ ਜਾਂ ਟਿੱਡੀਆਂ ਨੂੰ ਹੁਕਮ ਦੇਵਾਂ ਕਿ ਦੇਸ ਨੂੰ ਚੱਟ ਲਵੇ ਜਾਂ ਆਪਣੀ ਪਰਜਾ ਦੇ ਵਿੱਚ ਬਿਮਾਰੀ ਭੇਜਾਂ
14ਅਤੇ ਜੇ ਮੇਰੀ ਪਰਜਾ ਜੋ ਮੇਰੇ ਨਾਮ ਤੇ ਕਹਾਉਂਦੀ ਹੈ ਅਧੀਨ ਹੋ ਕੇ ਪ੍ਰਾਰਥਨਾ ਕਰੇ ਅਤੇ ਮੇਰੇ ਦਰਸ਼ਣ ਦੀ ਚਾਹਵੰਦ ਹੋਵੇ ਅਤੇ ਆਪਣੇ ਭੈੜੇ ਰਾਹ ਤੋਂ ਮੁੜੇ ਤਾਂ ਮੈਂ ਸਵਰਗ ਉੱਤੋਂ ਸੁਣ ਕੇ ਉਨ੍ਹਾਂ ਦੇ ਪਾਪ ਮਾਫ਼ ਕਰਾਂਗਾ ਅਤੇ ਉਨ੍ਹਾਂ ਦੇ ਦੇਸ ਨੂੰ ਬਹਾਲ ਕਰ ਦਿਆਂਗਾ
15ਹੁਣ ਜਿਹੜੀ ਪ੍ਰਾਰਥਨਾ ਇਸ ਥਾਂ ਕੀਤੀ ਜਾਵੇਗੀ ਉਸ ਉੱਤੇ ਮੇਰੀਆਂ ਅੱਖਾਂ ਖੁੱਲ੍ਹੀਆਂ ਰਹਿਣਗੀਆਂ ਅਤੇ ਮੇਰੇ ਕੰਨ ਲੱਗੇ ਰਹਿਣਗੇ
16ਕਿਉਂ ਜੋ ਹੁਣ ਮੈਂ ਇਸ ਭਵਨ ਨੂੰ ਚੁਣਿਆ ਤੇ ਪਵਿੱਤਰ ਕੀਤਾ ਹੈ ਤਾਂ ਜੋ ਮੇਰਾ ਨਾਮ ਸਦਾ ਉੱਥੇ ਰਹੇ ਅਤੇ ਮੇਰੀਆਂ ਅੱਖਾਂ ਅਤੇ ਮੇਰਾ ਦਿਲ ਸਾਰੇ ਦਿਨਾਂ ਤੱਕ ਉੱਥੇ ਲੱਗੇ ਰਹਿਣਗੇ
17ਅਤੇ ਜੇ ਤੂੰ ਮੇਰੇ ਸਨਮੁਖ ਉਸੇ ਤਰ੍ਹਾਂ ਚੱਲੇਂਗਾ ਜਿਵੇਂ ਤੇਰਾ ਪਿਤਾ ਦਾਊਦ ਚੱਲਦਾ ਰਿਹਾ ਅਤੇ ਜੋ ਹੁਕਮ ਮੈਂ ਤੈਨੂੰ ਦਿੱਤਾ ਉਸ ਦੇ ਅਨੁਸਾਰ ਕੰਮ ਕਰੇਂ ਅਤੇ ਮੇਰੀਆਂ ਬਿਧੀਆਂ ਅਤੇ ਨਿਯਮਾਂ ਦੀ ਪਾਲਣਾ ਕਰੇਂ
18ਤਾਂ ਮੈਂ ਤੇਰੀ ਰਾਜ ਗੱਦੀ ਨੂੰ ਕਾਇਮ ਰੱਖਾਂਗਾ ਜਿਵੇਂ ਮੈਂ ਤੇਰੇ ਪਿਤਾ ਦਾਊਦ ਨੂੰ ਬਚਨ ਦਿੱਤਾ ਸੀ ਕਿ ਇਸਰਾਏਲ ਵਿੱਚ ਹਾਕਮ ਬਣਨ ਲਈ ਤੈਨੂੰ ਮਨੁੱਖ ਦੀ ਥੁੜ ਕਦੇ ਨਾ ਹੋਵੇਗੀ
19ਪਰ ਜੇ ਤੁਸੀਂ ਬੇਮੁੱਖ ਹੋ ਜਾਓ ਅਤੇ ਮੇਰੀਆਂ ਬਿਧੀਆਂ ਤੇ ਹੁਕਮਾਂ ਨੂੰ ਜੋ ਮੈਂ ਤੁਹਾਡੇ ਅੱਗੇ ਰੱਖੇ ਹਨ, ਛੱਡ ਦਿਓ ਅਤੇ ਜਾ ਕੇ ਦੂਜੇ ਦੇਵਤਿਆਂ ਦੀ ਪੂਜਾ ਕਰੋ ਅਤੇ ਉਨ੍ਹਾਂ ਅੱਗੇ ਮੱਥਾ ਟੇਕੋ
20ਤਾਂ ਮੈਂ ਉਨ੍ਹਾਂ ਨੂੰ ਮੇਰੀ ਭੂਮੀ ਉੱਤੋਂ ਜੋ ਮੈਂ ਉਨ੍ਹਾਂ ਨੂੰ ਦਿੱਤੀ ਜੜ੍ਹ ਤੋਂ ਪੁੱਟ ਸੁੱਟਾਂਗਾ ਅਤੇ ਇਸ ਭਵਨ ਨੂੰ ਜਿਸ ਨੂੰ ਮੈਂ ਆਪਣੇ ਨਾਮ ਲਈ ਪਵਿੱਤਰ ਕੀਤਾ ਆਪਣੀ ਨਿਗਾਹ ਤੋਂ ਲਾਹ ਸੁੱਟਾਂਗਾ ਅਤੇ ਇਸ ਨੂੰ ਸਾਰਿਆਂ ਲੋਕਾਂ ਵਿੱਚ ਇੱਕ ਕਹਾਉਤ ਤੇ ਮਖ਼ੌਲ ਬਣਾ ਦਿਆਂਗਾ
21ਭਾਵੇਂ ਇਹ ਭਵਨ ਅੱਤ ਉੱਚਾ ਹੈ ਪਰ ਹਰ ਲੰਘਣ ਵਾਲਾ ਅਚਰਜ਼ ਹੋਵੇਗਾ ਅਤੇ ਆਖੇਗਾ ਕਿ ਯਹੋਵਾਹ ਨੇ ਇਸ ਭਵਨ ਅਤੇ ਇਸ ਦੇਸ ਨਾਲ ਅਜਿਹਾ ਕਿਉਂ ਕੀਤਾ?
22ਤਦ ਉਹ ਆਖਣਗੇ, ਇਸ ਲਈ ਉਨ੍ਹਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਨੂੰ ਜੋ ਉਨ੍ਹਾਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਸੀ ਛੱਡ ਦਿੱਤਾ ਅਤੇ ਦੂਜੇ ਦੇਵਤਿਆਂ ਦੇ ਪਿੱਛੇ ਲੱਗੇ ਅਤੇ ਉਹਨਾਂ ਨੂੰ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਪੂਜਾ ਕੀਤੀ, ਇਸ ਲਈ ਯਹੋਵਾਹ ਉਨ੍ਹਾਂ ਉੱਤੇ ਇਹ ਸਾਰੀ ਬੁਰਿਆਈ ਲਿਆਇਆ ਹੈ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।