ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

2 ਇਤਿਹਾਸ 4

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਉਸ ਨੇ ਪਿੱਤਲ ਦੀ ਇੱਕ ਜਗਵੇਦੀ ਬਣਾਈ। ਉਹ ਦੀ ਲੰਬਾਈ ਵੀਹ ਹੱਥ ਅਤੇ ਉਹ ਦੀ ਚੌੜਾਈ ਵੀਹ ਹੱਥ ਅਤੇ ਉਹ ਦੀ ਉਚਿਆਈ ਦਸ ਹੱਥ ਸੀ।
2ਉਸ ਨੇ ਇੱਕ ਢਾਲਿਆ ਹੋਇਆ ਸਾਗਰੀ ਹੌਦ ਬਣਾਇਆ ਜੋ ਇੱਕ ਕੰਢੇ ਤੋਂ ਦੂਜੇ ਕੰਢੇ ਤੱਕ ਦਸ ਹੱਥ ਸੀ। ਉਹ ਚੁਫ਼ੇਰਿਓਂ ਗੋਲ ਸੀ ਅਤੇ ਉਹ ਦੀ ਉਚਿਆਈ ਪੰਜ ਹੱਥ ਸੀ ਅਤੇ ਉਹ ਦੇ ਘੇਰੇ ਦੀ ਮਿਣਤੀ ਤੀਹ ਹੱਥ ਸੀ।
3ਉਹ ਦੇ ਹੇਠਾਂ ਉਹ ਦੇ ਚੁਫ਼ੇਰੇ ਇੱਕ-ਇੱਕ ਹੱਥ ਵਿੱਚ ਦਸ-ਦਸ ਬਲ਼ਦਾਂ ਦੀਆਂ ਮੂਰਤਾਂ ਉਸ ਸਾਗਰੀ ਹੌਦ ਨੂੰ ਦੁਆਲਿਓਂ ਘੇਰਦੀਆਂ ਸਨ। ਇਹ ਬਲ਼ਦ ਦੋ ਪਾਲਾਂ ਵਿੱਚ ਉਸੇ ਦੇ ਨਾਲ ਢਾਲ਼ੇ ਗਏ ਸਨ।
4ਉਹ ਬਾਰਾਂ ਬਲ਼ਦਾਂ ਦੇ ਉੱਤੇ ਧਰਿਆ ਹੋਇਆ ਸੀ। ਤਿੰਨਾਂ ਦੇ ਮੂੰਹ ਉੱਤਰ ਵੱਲ, ਤਿੰਨਾਂ ਦੇ ਮੂੰਹ ਪੱਛਮ ਵੱਲ, ਤਿੰਨਾਂ ਦੇ ਮੂੰਹ ਦੱਖਣ ਵੱਲ ਅਤੇ ਤਿੰਨਾਂ ਦੇ ਮੂੰਹ ਪੂਰਬ ਵੱਲ ਸਨ, ਸਾਗਰੀ ਹੌਦ ਉਨ੍ਹਾਂ ਦੇ ਉੱਤੇ ਧਰਿਆ ਹੋਇਆ ਸੀ ਅਤੇ ਉਨ੍ਹਾਂ ਸਾਰਿਆਂ ਦੇ ਪਿਛਲੇ ਅੰਗ ਅੰਦਰਵਾਰ ਨੂੰ ਸਨ।
5ਉਸ ਦੀ ਮੋਟਾਈ ਇੱਕ ਚੱਪਾ ਭਰ ਸੀ ਅਤੇ ਉਸ ਦੇ ਕੰਢੇ ਕਟੋਰੇ ਦੇ ਕੰਢੇ ਵਾਂਗੂੰ ਸੋਸਨ ਦੇ ਫੁੱਲਾਂ ਵਰਗੇ ਸਨ ਅਤੇ ਉਸ ਦੇ ਵਿੱਚ ਉੱਛਲਵਾਂ ਤਿੰਨ ਹਜ਼ਾਰ ਬਤ ਵੀ ਸਮਾ ਸਕਦਾ ਸੀ
6ਅਤੇ ਉਸ ਨੇ ਦਸ ਹੌਦੀਆਂ ਬਣਾਈਆਂ, ਪੰਜ ਸੱਜੇ ਪਾਸੇ, ਪੰਜ ਖੱਬੇ ਪਾਸੇ ਰੱਖੀਆਂ ਕਿ ਉਨ੍ਹਾਂ ਵਿੱਚ ਹੋਮ ਬਲੀ ਦੀਆਂ ਵਸਤੂਆਂ ਧੋਤੀਆਂ ਜਾਣ। ਉਨ੍ਹਾਂ ਨੂੰ ਉੱਥੇ ਹੀ ਧੋਂਦੇ ਸਨ ਪਰ ਸਾਗਰੀ ਹੌਦ ਜਾਜਕਾਂ ਦੇ ਨਹਾਉਣ ਲਈ ਸੀ
7ਅਤੇ ਉਸ ਨੇ ਸੋਨੇ ਦੇ ਦਸ ਸ਼ਮਾਦਾਨ ਹੁਕਮ ਦੇ ਅਨੁਸਾਰ ਬਣਾਏ ਅਤੇ ਹੈਕਲ ਵਿੱਚ ਪੰਜ ਸੱਜੇ ਅਤੇ ਪੰਜ ਖੱਬੇ ਪਾਸੇ ਟਿਕਾ ਦਿੱਤੇ
8ਉਸ ਨੇ ਦਸ ਮੇਜ਼ਾਂ ਬਣਾਈਆਂ ਅਤੇ ਹੈਕਲ ਵਿੱਚ ਪੰਜ ਸੱਜੇ ਅਤੇ ਪੰਜ ਖੱਬੇ ਪਾਸੇ ਟਿਕਾਈਆਂ ਅਤੇ ਉਸ ਨੇ ਸੋਨੇ ਦੇ ਇੱਕ ਸੌ ਕਟੋਰੇ ਬਣਾਏ
9ਫੇਰ ਉਸ ਨੇ ਜਾਜਕਾਂ ਦਾ ਵਿਹੜਾ ਤੇ ਵੱਡਾ ਵਲਗਣ ਬਣਾਇਆ ਅਤੇ ਵਲਗਣ ਦੇ ਬੂਹੇ ਬਣਾ ਕੇ ਉਨ੍ਹਾਂ ਨੂੰ ਪਿੱਤਲ ਨਾਲ ਮੜ੍ਹਿਆ
10ਅਤੇ ਉਸ ਨੇ ਸਾਗਰੀ ਹੌਦ ਨੂੰ ਪੂਰਬ ਵੱਲ ਭਵਨ ਦੇ ਸੱਜੇ ਪਾਸੇ ਦੱਖਣ ਵੱਲ ਘੁਮਾ ਕੇ ਰੱਖਿਆ।
11ਹੂਰਾਮ ਨੇ ਤਸਲੇ ਅਤੇ ਕੜਛੇ ਅਤੇ ਬਾਟੇ ਬਣਾਏ ਅਤੇ ਹੀਰਾਮ ਨੇ ਉਹ ਕੰਮ ਜੋ ਸੁਲੇਮਾਨ ਦੇ ਲਈ ਯਹੋਵਾਹ ਦੇ ਭਵਨ ਵਿੱਚ ਕਰਦਾ ਸੀ ਸੰਪੂਰਨ ਕੀਤਾ,
12ਦੋਵੇਂ ਥੰਮ੍ਹ ਅਤੇ ਕੌਲ ਅਤੇ ਮੁਕਟ ਜਿਹੜੇ ਉਨ੍ਹਾਂ ਦੋਹਾਂ ਥੰਮਾਂ ਦੇ ਸਿਰਾਂ ਉੱਤੇ ਸਨ ਅਤੇ ਦੋ ਜਾਲੀਆਂ ਜਿਹੜੀਆਂ ਥੰਮਾਂ ਦੇ ਸਿਰਾਂ ਉੱਪਰਲੇ ਮੁਕਟਾਂ ਨੂੰ ਢੱਕਦੀਆਂ ਸਨ।
13ਦੋਹਾਂ ਜਾਲੀਆਂ ਲਈ ਚਾਰ ਸੌ ਅਨਾਰ, ਹਰ ਜਾਲੀ ਲਈ ਦੋਂਹ ਪਾਲਾਂ ਵਿੱਚ ਅਨਾਰ ਕਿ ਉਹ ਥੰਮਾਂ ਦੇ ਉੱਪਰਲੇ ਮੁਕਟਾਂ ਦੇ ਦੋਹਾਂ ਕੌਲਾਂ ਨੂੰ ਢੱਕ ਲੈਣ।
14ਉਸ ਨੇ ਕੁਰਸੀਆਂ ਬਣਾਈਆਂ ਅਤੇ ਉਨ੍ਹਾਂ ਕੁਰਸੀਆਂ ਉੱਤੇ ਹੌਦੀਆਂ ਬਣਾਈਆਂ,
15ਇੱਕ ਸਾਗਰੀ ਹੌਦ ਅਤੇ ਸਾਗਰੀ ਹੌਦ ਹੇਠ ਬਾਰਾਂ ਬਲ਼ਦ ਸਨ।
16ਤਸਲੇ, ਕੜਛੇ, ਤ੍ਰਿਸੂਲੀਆਂ ਅਤੇ ਸਾਰੇ ਭਾਂਡੇ ਉਹ ਦੇ ਪਿਤਾ ਹੂਰਾਮ ਨੇ ਸੁਲੇਮਾਨ ਪਾਤਸ਼ਾਹ ਲਈ ਯਹੋਵਾਹ ਦੇ ਭਵਨ ਲਈ ਮਾਂਜੇ ਹੋਏ ਪਿੱਤਲ ਦੇ ਬਣਾਏ
17ਪਾਤਸ਼ਾਹ ਨੇ ਉਨ੍ਹਾਂ ਨੂੰ ਯਰਦਨ ਦੀ ਤਰਾਈ ਵਿੱਚ ਸੁੱਕੋਥ ਅਤੇ ਸਰੇਦਾਹ ਦੇ ਵਿੱਚਕਾਰਲੀ ਚੀਕਣੀ ਮਿੱਟੀ ਦੀ ਭੂਮੀ ਵਿੱਚ ਢਾਲਿਆ
18ਸੋ ਸੁਲੇਮਾਨ ਪਾਤਸ਼ਾਹ ਨੇ ਇਹ ਸਾਰੇ ਭਾਂਡੇ ਬਹੁਤ ਢੇਰ ਸਾਰੇ ਬਣਾਏ। ਇਸ ਲਈ ਪਿੱਤਲ ਦੇ ਤੋਲ ਦੀ ਜਾਂਚ ਨਾ ਹੋ ਸਕੀ
19ਸੁਲੇਮਾਨ ਨੇ ਉਹ ਸਾਰੇ ਭਾਂਡੇ ਜੋ ਪਰਮੇਸ਼ੁਰ ਦੇ ਭਵਨ ਲਈ ਸਨ ਬਣਾਏ ਅਤੇ ਸੋਨੇ ਦੀ ਜਗਵੇਦੀ ਅਤੇ ਮੇਜ਼ਾਂ ਜਿਨ੍ਹਾਂ ਉੱਤੇ ਹਜ਼ੂਰੀ ਦੀ ਰੋਟੀ ਹੁੰਦੀ ਸੀ
20ਅਤੇ ਖਾਲ਼ਸ ਸੋਨੇ ਦੇ ਸ਼ਮਾਦਾਨ ਉਨ੍ਹਾਂ ਦੇ ਦੀਵਿਆਂ ਸਣੇ ਕਿ ਉਹ ਰੀਤੀ ਅਨੁਸਾਰ ਵਿੱਚਲੀ ਕੋਠੜੀ ਦੇ ਅੱਗੇ ਬਲ਼ਦੇ ਰਹਿਣ
21ਅਤੇ ਫੁੱਲ ਅਤੇ ਦੀਵੇ ਅਤੇ ਜੀਭੀਆਂ ਸੋਨੇ ਦੀਆਂ ਸਨ ਅਤੇ ਉਹ ਖਰਾ ਸੋਨਾ ਸੀ
22ਅਤੇ ਗੁਲਤਰਾਸ਼ ਅਤੇ ਗੁਲਦਾਨ ਅਤੇ ਕੌਲੀਆਂ ਅਤੇ ਧੂਪਦਾਨ ਖਾਲ਼ਸ ਸੋਨੇ ਦੇ ਸਨ ਅਤੇ ਭਵਨ ਦਾ ਦਰਵਾਜ਼ਾ ਅਤੇ ਉਹ ਦੇ ਅੰਦਰਲੇ ਬੂਹੇ ਜੋ ਅੱਤ ਪਵਿੱਤਰ ਸਥਾਨ ਲਈ ਸਨ ਅਤੇ ਹੈਕਲ ਦੇ ਭਵਨ ਦੇ ਬੂਹੇ ਸੋਨੇ ਦੇ ਸਨ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।