ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

2 ਇਤਿਹਾਸ 36

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਤਦ ਦੇਸ ਦੇ ਲੋਕਾਂ ਨੇ ਯੋਸ਼ੀਯਾਹ ਦੇ ਪੁੱਤਰ ਯਹੋਆਹਾਜ਼ ਨੂੰ ਲੈ ਕੇ ਉਸ ਦੇ ਪਿਤਾ ਦੇ ਥਾਂ ਯਰੂਸ਼ਲਮ ਵਿੱਚ ਰਾਜਾ ਬਣਾਇਆ
2ਅਤੇ ਯਹੋਆਹਾਜ਼ ਤੇਈਆਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸ ਨੇ ਤਿੰਨ ਮਹੀਨੇ ਯਰੂਸ਼ਲਮ ਵਿੱਚ ਰਾਜ ਕੀਤਾ
3ਅਤੇ ਮਿਸਰ ਦੇ ਰਾਜੇ ਨੇ ਉਹ ਨੂੰ ਯਰੂਸ਼ਲਮ ਵਿੱਚੋਂ ਹਟਾ ਦਿੱਤਾ ਅਤੇ ਦੇਸ ਉੱਤੇ ਇੱਕ ਸੌ ਤੋੜਾ ਚਾਂਦੀ ਅਤੇ ਇੱਕ ਤੋੜਾ ਸੋਨਾ ਹਰਜ਼ਾਨਾ ਲਾ ਦਿੱਤਾ l
4ਮਿਸਰ ਦੇ ਰਾਜੇ ਨੇ ਉਹ ਦੇ ਭਰਾ ਅਲਯਾਕੀਮ ਨੂੰ ਯਹੂਦਾਹ ਅਤੇ ਯਰੂਸ਼ਲਮ ਦਾ ਰਾਜਾ ਬਣਾਇਆ ਅਤੇ ਉਹ ਦਾ ਨਾਮ ਬਦਲ ਕੇ ਯਹੋਯਾਕੀਮ ਰੱਖਿਆ ਅਤੇ ਨਕੋਹ ਉਹ ਦੇ ਭਰਾ ਯਹੋਆਹਾਜ਼ ਨੂੰ ਫੜ੍ਹ ਕੇ ਮਿਸਰ ਵਿੱਚ ਲੈ ਗਿਆ।
5ਯਹੋਯਾਕੀਮ ਪੱਚੀਆਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸ ਨੇ ਗਿਆਰ੍ਹਾਂ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਉਸ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਬੁਰਾ ਸੀ
6ਤਾਂ ਉਸ ਉੱਤੇ ਬਾਬਲ ਦਾ ਰਾਜਾ ਨਬੂਕਦਨੱਸਰ ਚੜ੍ਹ ਆਇਆ ਅਤੇ ਉਹ ਨੂੰ ਬੇੜੀਆਂ ਲਾ ਕੇ ਬਾਬਲ ਨੂੰ ਲਈ ਗਿਆ
7ਅਤੇ ਨਬੂਕਦਨੱਸਰ ਯਹੋਵਾਹ ਦੇ ਭਵਨ ਦੇ ਭਾਂਡਿਆਂ ਵਿੱਚੋਂ ਕੁਝ ਭਾਂਡੇ ਵੀ ਲੈ ਗਿਆ ਅਤੇ ਉਨ੍ਹਾਂ ਨੂੰ ਆਪਣੇ ਮਹਿਲ ਵਿੱਚ ਬਾਬਲ ਵਿੱਚ ਜਾ ਦਿੱਤਾ
8ਅਤੇ ਯਹੋਯਾਕੀਮ ਦੀਆਂ ਬਾਕੀ ਗੱਲਾਂ ਅਤੇ ਉਸ ਦੇ ਘਿਣਾਉਣੇ ਕੰਮ ਜੋ ਉਸ ਕੀਤੇ ਅਤੇ ਜੋ ਕੁਝ ਉਸ ਦੇ ਵਿਰੁੱਧ ਪਾਇਆ ਗਿਆ, ਵੇਖੋ ਉਹ ਇਸਰਾਏਲ ਅਤੇ ਯਹੂਦਾਹ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੇ ਹਨ ਤਦ ਉਸ ਦਾ ਪੁੱਤਰ ਯਹੋਯਾਕੀਨ ਉਹ ਦੇ ਥਾਂ ਰਾਜਾ ਬਣਿਆ।
9ਯਹੋਯਾਕੀਨ ਅੱਠਾਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸ ਨੇ ਤਿੰਨ ਮਹੀਨੇ ਅਤੇ ਦਸ ਦਿਨ ਯਰੂਸ਼ਲਮ ਵਿੱਚ ਰਾਜ ਕੀਤਾ ਅਤੇ ਉਸ ਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ
10ਅਤੇ ਉਸ ਸਾਲ ਦੇ ਅੰਤ ਵਿੱਚ ਨਬੂਕਦਨੱਸਰ ਪਾਤਸ਼ਾਹ ਨੇ ਉਸ ਨੂੰ ਯਹੋਵਾਹ ਦੇ ਭਵਨ ਦੇ ਬਹੁਮੁੱਲੇ ਭਾਂਡਿਆਂ ਸਣੇ ਬਾਬਲ ਵਿੱਚ ਬੁਲਾ ਲਿਆ ਅਤੇ ਉਸ ਦੇ ਭਰਾ ਸਿਦਕੀਯਾਹ ਨੂੰ ਯਹੂਦਾਹ ਅਤੇ ਯਰੂਸ਼ਲਮ ਉੱਤੇ ਪਾਤਸ਼ਾਹ ਬਣਾ ਦਿੱਤਾ।
11ਸਿਦਕੀਯਾਹ ਇੱਕੀਆਂ ਸਾਲਾਂ ਦਾ ਸੀ, ਜਦ ਉਹ ਰਾਜ ਕਰਨ ਲੱਗਾ ਅਤੇ ਉਸ ਨੇ ਗਿਆਰ੍ਹਾਂ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ
12ਉਸ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਉਸ ਨੇ ਯਿਰਮਿਯਾਹ ਨਬੀ ਦੇ ਸਾਹਮਣੇ ਜਿਸ ਨੇ ਉਹ ਨੂੰ ਯਹੋਵਾਹ ਦੇ ਮੂੰਹ ਦੀਆਂ ਗੱਲਾਂ ਆਖੀਆਂ ਸਨ ਅਧੀਨਗੀ ਨਾ ਕੀਤੀ
13ਸਗੋਂ ਉਹ ਨਬੂਕਦਨੱਸਰ ਪਾਤਸ਼ਾਹ ਦੇ ਵਿਰੁੱਧ ਆਕੀ ਹੋ ਗਿਆ ਜਿਸ ਨੇ ਉਸ ਨੂੰ ਪਰਮੇਸ਼ੁਰ ਦੀ ਸਹੁੰ ਦਿੱਤੀ ਪਰ ਉਹ ਆਕੜਬਾਜ਼ ਹੋ ਗਿਆ ਅਤੇ ਆਪਣਾ ਮਨ ਕਠੋਰ ਕਰ ਲਿਆ ਐਥੋਂ ਤੱਕ ਕਿ ਉਹ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਵੱਲ ਨਾ ਮੁੜਿਆ।
14ਨਾਲੇ ਇਸ ਤੋਂ ਬਿਨ੍ਹਾਂ ਜਾਜਕਾਂ ਦੇ ਸਾਰੇ ਸਰਦਾਰਾਂ ਅਤੇ ਲੋਕਾਂ ਨੇ ਭਾਂਤ-ਭਾਂਤ ਦੀਆਂ ਬੇਇਮਾਨੀਆਂ ਅਤੇ ਦੂਜੀਆਂ ਕੌਮਾਂ ਦੇ ਘਿਣਾਉਣੇ ਕੰਮਾਂ ਵਾਂਗੂੰ ਕੰਮ ਕੀਤੇ ਅਤੇ ਉਨ੍ਹਾਂ ਨੇ ਯਹੋਵਾਹ ਦੇ ਭਵਨ ਨੂੰ ਭਰਿਸ਼ਟ ਕੀਤਾ ਜਿਸ ਨੂੰ ਉਸਨੇ ਯਰੂਸ਼ਲਮ ਵਿੱਚ ਪਵਿੱਤਰ ਕੀਤਾ ਸੀ
15ਅਤੇ ਯਹੋਵਾਹ ਉਨ੍ਹਾਂ ਦੇ ਪੁਰਖਿਆਂ ਦੇ ਪਰਮੇਸ਼ੁਰ ਨੇ ਆਪਣੇ ਦੂਤਾਂ ਦੇ ਰਾਹੀਂ ਉਹਨਾਂ ਨੂੰ ਜਤਨ ਨਾਲ ਭੇਜ ਕੇ ਉਨ੍ਹਾਂ ਦੇ ਕੋਲ ਸੁਨੇਹਾ ਭੇਜਿਆ ਕਿਉਂ ਜੋ ਉਸ ਨੂੰ ਆਪਣੇ ਲੋਕਾਂ ਅਤੇ ਧਾਮ ਉੱਤੇ ਤਰਸ ਆਉਂਦਾ ਸੀ
16ਪਰ ਉਨ੍ਹਾਂ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਠੱਠੇ ਕੀਤੇ ਅਤੇ ਉਨ੍ਹਾਂ ਦੀਆਂ ਗੱਲਾਂ ਦੀ ਨਿੰਦਿਆ ਕੀਤੀ ਅਤੇ ਉਹ ਦੇ ਨਬੀਆਂ ਦਾ ਮਖ਼ੌਲ ਉਡਾਇਆ, ਐਥੋਂ ਤੱਕ ਕਿ ਯਹੋਵਾਹ ਦਾ ਗੁੱਸਾ ਆਪਣੇ ਲੋਕਾਂ ਉੱਤੇ ਅਜਿਹਾ ਭੜਕਿਆ ਕਿ ਕੋਈ ਚਾਰਾ ਨਾ ਰਿਹਾ
17ਤਦ ਉਹ ਕਸਦੀਆਂ ਦੇ ਪਾਤਸ਼ਾਹ ਨੂੰ ਉਨ੍ਹਾਂ ਉੱਤੇ ਚੜ੍ਹਾ ਲਿਆਇਆ ਜਿਸ ਨੇ ਉਨ੍ਹਾਂ ਦੇ ਜੁਆਨਾਂ ਨੂੰ ਪਵਿੱਤਰ ਸਥਾਨ ਵਿੱਚ ਤਲਵਾਰ ਨਾਲ ਵੱਢ ਸੁੱਟਿਆ, ਅਤੇ ਉਹ ਨੇ ਨਾ ਜੁਆਨ ਨਾ ਕੁਆਰੀ, ਨਾ ਬੁੱਢਾ ਨਾ ਵੱਡੀ ਉਮਰ ਵਾਲੇ ਉੱਤੇ ਤਰਸ ਖਾਧਾ, ਉਹ ਨੇ ਸਾਰਿਆਂ ਨੂੰ ਉਹ ਦੇ ਹੱਥ ਵਿੱਚ ਦੇ ਦਿੱਤਾ
18ਅਤੇ ਪਰਮੇਸ਼ੁਰ ਦੇ ਭਵਨ ਦੇ ਸਾਰੇ ਭਾਂਡੇ ਕੀ ਵੱਡਾ ਕੀ ਛੋਟਾ ਅਤੇ ਯਹੋਵਾਹ ਦੇ ਭਵਨ ਦੇ ਖਜ਼ਾਨੇ ਅਤੇ ਪਾਤਸ਼ਾਹ ਅਤੇ ਉਹ ਦੇ ਸਰਦਾਰਾਂ ਦੇ ਖਜ਼ਾਨੇ ਉਹ ਸਾਰੇ ਬਾਬਲ ਨੂੰ ਲੈ ਗਿਆ
19ਅਤੇ ਉਹ ਨੇ ਪਰਮੇਸ਼ੁਰ ਦੇ ਭਵਨ ਨੂੰ ਸਾੜ ਦਿੱਤਾ ਅਤੇ ਯਰੂਸ਼ਲਮ ਦੀਆਂ ਕੰਧਾਂ ਨੂੰ ਢਾਹ ਸੁੱਟਿਆ ਅਤੇ ਉਹ ਦੇ ਸਾਰੇ ਮਹਿਲ ਅੱਗ ਨਾਲ ਸਾੜ ਦਿੱਤੇ, ਅਤੇ ਉਹ ਦੇ ਸਾਰੇ ਬਹੁਮੁੱਲੇ ਭਾਂਡਿਆਂ ਨੂੰ ਬਰਬਾਦ ਕੀਤਾ
20ਅਤੇ ਜਿਹੜੇ ਤਲਵਾਰ ਤੋਂ ਬਚੇ ਉਨ੍ਹਾਂ ਨੂੰ ਗ਼ੁਲਾਮ ਕਰ ਕੇ ਬਾਬਲ ਨੂੰ ਲੈ ਗਿਆ ਅਤੇ ਉੱਥੇ ਉਹ ਉਸ ਦੇ ਅਤੇ ਉਸ ਦੇ ਪੁੱਤਰਾਂ ਦੇ ਟਹਿਲੂਏ ਹੋ ਕੇ ਰਹੇ ਜਦੋਂ ਤੱਕ ਕਿ ਫ਼ਾਰਸ ਦੇ ਪਾਤਸ਼ਾਹ ਦਾ ਰਾਜ ਨਾ ਬਣਿਆ
21ਤਾਂ ਜੋ ਯਹੋਵਾਹ ਦਾ ਬਚਨ ਜਿਹੜਾ ਯਿਰਮਿਯਾਹ ਦੇ ਮੂੰਹੋਂ ਨਿੱਕਲਿਆ ਸੀ ਪੂਰਾ ਹੋਵੇ, ਜਿੰਨਾਂ ਚਿਰ ਕਿ ਦੇਸ ਆਪਣੇ ਸਬਤਾਂ ਦਾ ਆਰਾਮ ਨਾ ਭੋਗੇ। ਵਿਰਾਨੀ ਦੇ ਸਾਰੇ ਦਿਨ ਉਹ ਸਬਤ ਮਨਾਉਂਦੇ ਰਹੇ ਜਦ ਤੱਕ ਸੱਤਰ ਸਾਲ ਪੂਰੇ ਨਾ ਹੋਏ।
22ਅਤੇ ਫ਼ਾਰਸ ਦੇ ਰਾਜੇ ਕੋਰਸ਼ ਦੇ ਰਾਜ ਦੇ ਪਹਿਲੇ ਸਾਲ ਯਹੋਵਾਹ ਦਾ ਬਚਨ ਜੋ ਯਿਰਮਿਯਾਹ ਦੇ ਮੂੰਹੋਂ ਨਿੱਕਲਿਆ ਸੀ ਪੂਰਾ ਹੋਵੇ ਯਹੋਵਾਹ ਨੇ ਫ਼ਾਰਸ ਦੇ ਰਾਜੇ ਕੋਰਸ਼ ਨੂੰ ਪਰੇਰਿਆ ਸੋ ਉਹ ਨੇ ਆਪਣੇ ਸਾਰੇ ਰਾਜ ਵਿੱਚ ਮੁਨਾਦੀ ਕਰਵਾਈ ਅਤੇ ਇਸ ਵਿਸ਼ੇ ਤੇ ਲਿਖਤ ਰੂਪ ਵਿੱਚ ਵੀ ਦੇ ਦਿੱਤਾ,
23ਫ਼ਾਰਸ ਦਾ ਰਾਜਾ ਕੋਰਸ਼ ਇਹ ਫਰਮਾਉਂਦਾ ਹੈ ਕਿ ਆਕਾਸ਼ ਦੇ ਪਰਮੇਸ਼ੁਰ ਯਹੋਵਾਹ ਨੇ ਧਰਤੀ ਦੇ ਸਾਰੇ ਰਾਜ ਮੈਨੂੰ ਦੇ ਦਿੱਤੇ ਹਨ ਅਤੇ ਉਸ ਨੇ ਮੈਨੂੰ ਹਿਦਾਇਤ ਦਿੱਤੀ ਹੈ ਕਿ ਮੈਂ ਯਰੂਸ਼ਲਮ ਵਿੱਚ ਜਿਹੜਾ ਯਹੂਦਾਹ ਵਿੱਚ ਹੈ ਉਹ ਦੇ ਲਈ ਇੱਕ ਭਵਨ ਬਣਾਵਾਂ। ਹੁਣ ਉਹ ਦੇ ਸਾਰੇ ਲੋਕਾਂ ਵਿੱਚੋਂ ਜੋ ਕੋਈ ਤੁਹਾਡੇ ਵਿੱਚ ਹੈ ਉਹ ਤੁਰ ਪਵੇ ਅਤੇ ਯਹੋਵਾਹ ਉਸ ਦਾ ਪਰਮੇਸ਼ੁਰ ਉਸ ਦੇ ਅੰਗ-ਸੰਗ ਹੋਵੇ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।