ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

2 ਇਤਿਹਾਸ 31

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਜਦ ਇਹ ਸਭ ਕੁਝ ਹੋ ਚੁੱਕਿਆ ਤਾਂ ਸਾਰੇ ਇਸਰਾਏਲੀ ਜੋ ਹਾਜ਼ਰ ਸਨ ਯਹੂਦਾਹ ਦੇ ਸ਼ਹਿਰਾਂ ਵਿੱਚ ਗਏ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਦੇ ਸਗੋਂ ਇਫ਼ਰਾਈਮ ਅਤੇ ਮਨੱਸ਼ਹ ਦੇ ਵੀ ਥੰਮ੍ਹਾਂ ਨੂੰ ਟੁੱਕੜੇ-ਟੁੱਕੜੇ ਕਰ ਦਿੱਤਾ ਅਤੇ ਟੁੰਡਾਂ ਨੂੰ ਵੱਢ ਸੁੱਟਿਆ ਅਤੇ ਉੱਚੇ ਸਥਾਨਾਂ ਅਤੇ ਜਗਵੇਦੀਆਂ ਨੂੰ ਢਾਹ ਦਿੱਤਾ ਇੱਥੋਂ ਤੱਕ ਕਿ ਉਨ੍ਹਾਂ ਸਾਰਿਆਂ ਨੂੰ ਖ਼ਤਮ ਕਰ ਦਿੱਤਾ ਤਾਂ ਸਾਰੇ ਇਸਰਾਏਲੀ ਆਪੋ ਆਪਣੇ ਸ਼ਹਿਰਾਂ ਵਿੱਚ ਆਪਣਿਆਂ ਵਾਸਾਂ ਨੂੰ ਮੁੜ ਗਏ
2ਤਾਂ ਹਿਜ਼ਕੀਯਾਹ ਨੇ ਜਾਜਕਾਂ ਅਤੇ ਲੇਵੀਆਂ ਨੂੰ ਉਨ੍ਹਾਂ ਦੀਆਂ ਵਾਰੀਆਂ ਅਨੁਸਾਰ ਖੜ੍ਹਾ ਕੀਤਾ, ਹਰ ਇੱਕ ਨੂੰ ਉਸ ਦੀ ਸੇਵਾ ਅਨੁਸਾਰ ਅਰਥਾਤ ਜਾਜਕਾਂ ਅਤੇ ਲੇਵੀਆਂ ਨੂੰ ਭੇਟਾਂ ਲਈ ਸੁੱਖ-ਸਾਂਦ ਦੀਆਂ ਭੇਟਾਂ ਲਈ ਸੇਵਾ ਅਤੇ ਧੰਨਵਾਦ ਅਤੇ ਉਸਤਤ ਲਈ ਯਹੋਵਾਹ ਦੇ ਡੇਰੇ ਦੇ ਫਾਟਕਾਂ ਉੱਤੇ ਨਿਯੁਕਤ ਕੀਤਾ
3ਉਸ ਨੇ ਆਪਣੇ ਮਾਲ ਵਿੱਚੋਂ ਪਾਤਸ਼ਾਹੀ ਹਿੱਸਾ ਹੋਮ ਬਲੀਆਂ ਲਈ ਅਤੇ ਸਵੇਰ ਅਤੇ ਸ਼ਾਮਾਂ ਦੀਆਂ ਹੋਮ ਬਲੀਆਂ ਅਤੇ ਸਬਤਾਂ ਅਤੇ ਅਮੱਸਿਆ ਅਤੇ ਠਹਿਰਾਏ ਹੋਏ ਪਰਬਾਂ ਦੀਆਂ ਹੋਮ ਬਲੀਆਂ ਲਈ ਨਿਯੁਕਤ ਕੀਤਾ ਜਿਵੇਂ ਯਹੋਵਾਹ ਬਿਵਸਥਾ ਵਿੱਚ ਲਿਖਿਆ ਹੈ
4ਅਤੇ ਉਸ ਨੇ ਉਨ੍ਹਾਂ ਲੋਕਾਂ ਨੂੰ ਜੋ ਯਰੂਸ਼ਲਮ ਵਿੱਚ ਰਹਿੰਦੇ ਸਨ ਹੁਕਮ ਦਿੱਤਾ ਕਿ ਜਾਜਕਾਂ ਅਤੇ ਲੇਵੀਆਂ ਦਾ ਹਿੱਸਾ ਦੇਣ ਤਾਂ ਜੋ ਉਹ ਯਹੋਵਾਹ ਦੀ ਬਿਵਸਥਾ ਵਿੱਚ ਤਕੜੇ ਰਹਿਣ
5ਜਦ ਇਹ ਗੱਲ ਖਿੱਲਰ ਗਈ ਤਾਂ ਇਸਰਾਏਲੀਆਂ ਨੇ ਪਹਿਲਾ ਅੰਨ, ਨਵੀਂ ਮੈ, ਤਾਜ਼ਾ ਤੇਲ, ਸ਼ਹਿਦ ਅਤੇ ਖੇਤ ਦੀ ਪਹਿਲੀ ਪੈਦਾਵਾਰ ਬਹੁਤ ਸਾਰੀ ਦਿੱਤੀ ਅਤੇ ਪੂਰਾ ਦਸਵੰਧ ਵੀ ਬਹੁਤ ਸਾਰਾ ਲਿਆਉਣ ਲੱਗੇ
6ਤਾਂ ਇਸਰਾਏਲੀ ਅਤੇ ਯਹੂਦਾਹ ਜੋ ਯਹੂਦਾਹ ਦੇ ਸ਼ਹਿਰਾਂ ਵਿੱਚ ਵੱਸਦੇ ਸਨ ਉਹ ਵੀ ਬਲ਼ਦਾਂ ਅਤੇ ਭੇਡਾਂ ਬੱਕਰੀਆਂ ਦਾ ਦਸਵੰਧ ਅਤੇ ਉਨ੍ਹਾਂ ਪਵਿੱਤਰ ਚੀਜ਼ਾਂ ਦਾ ਦਸਵੰਧ ਜੋ ਯਹੋਵਾਹ ਉਨ੍ਹਾਂ ਦੇ ਪਰਮੇਸ਼ੁਰ ਲਈ ਪਵਿੱਤਰ ਕੀਤੀਆਂ ਗਈਆਂ ਸਨ ਲਿਆਏ ਅਤੇ ਉਨ੍ਹਾਂ ਦੇ ਢੇਰ ਲਾ ਦਿੱਤਾ
7ਉਨ੍ਹਾਂ ਨੇ ਤੀਜੇ ਮਹੀਨੇ ਵਿੱਚ ਢੇਰ ਲਾਉਣੇ ਸ਼ੁਰੂ ਕੀਤੇ ਅਤੇ ਸੱਤਵੇਂ ਮਹੀਨੇ ਵਿੱਚ ਪੂਰੇ ਕਰ ਲਏ
8ਜਦ ਹਿਜ਼ਕੀਯਾਹ ਅਤੇ ਉਸ ਦੇ ਸਰਦਾਰਾਂ ਨੇ ਆਣ ਕੇ ਇਨ੍ਹਾਂ ਢੇਰਾਂ ਨੂੰ ਵੇਖਿਆ ਤਾਂ ਯਹੋਵਾਹ ਅਤੇ ਉਸ ਦੀ ਪਰਜਾ ਇਸਰਾਏਲ ਨੂੰ ਮੁਬਾਰਕ ਆਖਿਆ।
9ਤਾਂ ਹਿਜ਼ਕੀਯਾਹ ਨੇ ਜਾਜਕਾਂ ਅਤੇ ਲੇਵੀਆਂ ਕੋਲੋਂ ਉਨ੍ਹਾਂ ਢੇਰਾਂ ਦੇ ਵਿਖੇ ਪੁੱਛਿਆ
10ਤਾਂ ਅਜ਼ਰਯਾਹ ਪ੍ਰਧਾਨ ਜਾਜਕ ਨੇ ਜੋ ਸਾਦੋਕ ਦੇ ਘਰਾਣੇ ਦਾ ਸੀ ਉਸ ਨੂੰ ਆਖਿਆ ਕਿ ਜਦ ਤੋਂ ਯਹੋਵਾਹ ਦੇ ਭਵਨ ਵਿੱਚ ਚੁੱਕਣ ਦੀਆਂ ਭੇਟਾਂ ਲਿਆਉਣੀਆਂ ਸ਼ੁਰੂ ਕੀਤੀਆਂ ਹਨ ਤਦ ਤੋਂ ਅਸੀਂ ਕਾਫੀ ਖਾਂਦੇ ਰਹੇ ਹਾਂ ਅਤੇ ਢੇਰ ਸਾਰਾ ਬਚ ਵੀ ਰਿਹਾ ਹੈ ਕਿਉਂ ਜੋ ਯਹੋਵਾਹ ਨੇ ਆਪਣੀ ਪਰਜਾ ਨੂੰ ਬਰਕਤ ਬਖ਼ਸ਼ੀ ਹੈ ਅਤੇ ਉਹੀ ਬਚਿਆ ਹੋਇਆ ਇਹ ਵੱਡਾ ਢੇਰ ਹੈ
11ਤਾਂ ਹਿਜ਼ਕੀਯਾਹ ਨੇ ਹੁਕਮ ਦਿੱਤਾ ਕਿ ਯਹੋਵਾਹ ਦੇ ਭਵਨ ਵਿੱਚ ਕੋਠੜੀਆਂ ਬਣਾਈਆਂ ਜਾਣ ਤਾਂ ਉਨ੍ਹਾਂ ਨੇ ਕੋਠੜੀਆਂ ਬਣਾਈਆਂ
12ਉਹ ਚੁੱਕਣ ਦੀਆਂ ਭੇਟਾਂ ਅਤੇ ਦਸਵੰਧ ਅਤੇ ਪਵਿੱਤਰ ਕੀਤੀਆਂ ਹੋਈਆਂ ਚੀਜ਼ਾਂ ਦਿਆਨਤਦਾਰੀ ਨਾਲ ਲਿਆਉਂਦੇ ਰਹੇ ਅਤੇ ਉਨ੍ਹਾਂ ਉੱਤੇ ਕਾਨਨਯਾਹ ਲੇਵੀ ਹਾਕਮ ਸੀ ਅਤੇ ਉਸ ਦਾ ਭਰਾ ਸ਼ਮਈ ਉਸ ਤੋਂ ਦੂਜੇ ਦਰਜੇ ਉੱਤੇ ਸੀ ਅਤੇ
13ਯਹੀਏਲ ਅਤੇ ਅਜ਼ਜ਼ਯਾਹ ਅਤੇ ਨਹਥ ਅਤੇ ਅਸਾਹੇਲ ਅਤੇ ਯਰੀਮੋਥ ਅਤੇ ਯੋਜ਼ਾਬਾਦ ਅਤੇ ਅਲੀਏਲ ਅਤੇ ਯਿਸਮਕਯਾਹ ਅਤੇ ਮਹਥ ਅਤੇ ਬਨਾਯਾਹ ਹਿਜ਼ਕੀਯਾਹ ਪਾਤਸ਼ਾਹ ਅਤੇ ਪਰਮੇਸ਼ੁਰ ਦੇ ਭਵਨ ਦੇ ਹਾਕਮ ਅਜ਼ਰਯਾਹ ਦੇ ਹੁਕਮ ਨਾਲ ਕਾਨਨਯਾਹ ਅਤੇ ਉਸ ਦੇ ਭਰਾ ਸ਼ਮਈ ਦੇ ਅਧੀਨ ਕਰਮਚਾਰੀ ਸਨ
14ਅਤੇ ਯਿਮਨਾਹ ਦਾ ਪੁੱਤਰ ਕੋਰੇ ਲੇਵੀ ਪਰਮੇਸ਼ੁਰ ਦੇ ਭਵਨ ਦੇ ਪੂਰਬੀ ਫਾਟਕ ਉੱਤੇ ਦਰਬਾਨ ਸੀ ਉਹ ਪਰਮੇਸ਼ੁਰ ਦੀਆਂ ਖੁਸ਼ੀ ਦੀਆਂ ਭੇਟਾਂ ਉੱਤੇ ਨਿਯੁਕਤ ਸੀ ਤਾਂ ਜੋ ਉਹ ਯਹੋਵਾਹ ਦੀਆਂ ਚੁੱਕਣ ਦੀਆਂ ਭੇਟਾਂ ਅਤੇ ਅੱਤ ਪਵਿੱਤਰ ਚੀਜ਼ਾਂ ਵੰਡਣ ਲਈ ਹੋਵੇ
15ਅਤੇ ਉਹ ਦੇ ਅਧੀਨ ਏਦਨ ਅਤੇ ਮਿਨਯਾਮੀਨ ਅਤੇ ਯੇਸ਼ੂਆ ਅਤੇ ਸ਼ਮਅਯਾਹ ਅਤੇ ਅਮਰਯਾਹ ਅਤੇ ਸ਼ਕਨਯਾਹ ਜਾਜਕਾਂ ਦੇ ਸ਼ਹਿਰਾਂ ਵਿੱਚ ਇਸ ਪਦਵੀ ਉੱਤੇ ਲੱਗੇ ਹੋਏ ਸਨ ਕਿ ਆਪਣੇ ਭਰਾਵਾਂ ਨੂੰ ਕੀ ਵੱਡਾ ਤੇ ਕੀ ਛੋਟਾ ਉਨ੍ਹਾਂ ਦੀ ਵਾਰੀ ਅਨੁਸਾਰ ਇਮਾਨਦਾਰੀ ਨਾਲ ਹਿੱਸਾ ਦਿਆ ਕਰਨ
16ਅਤੇ ਇਨ੍ਹਾਂ ਤੋਂ ਬਿਨ੍ਹਾਂ ਉਨ੍ਹਾਂ ਨੂੰ ਵੀ ਦੇਣ ਜਿਹੜੇ ਤਿੰਨਾਂ ਸਾਲਾਂ ਦੇ ਜਾਂ ਉੱਪਰ ਦੇ ਜੋ ਮਨੁੱਖਾਂ ਦੀ ਗਿਣਤੀ ਵਿੱਚ ਗਿਣੇ ਗਏ ਅਰਥਾਤ ਉਨ੍ਹਾਂ ਨੂੰ ਜੋ ਆਪੋ-ਆਪਣੀ ਵਾਰੀ ਤੇ ਆਪਣੀ ਜ਼ਿੰਮੇਵਾਰੀ ਦੀ ਸੇਵਾ ਨੂੰ ਹਰ ਰੋਜ਼ ਦੇ ਫਰਜ਼ ਅਨੁਸਾਰ ਪੂਰਾ ਕਰਨ ਲਈ ਯਹੋਵਾਹ ਦੇ ਭਵਨ ਵਿੱਚ ਜਾਂਦੇ ਸਨ
17ਅਤੇ ਉਨ੍ਹਾਂ ਨੂੰ ਵੀ ਜੋ ਆਪਣੇ ਪੁਰਖਿਆਂ ਦੀ ਕੁਲਪੱਤ੍ਰੀ ਅਨੁਸਾਰ ਜਾਜਕਾਂ ਵਿੱਚ ਗਿਣੇ ਗਏ ਅਤੇ ਉਨ੍ਹਾਂ ਲੇਵੀਆਂ ਨੂੰ ਵੀ ਜੋ ਵੀਹਾਂ ਸਾਲਾਂ ਦੇ ਜਾਂ ਉੱਪਰ ਦੇ ਸਨ ਅਤੇ ਆਪਣੀ ਵਾਰੀ ਉੱਤੇ ਸੇਵਾ ਕਰਦੇ ਸਨ
18ਅਤੇ ਉਨ੍ਹਾਂ ਨੂੰ ਜੋ ਸਾਰੀ ਸਭਾ ਵਿੱਚੋਂ ਆਪਣੇ ਬਾਲਾਂ ਔਰਤਾਂ ਅਤੇ ਪੁੱਤਰਾਂ ਧੀਆਂ ਦੀ ਕੁਲਪੱਤ੍ਰੀ ਅਨੁਸਾਰ ਗਿਣੇ ਗਏ ਕਿਉਂ ਜੋ ਉਹ ਆਪਣੇ ਨਿਯੁਕਤ ਕੰਮ ਉੱਤੇ ਆਪਣੇ ਆਪ ਨੂੰ ਪਵਿੱਤਰਤਾ ਦੇ ਲਈ ਪਵਿੱਤਰ ਕਰਦੇ ਸਨ
19ਅਤੇ ਹਾਰੂਨ ਜਾਜਕ ਦੀ ਵੰਸ਼ ਲਈ ਵੀ ਜੋ ਹਰ ਸ਼ਹਿਰ ਵਿੱਚ ਅਤੇ ਸ਼ਹਿਰ ਦੇ ਦੁਆਲੇ ਦੇ ਖੇਤਾਂ ਵਿੱਚ ਸਨ ਕਈਆਂ ਮਰਦਾਂ ਦੇ ਨਾਮ ਦੱਸ ਦਿੱਤੇ ਗਏ ਸਨ ਨਿਯੁਕਤ ਕੀਤਾ ਕਿ ਜਾਜਕਾਂ ਦੇ ਸਾਰੇ ਮਰਦਾਂ ਅਤੇ ਉਨ੍ਹਾਂ ਸਾਰਿਆਂ ਨੂੰ ਜੋ ਲੇਵੀਆਂ ਦੀ ਕੁਲਪੱਤ੍ਰੀ ਅਨੁਸਾਰ ਗਿਣੇ ਗਏ ਸਨ ਹਿੱਸੇ ਦੇਣ
20ਸੋ ਹਿਜ਼ਕੀਯਾਹ ਨੇ ਸਾਰੇ ਯਹੂਦਾਹ ਵਿੱਚ ਇਸੇ ਤਰ੍ਹਾਂ ਕੀਤਾ ਅਤੇ ਜੋ ਕੁਝ ਯਹੋਵਾਹ ਉਸ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਚੰਗਾ ਅਤੇ ਠੀਕ ਅਤੇ ਸੱਚ ਸੀ ਉਹੀ ਕੀਤਾ
21ਅਤੇ ਸਾਰੇ ਕੰਮ ਜਿਹੜੇ ਉਸ ਨੇ ਪਰਮੇਸ਼ੁਰ ਦੇ ਭਵਨ ਲਈ ਸ਼ੁਰੂ ਕੀਤੇ ਅਰਥਾਤ ਸੇਵਾ, ਬਿਵਸਥਾ ਅਤੇ ਹੁਕਮ ਅਤੇ ਪਰਮੇਸ਼ੁਰ ਦੀ ਭਾਲ ਉਸ ਨੇ ਆਪਣੇ ਸਾਰੇ ਦਿਲ ਨਾਲ ਕੀਤੇ ਅਤੇ ਸਫ਼ਲ ਹੋਇਆ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।