ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

2 ਇਤਿਹਾਸ 12

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਤਾਂ ਐਉਂ ਹੋਇਆ ਕਿ ਜਦ ਰਹਬੁਆਮ ਦਾ ਰਾਜ ਪੱਕਾ ਹੋ ਗਿਆ ਅਤੇ ਉਹ ਸ਼ਕਤੀ ਵਾਲਾ ਬਣ ਗਿਆ ਤਦ ਉਸ ਨੇ ਅਤੇ ਉਸ ਦੇ ਨਾਲ ਸਾਰੇ ਇਸਰਾਏਲ ਨੇ ਯਹੋਵਾਹ ਦੀ ਬਿਵਸਥਾ ਨੂੰ ਛੱਡ ਦਿੱਤਾ
2ਫੇਰ ਰਹਬੁਆਮ ਪਾਤਸ਼ਾਹ ਦੇ ਪੰਜਵੇਂ ਸਾਲ ਵਿੱਚ ਅਜਿਹਾ ਹੋਇਆ ਕਿ ਮਿਸਰ ਦਾ ਰਾਜਾ ਸ਼ੀਸ਼ਕ ਯਰੂਸ਼ਲਮ ਉੱਤੇ ਚੜ੍ਹ ਆਇਆ ਇਸ ਲਈ ਜੋ ਉਨ੍ਹਾਂ ਨੇ ਯਹੋਵਾਹ ਦੇ ਵਿਰੁੱਧ ਬੇਈਮਾਨੀ ਕੀਤੀ ਸੀ
3ਅਤੇ ਉਸ ਦੇ ਨਾਲ ਬਾਰਾਂ ਸੌ ਰਥ ਅਤੇ ਸੱਠ ਹਜ਼ਾਰ ਸਵਾਰ ਸਨ, ਲੂਬੀ, ਸੂਕੀ ਅਤੇ ਕੂਸ਼ੀ ਲੋਕ ਜੋ ਉਸ ਦੇ ਨਾਲ ਮਿਸਰ ਤੋਂ ਆਏ ਸਨ ਅਣਗਿਣਤ ਸਨ
4ਉਸ ਨੇ ਗੜ੍ਹਾਂ ਵਾਲੇ ਸ਼ਹਿਰ ਲੈ ਲਏ ਜੋ ਯਹੂਦਾਹ ਦੇ ਸਨ ਅਤੇ ਉਹ ਯਰੂਸ਼ਲਮ ਤੱਕ ਆ ਗਿਆ।
5ਤਦ ਸ਼ਮਅਯਾਹ ਨਬੀ ਰਹਬੁਆਮ ਦੇ ਅਤੇ ਯਹੂਦਾਹ ਦੇ ਸਰਦਾਰਾਂ ਦੇ ਕੋਲ ਜਿਹੜੇ ਸ਼ੀਸ਼ਕ ਦੇ ਅੱਗੋਂ ਯਰੂਸ਼ਲਮ ਵਿੱਚ ਇਕੱਠੇ ਹੋ ਗਏ ਸਨ ਐਉਂ ਫਰਮਾਉਂਦਾ ਹੈ, ਤੁਸੀਂ ਮੈਨੂੰ ਛੱਡ ਦਿੱਤਾ, ਇਸ ਲਈ ਮੈਂ ਵੀ ਤਹਾਨੂੰ ਸ਼ੀਸ਼ਕ ਦੇ ਹੱਥ ਵਿੱਚ ਛੱਡ ਦਿੱਤਾ
6ਤਦ ਇਸਰਾਏਲ ਦੇ ਸਰਦਾਰਾਂ ਅਤੇ ਪਾਤਸ਼ਾਹ ਨੇ ਆਪਣੇ ਆਪ ਨੂੰ ਅਧੀਨ ਬਣਾਇਆ ਅਤੇ ਆਖਿਆ, ਯਹੋਵਾਹ ਹੀ ਧਰਮੀ ਹੈ
7ਜਦ ਯਹੋਵਾਹ ਨੇ ਵੇਖਿਆ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਅਧੀਨ ਬਣਾਇਆ ਤਦ ਯਹੋਵਾਹ ਦਾ ਬਚਨ ਸ਼ਮਅਯਾਹ ਨੂੰ ਆਇਆ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਅਧੀਨ ਬਣਾਇਆ ਹੈ ਸੋ ਮੈਂ ਉਨ੍ਹਾਂ ਨੂੰ ਨਾਸ ਨਹੀਂ ਕਰਾਂਗਾ ਪਰ ਉਨ੍ਹਾਂ ਨੂੰ ਕੁਝ ਰਿਹਾਈ ਦੇਵਾਂਗਾ ਅਤੇ ਮੇਰਾ ਕਹਿਰ ਸ਼ੀਸ਼ਕ ਦੇ ਹੱਥੋਂ ਯਰੂਸ਼ਲਮ ਉੱਤੇ ਨਹੀਂ ਪਵੇਗਾ
8ਤਾਂ ਵੀ ਉਹ ਉਸ ਦੇ ਸੇਵਕ ਹੋਣਗੇ ਤਾਂ ਜੋ ਉਹ ਮੇਰੀ ਸੇਵਾ ਅਤੇ ਦੇਸ-ਦੇਸ ਦੇ ਰਾਜਿਆਂ ਦੀ ਸੇਵਾ ਨੂੰ ਜਾਣ ਲੈਣ
9ਸੋ ਮਿਸਰ ਦਾ ਰਾਜਾ ਸ਼ੀਸ਼ਕ ਯਰੂਸ਼ਲਮ ਉੱਤੇ ਚੜ੍ਹ ਆਇਆ ਅਤੇ ਯਹੋਵਾਹ ਦੇ ਭਵਨ ਦੇ ਖਜ਼ਾਨੇ ਨੂੰ ਅਤੇ ਪਾਤਸ਼ਾਹ ਦੇ ਮਹਿਲ ਦਾ ਖਜ਼ਾਨਾ ਲੈ ਗਿਆ ਸਗੋਂ ਉਹ ਸਭ ਕੁਝ ਲੈ ਗਿਆ ਅਤੇ ਸੋਨੇ ਦੀਆਂ ਉਹ ਢਾਲਾਂ ਜੋ ਸੁਲੇਮਾਨ ਨੇ ਬਣਵਾਈਆਂ ਸਨ ਲੈ ਗਿਆ
10ਤਾਂ ਰਹਬੁਆਮ ਪਾਤਸ਼ਾਹ ਨੇ ਉਨ੍ਹਾਂ ਦੇ ਬਦਲੇ ਪਿੱਤਲ ਦੀਆਂ ਢਾਲਾਂ ਬਣਵਾਈਆਂ ਅਤੇ ਉਨ੍ਹਾਂ ਨੂੰ ਸ਼ਾਹੀ ਨਿਗਾਹਬਾਨਾਂ ਦੇ ਸਰਦਾਰਾਂ ਦੇ ਜਿਹੜੇ ਸ਼ਾਹੀ ਮਹਿਲ ਦੇ ਦਰਵਾਜ਼ੇ ਦੀ ਰਾਖੀ ਕਰਦੇ ਸਨ ਹੱਥ ਵਿੱਚ ਸੌਂਪ ਦਿੱਤਾ।
11ਜਦ ਪਾਤਸ਼ਾਹ ਯਹੋਵਾਹ ਦੇ ਭਵਨ ਨੂੰ ਜਾਂਦਾ ਸੀ ਤਾਂ ਨਿਗਾਹਬਾਨ ਉਹਨਾਂ ਨੂੰ ਚੁੱਕ ਲੈਂਦੇ ਸਨ ਅਤੇ ਫੇਰ ਉਹਨਾਂ ਨੂੰ ਨਿਗਾਹਬਾਨਾਂ ਦੀ ਕੋਠੜੀ ਵਿੱਚ ਰੱਖ ਦਿੰਦੇ ਸਨ
12ਜਦ ਉਸ ਨੇ ਆਪਣੇ ਆਪ ਨੂੰ ਅਧੀਨ ਬਣਾਇਆ ਤਾਂ ਯਹੋਵਾਹ ਦਾ ਕਹਿਰ ਉਸ ਤੋਂ ਟਲ ਗਿਆ ਅਤੇ ਉਹ ਨੇ ਉਸ ਨੂੰ ਪੂਰੀ ਤਰ੍ਹਾਂ ਨਾਸ ਨਾ ਕੀਤਾ ਨਾਲੇ ਯਹੂਦਾਹ ਵਿੱਚ ਚੰਗੀਆਂ ਗੱਲਾਂ ਵੀ ਸਨ।
13ਸੋ ਰਹਬੁਆਮ ਪਾਤਸ਼ਾਹ ਨੇ ਤਕੜਾ ਹੋ ਕੇ ਯਰੂਸ਼ਲਮ ਵਿੱਚ ਰਾਜ ਕੀਤਾ। ਰਹਬੁਆਮ ਜਿਸ ਵੇਲੇ ਰਾਜ ਕਰਨ ਲੱਗਾ ਤਾਂ ਇੱਕਤਾਲੀ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਅਰਥਾਤ ਉਸ ਸ਼ਹਿਰ ਵਿੱਚ ਜਿਹੜਾ ਯਹੋਵਾਹ ਨੇ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣ ਲਿਆ ਸੀ ਕਿ ਆਪਣਾ ਨਾਮ ਉੱਥੇ ਰੱਖੇ ਸਤਾਰਾਂ ਸਾਲ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਨਆਮਾਹ ਅੰਮੋਨਣ ਸੀ
14ਉਸ ਨੇ ਬੁਰਿਆਈ ਕੀਤੀ ਕਿਉਂ ਜੋ ਉਸ ਨੇ ਯਹੋਵਾਹ ਦੀ ਖੋਜ ਵਿੱਚ ਆਪਣਾ ਮਨ ਨਾ ਲਾਇਆ
15ਅਤੇ ਰਹਬੁਆਮ ਦੇ ਕੰਮ ਮੁੱਢ ਤੋਂ ਅੰਤ ਤੱਕ ਕੀ ਉਹ ਸ਼ਮਅਯਾਹ ਨਬੀ ਅਤੇ ਇੱਦੋ ਗੈਬਦਾਨ ਦੇ ਇਤਿਹਾਸ ਵਿੱਚ ਕੁਲ ਪੱਤ੍ਰੀ ਦੇ ਅਨੁਸਾਰ ਲਿਖੇ ਨਹੀਂ? ਅਤੇ ਰਹਬੁਆਮ ਅਤੇ ਯਾਰਾਬੁਆਮ ਦੇ ਵਿੱਚ ਸਦਾ ਲੜਾਈ ਹੁੰਦੀ ਰਹੀ
16ਤਾਂ ਰਹਬੁਆਮ ਮਰ ਕੇ ਆਪਣੇ ਪੁਰਖਿਆਂ ਦੇ ਨਾਲ ਜਾ ਮਿਲਿਆ ਅਤੇ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਅਬਿਯਾਹ ਉਸ ਦੇ ਥਾਂ ਰਾਜ ਕਰਨ ਲੱਗਾ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।