ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

2 ਇਤਿਹਾਸ 10

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਤਾਂ ਰਹਬੁਆਮ ਸ਼ਕਮ ਨੂੰ ਗਿਆ ਕਿਉਂ ਜੋ ਸਾਰਾ ਇਸਰਾਏਲ ਉਸ ਨੂੰ ਰਾਜਾ ਬਣਾਉਣ ਲਈ ਸ਼ਕਮ ਵਿੱਚ ਆਇਆ ਹੋਇਆ ਸੀ।
2ਫੇਰ ਅਜਿਹਾ ਹੋਇਆ ਕਿ ਜਦ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਇਹ ਸੁਣਿਆ ਤਾਂ ਉਹ ਮਿਸਰ ਵਿੱਚ ਸੀ ਕਿਉਂ ਜੋ ਉਹ ਸੁਲੇਮਾਨ ਪਾਤਸ਼ਾਹ ਦੇ ਅੱਗੋਂ ਭੱਜ ਗਿਆ ਸੀ ਤਾਂ ਯਾਰਾਬੁਆਮ ਮਿਸਰ ਤੋਂ ਮੁੜ ਆਇਆ
3ਅਤੇ ਉਨ੍ਹਾਂ ਨੇ ਉਸ ਨੂੰ ਸੱਦਾ ਭੇਜਿਆ ਤਾਂ ਯਾਰਾਬੁਆਮ ਅਤੇ ਸਾਰਾ ਇਸਰਾਏਲ ਆਏ ਅਤੇ ਰਹਬੁਆਮ ਨਾਲ ਗੱਲ ਕੀਤੀ
4ਕਿ ਤੁਹਾਡੇ ਪਿਤਾ ਨੇ ਸਾਡੇ ਜੂਲੇ ਨੂੰ ਔਖਾ ਕਰ ਰੱਖਿਆ ਸੀ ਇਸ ਲਈ ਹੁਣ ਤੁਸੀਂ ਆਪਣੇ ਪਿਤਾ ਦੀ ਉਸ ਔਖੀ ਸੇਵਾ ਅਤੇ ਉਸ ਭਾਰੀ ਜੂਲੇ ਨੂੰ ਜੋ ਉਸ ਸਾਡੇ ਉੱਤੇ ਪਾ ਰੱਖਿਆ ਸੀ ਕੁਝ ਹੌਲਾ ਕਰੋ ਤਾਂ ਅਸੀਂ ਤੁਹਾਡੀ ਸੇਵਾ ਕਰਾਂਗੇ
5ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਤਿੰਨਾਂ ਦਿਨਾਂ ਮਗਰੋਂ ਫੇਰ ਮੇਰੇ ਕੋਲ ਆਉਣਾ ਸੋ ਉਹ ਲੋਕ ਚਲੇ ਗਏ
6ਤਦ ਰਹਬੁਆਮ ਪਾਤਸ਼ਾਹ ਨੇ ਉਨ੍ਹਾਂ ਬਜ਼ੁਰਗਾਂ ਨਾਲ ਜੋ ਉਸ ਦੇ ਪਿਤਾ ਸੁਲੇਮਾਨ ਦੇ ਦਰਬਾਰ ਵਿੱਚ ਉਹ ਦੇ ਜੀਉਂਦਿਆਂ ਖੜ੍ਹੇ ਰਹਿੰਦੇ ਸਨ ਸਲਾਹ ਕੀਤੀ ਅਤੇ ਆਖਿਆ, ਤੁਹਾਡੀ ਕੀ ਸਲਾਹ ਹੈ? ਮੈਂ ਇਨ੍ਹਾਂ ਲੋਕਾਂ ਨੂੰ ਕੀ ਉੱਤਰ ਦਿਆਂ?
7ਉਨ੍ਹਾਂ ਨੇ ਉਸ ਨੂੰ ਆਖਿਆ, ਜੇ ਤੁਸੀਂ ਇਨ੍ਹਾਂ ਲੋਕਾਂ ਉੱਤੇ ਮਿਹਰਬਾਨ ਹੋਵੋ ਅਤੇ ਇਨ੍ਹਾਂ ਨੂੰ ਰਾਜ਼ੀ ਕਰੋ ਅਤੇ ਇਨ੍ਹਾਂ ਨੂੰ ਮਿੱਠੇ ਬੋਲਾਂ ਨਾਲ ਉੱਤਰ ਦਿਓਗੇ ਤਾਂ ਉਹ ਸਦਾ ਤੁਹਾਡੀ ਸੇਵਾ ਕਰਨਗੇ
8ਪਰ ਉਸ ਨੇ ਉਨ੍ਹਾਂ ਬਜ਼ੁਰਗਾਂ ਦੀ ਸਲਾਹ ਨੂੰ ਛੱਡ ਦਿੱਤਾ ਜੋ ਉਨ੍ਹਾਂ ਨੇ ਉਸ ਨੂੰ ਦਿੱਤੀ ਸੀ ਅਤੇ ਉਹਨਾਂ ਜੁਆਨਾਂ ਤੋਂ ਸਲਾਹ ਲਈ ਜਿਹੜੇ ਉਸ ਦੇ ਲੰਗੋਟੀਏ ਯਾਰ ਸਨ ਅਤੇ ਉਸ ਦੇ ਸਨਮੁਖ ਖੜ੍ਹੇ ਰਹਿੰਦੇ ਸਨ।
9ਅਤੇ ਉਹਨਾਂ ਨੂੰ ਆਖਿਆ, ਤੁਸੀਂ ਮੈਨੂੰ ਕੀ ਸਲਾਹ ਦਿੰਦੇ ਹੋ ਕਿ ਅਸੀਂ ਇਨ੍ਹਾਂ ਲੋਕਾਂ ਨੂੰ ਕੀ ਉੱਤਰ ਦੇਈਏ ਜਿਨ੍ਹਾਂ ਨੇ ਮੇਰੇ ਨਾਲ ਇਹ ਗੱਲ ਕੀਤੀ ਹੈ ਕਿ ਉਸ ਜੂਲੇ ਨੂੰ ਜੋ ਤੁਹਾਡੇ ਪਿਤਾ ਨੇ ਸਾਡੇ ਉੱਤੇ ਰੱਖਿਆ ਹੈ ਕੁਝ ਹੌਲਾ ਕਰੋ?
10ਤਾਂ ਉਹਨਾਂ ਜੁਆਨਾਂ ਨੇ ਜੋ ਉਸ ਦੇ ਲੰਗੋਟੀਏ ਯਾਰ ਸਨ ਉਸ ਨੂੰ ਆਖਿਆ ਕਿ ਤੂੰ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਤੈਨੂੰ ਆਖਿਆ ਕਿ ਤੇਰੇ ਪਿਤਾ ਨੇ ਸਾਡੇ ਜੂਲੇ ਨੂੰ ਭਾਰੀ ਕੀਤਾ ਪਰ ਤੁਸੀਂ ਉਸ ਨੂੰ ਸਾਡੇ ਲਈ ਕੁਝ ਹੌਲਾ ਕਰੋ ਇਹ ਜਵਾਬ ਦੇ ਕਿ ਮੇਰੀ ਚੀਚੀ ਵੀ ਮੇਰੇ ਪਿਤਾ ਦੇ ਲੱਕ ਨਾਲੋਂ ਮੋਟੀ ਹੈ!
11ਮੇਰੇ ਪਿਤਾ ਨੇ ਤਾਂ ਭਾਰੀ ਜੂਲਾ ਤੁਹਾਡੇ ਉੱਤੇ ਰੱਖਿਆ ਸੀ ਪਰ ਮੈਂ ਉਸ ਜੂਲੇ ਨੂੰ ਹੋਰ ਵੀ ਭਾਰੀ ਕਰਾਂਗਾ! ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫੰਡਿਆ ਸੀ ਪਰ ਮੈਂ ਤੁਹਾਨੂੰ ਬਿੱਛੂਆਂ ਨਾਲ ਫੰਡਾਂਗਾ!
12ਤਾਂ ਜਿਵੇਂ ਪਾਤਸ਼ਾਹ ਨੇ ਆਖਿਆ ਸੀ ਕਿ ਤੀਜੇ ਦਿਨ ਮੇਰੇ ਕੋਲ ਫੇਰ ਆਉਣਾ ਸੋ ਤੀਜੇ ਦਿਨ ਯਾਰਾਬੁਆਮ ਤੇ ਹੋਰ ਸਾਰੇ ਲੋਕ ਰਹਬੁਆਮ ਦੇ ਕੋਲ ਆਏ
13ਤਦ ਪਾਤਸ਼ਾਹ ਨੇ ਉਨ੍ਹਾਂ ਨੂੰ ਕੌੜਾ ਜਿਹਾ ਉੱਤਰ ਦਿੱਤਾ ਅਤੇ ਰਹਬੁਆਮ ਪਾਤਸ਼ਾਹ ਬਜ਼ੁਰਗਾਂ ਦੀ ਸਲਾਹ ਨੂੰ ਛੱਡ ਕੇ
14ਜੁਆਨਾਂ ਦੀ ਸਲਾਹ ਦੇ ਅਨੁਸਾਰ ਉਨ੍ਹਾਂ ਨੂੰ ਬੋਲਿਆ ਕਿ ਮੇਰੇ ਪਿਤਾ ਨੇ ਤੁਹਾਡਾ ਜੂਲਾ ਭਾਰੀ ਕੀਤਾ ਪਰ ਮੈਂ ਉਸ ਨੂੰ ਹੋਰ ਵੀ ਭਾਰੀ ਕਰਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫੰਡਿਆ ਪਰ ਮੈਂ ਤੁਹਾਨੂੰ ਬਿੱਛੂਆਂ ਨਾਲ ਫੰਡਾਂਗਾ
15ਸੋ ਪਾਤਸ਼ਾਹ ਨੇ ਲੋਕਾਂ ਦੀ ਨਾ ਸੁਣੀ ਕਿਉਂ ਜੋ ਇਹ ਪਰਮੇਸ਼ੁਰ ਵੱਲੋਂ ਹੀ ਸੀ ਤਾਂ ਜੋ ਯਹੋਵਾਹ ਉਸ ਗੱਲ ਨੂੰ ਜੋ ਉਸ ਨੇ ਸ਼ੀਲੋਨੀ ਅਹੀਯਾਹ ਦੇ ਰਾਹੀਂ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਆਖੀ ਸੀ ਪੂਰਾ ਕਰੇ
16ਜਦ ਸਾਰੇ ਇਸਰਾਏਲ ਨੇ ਵੇਖਿਆ ਕਿ ਪਾਤਸ਼ਾਹ ਨੇ ਸਾਡੀ ਨਹੀਂ ਸੁਣੀ ਤਾਂ ਲੋਕਾਂ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ ਕਿ ਦਾਊਦ ਦੇ ਨਾਲ ਸਾਡਾ ਕੀ ਸ਼ਰੀਕਾ ਅਤੇ ਯੱਸੀ ਦੇ ਪੁੱਤਰ ਨਾਲ ਸਾਡਾ ਕੀ ਵੰਡ ਵਿਹਾਰ? ਹੇ ਇਸਰਾਏਲ, ਆਪੋ ਆਪਣੇ ਤੰਬੂਆਂ ਨੂੰ ਚੱਲੇ ਜਾਓ! ਹੇ ਦਾਊਦ, ਹੁਣ ਤੂੰ ਆਪਣੇ ਹੀ ਘਰਾਣੇ ਨੂੰ ਸੰਭਾਲ! ਸੋ ਸਾਰਾ ਇਸਰਾਏਲ ਆਪੋ ਆਪਣੇ ਤੰਬੂਆਂ ਨੂੰ ਚਲਾ ਗਿਆ
17ਪਰ ਉਨ੍ਹਾਂ ਇਸਰਾਏਲੀਆਂ ਉੱਤੇ ਜੋ ਯਹੂਦਾਹ ਦੇ ਸ਼ਹਿਰਾਂ ਵਿੱਚ ਵੱਸਦੇ ਸਨ ਰਹਬੁਆਮ ਰਾਜ ਕਰਦਾ ਰਿਹਾ
18ਤਦ ਰਹਬੁਆਮ ਪਾਤਸ਼ਾਹ ਨੇ ਹਦੋਰਾਮ ਨੂੰ ਭੇਜਿਆ ਜੋ ਬੇਗ਼ਾਰੀਆਂ ਉੱਤੇ ਸੀ, ਪਰ ਇਸਰਾਏਲੀਆਂ ਨੇ ਉਸ ਨੂੰ ਪੱਥਰਾਂ ਨਾਲ ਪਥਰਾਉ ਕੀਤਾ ਅਤੇ ਉਹ ਮਰ ਗਿਆ। ਤਦ ਰਹਬੁਆਮ ਨੇ ਯਰੂਸ਼ਲਮ ਵੱਲ ਭੱਜ ਜਾਣ ਲਈ ਛੇਤੀ ਕੀਤੀ ਅਤੇ ਆਪਣੇ ਰਥ ਉੱਤੇ ਚੜ੍ਹ ਗਿਆ
19ਸੋ ਇਸਰਾਏਲ ਅੱਜ ਦੇ ਦਿਨ ਤੱਕ ਦਾਊਦ ਦੇ ਘਰਾਣੇ ਤੋਂ ਆਕੀ ਹੈ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।