ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

1 ਸਮੂਏਲ 7

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਤਦ ਕਿਰਯਥ-ਯਾਰੀਮ ਦੇ ਲੋਕ ਆਏ ਅਤੇ ਯਹੋਵਾਹ ਦੇ ਸੰਦੂਕ ਨੂੰ ਲੈ ਜਾ ਕੇ ਅਬੀਨਾਦਾਬ ਦੇ ਘਰ ਵਿੱਚ ਰੱਖ ਦਿੱਤਾ ਜੋ ਟਿੱਲੇ ਦੇ ਉੱਤੇ ਸੀ ਅਤੇ ਉਹ ਦੇ ਪੁੱਤਰ ਅਲਆਜ਼ਾਰ ਨੂੰ ਪਵਿੱਤਰ ਕੀਤਾ ਤਾਂ ਜੋ ਉਹ ਯਹੋਵਾਹ ਦੇ ਸੰਦੂਕ ਦੀ ਦੇਖਭਾਲ ਕਰੇ।
2ਅਤੇ ਅਜਿਹਾ ਹੋਇਆ ਜੋ ਉਸ ਵੇਲੇ ਤੋਂ ਜਦ ਸੰਦੂਕ ਕਿਰਯਥ-ਯਾਰੀਮ ਵਿੱਚ ਰਿਹਾ ਕਾਫ਼ੀ ਸਮਾਂ ਬੀਤ ਗਿਆ, ਕਿਉਂ ਜੋ ਉਸ ਨੂੰ ਵੀਹ ਸਾਲ ਹੋ ਗਏ ਅਤੇ ਇਸਰਾਏਲ ਦੇ ਸਾਰੇ ਟੱਬਰ ਨੇ ਵਿਰਲਾਪ ਕਰਦੇ ਹੋਏ ਯਹੋਵਾਹ ਦੀ ਭਾਲ ਕੀਤੀ।
3ਸਮੂਏਲ ਨੇ ਇਸਰਾਏਲ ਦੇ ਸਾਰੇ ਟੱਬਰ ਨੂੰ ਸੱਦ ਕੇ ਆਖਿਆ, ਜੇ ਕਦੀ ਤੁਸੀਂ ਆਪਣੇ ਸਾਰੇ ਮਨ ਨਾਲ ਯਹੋਵਾਹ ਦੀ ਵੱਲ ਮੁੜੋ ਤਾਂ ਉਨ੍ਹਾਂ ਓਪਰਿਆਂ ਦੇਵਤਿਆਂ ਅਤੇ ਅਸ਼ਤਾਰੋਥ ਦੇਵੀਆਂ ਨੂੰ ਆਪਣੇ ਵਿਚਕਾਰੋਂ ਕੱਢ ਸੁੱਟੋ ਅਤੇ ਯਹੋਵਾਹ ਦੀ ਵੱਲ ਆਪਣੇ ਮਨਾਂ ਨੂੰ ਸੁਧਾਰੋ ਅਤੇ ਉਸੇ ਇੱਕ ਦੀ ਸੇਵਾ ਕਰੋ ਤਾਂ ਉਹ ਫ਼ਲਿਸਤੀਆਂ ਦੇ ਹੱਥੋਂ ਤੁਹਾਡਾ ਛੁਟਕਾਰਾ ਕਰੇਗਾ।
4ਤਦ ਇਸਰਾਏਲੀਆਂ ਨੇ ਬਆਲ ਤੇ ਅਸ਼ਤਾਰੋਥ ਨੂੰ ਕੱਢ ਸੁੱਟਿਆ ਅਤੇ ਸਿਰਫ਼ ਯਹੋਵਾਹ ਦੀ ਹੀ ਸੇਵਾ ਕੀਤੀ।
5ਫੇਰ ਸਮੂਏਲ ਨੇ ਆਖਿਆ, ਮਿਸਪਾਹ ਵਿੱਚ ਸਾਰੇ ਇਸਰਾਏਲ ਨੂੰ ਇਕੱਠਿਆਂ ਕਰੋ ਤਾਂ ਮੈਂ ਤੁਹਾਡੇ ਲਈ ਯਹੋਵਾਹ ਦੇ ਅੱਗੇ ਬੇਨਤੀ ਕਰਾਂਗਾ।
6ਸੋ ਉਹ ਸਾਰੇ ਮਿਸਪਾਹ ਵਿੱਚ ਇਕੱਠੇ ਹੋਏ ਅਤੇ ਪਾਣੀ ਭਰ ਕੇ ਯਹੋਵਾਹ ਦੇ ਅੱਗੇ ਡੋਲ੍ਹ ਦਿੱਤਾ ਅਤੇ ਉਸ ਦਿਨ ਵਰਤ ਰੱਖਿਆ ਅਤੇ ਉੱਥੇ ਬੋਲੇ, ਅਸੀਂ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ! ਅਤੇ ਸਮੂਏਲ ਨੇ ਮਿਸਪਾਹ ਵਿੱਚ ਇਸਰਾਏਲੀਆਂ ਦਾ ਨਿਆਂ ਕੀਤਾ।
7ਜਦ ਫ਼ਲਿਸਤੀਆਂ ਨੇ ਸੁਣਿਆ ਕਿ ਇਸਰਾਏਲੀ ਮਿਸਪਾਹ ਵਿੱਚ ਇਕੱਠੇ ਹੋਏ ਹਨ ਤਾਂ ਉਨ੍ਹਾਂ ਦੇ ਸਰਦਾਰਾਂ ਨੇ ਇਸਰਾਏਲ ਉੱਤੇ ਹਮਲਾ ਕਰ ਦਿੱਤਾ ਸੋ ਇਸਰਾਏਲੀ ਇਹ ਸੁਣ ਕੇ ਫ਼ਲਿਸਤੀਆਂ ਕੋਲੋਂ ਡਰ ਗਏ।
8ਅਤੇ ਇਸਰਾਏਲੀਆਂ ਨੇ ਸਮੂਏਲ ਨੂੰ ਆਖਿਆ, ਚੁੱਪ ਨਾ ਰਹਿ ਪਰ ਯਹੋਵਾਹ ਸਾਡੇ ਪਰਮੇਸ਼ੁਰ ਦੇ ਅੱਗੇ ਸਾਡੇ ਲਈ ਤਰਲਾ ਕਰ ਜੋ ਉਹ ਸਾਨੂੰ ਫ਼ਲਿਸਤੀਆਂ ਦੇ ਹੱਥੋਂ ਬਚਾਵੇ।
9ਸਮੂਏਲ ਨੇ ਇੱਕ ਦੁੱਧ ਚੁੰਘਦਾ ਮੇਮਣਾ ਲੈ ਕੇ ਉਹ ਨੂੰ ਪੂਰੀ ਹੋਮ ਦੀ ਬਲੀ ਕਰਕੇ ਯਹੋਵਾਹ ਦੇ ਅੱਗੇ ਚੜ੍ਹਾਇਆ ਅਤੇ ਸਮੂਏਲ ਨੇ ਇਸਰਾਏਲ ਦੇ ਲਈ ਯਹੋਵਾਹ ਦੇ ਅੱਗੇ ਤਰਲੇ ਕੀਤੇ ਤਾਂ ਯਹੋਵਾਹ ਨੇ ਉਹ ਦੀ ਸੁਣ ਲਈ।
10ਜਿਸ ਵੇਲੇ ਸਮੂਏਲ ਉਸ ਹੋਮ ਦੀ ਬਲੀ ਨੂੰ ਚੜ੍ਹਾ ਰਿਹਾ ਸੀ ਤਦ ਫ਼ਲਿਸਤੀ ਇਸਰਾਏਲ ਦੇ ਸਾਹਮਣੇ ਲੜਨ ਲਈ ਨੇੜੇ ਆਏ ਤਦ ਯਹੋਵਾਹ ਫ਼ਲਿਸਤੀਆਂ ਦੇ ਉੱਤੇ ਉਸੇ ਦਿਨ ਵੱਡੀ ਗੜ੍ਹਕ ਨਾਲ ਗੱਜਿਆ ਅਤੇ ਉਨ੍ਹਾਂ ਨੂੰ ਘਬਰਾਹਟ ਵਿੱਚ ਪਾ ਦਿੱਤਾ ਅਤੇ ਉਹ ਇਸਰਾਏਲ ਅੱਗੇ ਹਾਰ ਗਏ।
11ਅਤੇ ਇਸਰਾਏਲ ਦੇ ਲੋਕਾਂ ਨੇ ਮਿਸਪਾਹ ਤੋਂ ਨਿੱਕਲ ਕੇ ਫ਼ਲਿਸਤੀਆਂ ਦਾ ਪਿੱਛਾ ਕੀਤਾ ਅਤੇ ਬੈਤ ਕਰ ਦੇ ਹੇਠ ਤੱਕ ਉਨ੍ਹਾਂ ਨੂੰ ਮਾਰਦੇ ਗਏ।
12ਤਦ ਸਮੂਏਲ ਨੇ ਇੱਕ ਪੱਥਰ ਲੈ ਕੇ ਉਹ ਨੂੰ ਮਿਸਪਾਹ ਅਤੇ ਸ਼ੇਨ ਦੇ ਵਿਚਕਾਰ ਖੜ੍ਹਾ ਕੀਤਾ ਅਤੇ ਉਹ ਦਾ ਨਾਮ ਅਬੇਨੇਜ਼ਰ ਧਰਿਆ ਅਤੇ ਬੋਲਿਆ ਜੋ ਇੱਥੋਂ ਤੱਕ ਯਹੋਵਾਹ ਨੇ ਸਾਡੀ ਸਹਾਇਤਾ ਕੀਤੀ।
13ਸੋ ਫ਼ਲਿਸਤੀ ਹਾਰ ਗਏ ਅਤੇ ਇਸਰਾਏਲ ਦੀਆਂ ਹੱਦਾਂ ਵਿੱਚ ਫੇਰ ਕਦੀ ਨਾ ਆਏ ਅਤੇ ਯਹੋਵਾਹ ਦਾ ਹੱਥ ਸਮੂਏਲ ਦੇ ਜੀਵਨ ਭਰ ਫ਼ਲਿਸਤੀਆਂ ਦੇ ਵਿਰੁੱਧ ਰਿਹਾ।
14ਅਤੇ ਉਹ ਸ਼ਹਿਰ ਜੋ ਫ਼ਲਿਸਤੀਆਂ ਨੇ ਇਸਰਾਏਲ ਤੋਂ ਖੋਹ ਲਏ ਸਨ ਅਕਰੋਨ ਤੋਂ ਲੈ ਕੇ ਗਥ ਤੱਕ ਫੇਰ ਇਸਰਾਏਲ ਦੇ ਹੱਥ ਵਿੱਚ ਆ ਗਏ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਇਲਾਕੇ ਵੀ ਇਸਰਾਏਲ ਨੇ ਫ਼ਲਿਸਤੀਆਂ ਦੇ ਹੱਥੋਂ ਛੁਡਾਏ ਅਤੇ ਇਸਰਾਏਲ ਅਤੇ ਅਮੋਰੀਆਂ ਵਿੱਚ ਮੇਲ ਹੋਇਆ।
15ਜਦ ਤੱਕ ਸਮੂਏਲ ਜੀਉਂਦਾ ਰਿਹਾ ਇਸਰਾਏਲ ਦਾ ਨਿਆਂ ਕਰਦਾ ਰਿਹਾ।
16ਅਤੇ ਹਰੇਕ ਸਾਲ ਬੈਤਏਲ ਅਤੇ ਗਿਲਗਾਲ ਅਤੇ ਮਿਸਪਾਹ ਵਿੱਚ ਫੇਰਾ ਕਰਦਾ ਸੀ ਅਤੇ ਉਨ੍ਹਾਂ ਸਾਰਿਆਂ ਥਾਵਾਂ ਵਿੱਚ ਇਸਰਾਏਲ ਦਾ ਨਿਆਂ ਕਰਦਾ ਸੀ।
17ਫੇਰ ਰਾਮਾਹ ਵਿੱਚ ਮੁੜ ਆਉਂਦਾ ਸੀ ਕਿਉਂ ਜੋ ਉੱਥੇ ਉਹ ਦਾ ਘਰ ਸੀ ਅਤੇ ਉੱਥੇ ਇਸਰਾਏਲ ਦਾ ਨਿਆਂ ਕਰਦਾ ਸੀ ਅਤੇ ਉੱਥੇ ਉਹ ਨੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਈ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।