ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

1 ਸਮੂਏਲ 20

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਤਦ ਦਾਊਦ ਰਾਮਾਹ ਦੇ ਨਾਯੋਥ ਵਿੱਚੋਂ ਭੱਜ ਕੇ ਯੋਨਾਥਾਨ ਕੋਲ ਆਇਆ ਅਤੇ ਬੋਲਿਆ, ਮੈਂ ਕੀ ਕੀਤਾ ਹੈ? ਮੇਰਾ ਕੀ ਅਪਰਾਧ ਹੈ? ਮੈਂ ਤੇਰੇ ਪਿਤਾ ਦੇ ਵਿਰੁੱਧ ਕੀ ਪਾਪ ਕੀਤਾ ਹੈ ਜੋ ਉਹ ਮੈਨੂੰ ਮਾਰਨਾ ਚਾਹੁੰਦਾ ਹੈ?
2ਤਦ ਉਸ ਨੇ ਉਹ ਨੂੰ ਆਖਿਆ, ਪਰਮੇਸ਼ੁਰ ਇਸ ਤਰ੍ਹਾਂ ਨਾ ਕਰੇ! ਤੂੰ ਨਾ ਮਾਰਿਆ ਜਾਵੇਂਗਾ। ਵੇਖ, ਮੇਰਾ ਪਿਤਾ ਮੈਨੂੰ ਦੱਸੇ ਬਿਨ੍ਹਾਂ ਕੋਈ ਵੀ ਵੱਡਾ ਜਾਂ ਛੋਟਾ ਕੰਮ ਨਹੀਂ ਕਰਦਾ ਅਤੇ ਇਹ ਗੱਲ ਮੇਰਾ ਪਿਤਾ ਮੇਰੇ ਤੋਂ ਕਿਵੇਂ ਲੁਕਾਵੇਗਾ? ਅਜਿਹਾ ਨਾ ਹੋਵੇਗਾ।
3ਤਦ ਦਾਊਦ ਨੇ ਸਹੁੰ ਖਾ ਕੇ ਆਖਿਆ, ਤੇਰਾ ਪਿਤਾ ਚੰਗੀ ਤਰ੍ਹਾਂ ਜਾਣਦਾ ਹੈ ਜੋ ਮੇਰੇ ਉੱਤੇ ਤੇਰੀ ਦਯਾ ਦੀ ਨਿਗਾਹ ਹੈ ਅਤੇ ਉਸ ਨੇ ਆਖਿਆ, ਜੋ ਯੋਨਾਥਾਨ ਇਹ ਨਾ ਜਾਣੇ ਕਿ ਉਹ ਦੁੱਖੀ ਹੋਵੇ ਪਰ ਜਿਉਂਦੇ ਪਰਮੇਸ਼ੁਰ ਅਤੇ ਤੇਰੀ ਜਾਨ ਦੀ ਸਹੁੰ, ਮੇਰੇ ਅਤੇ ਮੌਤ ਦੇ ਵਿੱਚ ਸਿਰਫ਼ ਇੱਕ ਹੀ ਕਦਮ ਦੀ ਦੂਰੀ ਹੈ।
4ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਜੋ ਕੁਝ ਤੇਰਾ ਜੀ ਚਾਹੇ ਉਹੋ ਮੈਂ ਤੇਰੇ ਲਈ ਕਰਾਂਗਾ।
5ਦਾਊਦ ਨੇ ਯੋਨਾਥਾਨ ਨੂੰ ਆਖਿਆ, ਵੇਖ, ਕੱਲ ਨਵੇਂ ਚੰਨ ਦਾ ਤਿਉਹਾਰ ਹੈ ਅਤੇ ਮੇਰੇ ਲਈ ਜ਼ਰੂਰੀ ਹੈ ਜੋ ਉਸ ਦਿਨ ਮੈਂ ਰਾਜੇ ਨਾਲ ਭੋਜਨ ਕਰਾਂ ਪਰ ਤੂੰ ਮੈਨੂੰ ਇਜ਼ਾਜਤ ਦੇ ਜੋ ਮੈਂ ਤੀਜੇ ਦਿਨ ਦੀ ਸ਼ਾਮ ਤੱਕ ਖੇਤਾਂ ਵਿੱਚ ਲੁਕਿਆ ਰਹਾਂ।
6ਜੇ ਕਦੀ ਤੇਰਾ ਪਿਤਾ ਮੈਨੂੰ ਉੱਥੇ ਨਾ ਵੇਖੇ ਤਾਂ ਉਹ ਨੂੰ ਆਖੀਂ ਜੋ ਦਾਊਦ ਨੇ ਮੇਰੇ ਕੋਲੋਂ ਛੇਤੀ ਹੀ ਆਪਣੇ ਸ਼ਹਿਰ ਬੈਤਲਹਮ ਨੂੰ ਜਾਣ ਲਈ ਮਿੰਨਤ ਕਰ ਕੇ ਛੁੱਟੀ ਲਈ ਹੈ ਕਿਉਂ ਜੋ ਉੱਥੇ ਸਾਰੇ ਪਰਿਵਾਰ ਦੇ ਲਈ ਸਾਲ ਦੀ ਬਲੀ ਭੇਂਟ ਹੈ।
7ਸੋ ਜੇ ਉਹ ਬੋਲੇ, “ਠੀਕ ਹੈ” ਤਾਂ ਸਮਝੀ ਸਭ ਕੁਝ ਠੀਕ-ਠਾਕ ਹੈ, ਪਰ ਜੇ ਇਹ ਸੁਣ ਕੇ ਉਹ ਨੂੰ ਕ੍ਰੋਧ ਆਵੇ, ਤਾਂ ਸਮਝੀ ਕਿ ਉਸ ਨੇ ਮੈਨੂੰ ਮਾਰਨ ਦਾ ਪੱਕਾ ਫੈਸਲਾ ਕਰ ਲਿਆ ਹੈ।
8ਫੇਰ ਤੈਨੂੰ ਆਪਣੇ ਦਾਸ ਉੱਤੇ ਕਿਰਪਾ ਕਰਨ ਦੀ ਲੋੜ ਪਏਗੀ ਕਿਉਂ ਜੋ ਤੂੰ ਆਪਣੇ ਦਾਸ ਨੂੰ ਯਹੋਵਾਹ ਦੇ ਨੇਮ ਵਿੱਚ ਆਪਣੇ ਨਾਲ ਮਿਲਾਇਆ ਹੈ। ਤਦ ਵੀ ਜੇ ਕਦੀ ਮੇਰੇ ਵਿੱਚ ਕਮੀ ਹੋਵੇ ਤਾਂ ਤੂੰ ਆਪ ਹੀ ਮੈਨੂੰ ਮਾਰ ਸੁੱਟ ਪਰ ਤੂੰ ਆਪਣੇ ਪਿਤਾ ਦੇ ਹੱਥੋਂ ਕਿਉਂ ਮਰਨ ਦੇਵੇਂ?
9ਤਦ ਯੋਨਾਥਾਨ ਬੋਲਿਆ, ਇਹ ਗੱਲ ਤੇਰੇ ਉੱਤੋਂ ਟਲ ਜਾਵੇ ਜੇ ਕਦੀ ਮੈਨੂੰ ਖ਼ਬਰ ਹੁੰਦੀ ਮੇਰਾ ਪਿਤਾ ਤੇਰੀ ਬੁਰਿਆਈ ਕਰਨਾ ਚਾਹੁੰਦਾ ਹੈ, ਕੀ ਮੈਂ ਤੈਨੂੰ ਖ਼ਬਰ ਨਾ ਕਰਦਾ?
10ਫੇਰ ਦਾਊਦ ਨੇ ਯੋਨਾਥਾਨ ਨੂੰ ਆਖਿਆ, ਮੈਨੂੰ ਕੌਣ ਖ਼ਬਰ ਦੇਵੇ? ਕੀ ਜਾਣੀਏ, ਤੇਰਾ ਪਿਤਾ ਤੈਨੂੰ ਅੱਗੋਂ ਸਖ਼ਤ ਜਵਾਬ ਦੇਵੇ।
11ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਅਸੀਂ ਖੇਤ ਵਿੱਚ ਚੱਲੀਏ ਸੋ ਉਹ ਦੋਵੇਂ ਖੇਤ ਵਿੱਚ ਗਏ।
12ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਜਿਸ ਵੇਲੇ ਮੈਂ ਕੱਲ ਜਾਂ ਪਰਸੋਂ ਆਪਣੇ ਪਿਤਾ ਨੂੰ ਨਿਤਾਰਾਂ ਅਤੇ ਵੇਖ, ਜੇ ਉਹ ਦੀ ਨੀਤ ਦਾਊਦ ਦੇ ਭਲੇ ਵਿੱਚ ਹੋਵੇ ਅਤੇ ਤੇਰੇ ਕੋਲ ਖ਼ਬਰ ਨਾ ਘੱਲਾਂ ਅਤੇ ਤੈਨੂੰ ਨਾ ਦੱਸਾਂ।
13ਤਦ ਯਹੋਵਾਹ ਯੋਨਾਥਾਨ ਨਾਲ ਵੀ ਤੇਹਾ ਹੀ ਕਰੇ ਸਗੋਂ ਉਸ ਨਾਲੋਂ ਵੀ ਵੱਧ ਅਤੇ ਜੇ ਕਦੀ ਮੇਰੇ ਪਿਤਾ ਦੀ ਨੀਤ ਤੇਰੇ ਵੱਲ ਮਾੜੀ ਹੋਵੇ ਤਦ ਵੀ ਮੈਂ ਤੈਨੂੰ ਦੱਸਾਂਗਾ ਅਤੇ ਵਿਦਾ ਕਰ ਦਿਆਂਗਾ ਜੋ ਤੂੰ ਸੁੱਖ ਨਾਲ ਤੁਰਿਆ ਜਾਵੇਂ ਅਤੇ ਯਹੋਵਾਹ ਤੇਰੇ ਨਾਲ ਹੋਵੇ ਜਿਵੇਂ ਮੇਰੇ ਪਿਤਾ ਦੇ ਨਾਲ ਸੀ
14ਅਤੇ ਤੂੰ ਸਿਰਫ਼ ਮੇਰੇ ਜਿਉਂਦੇ ਜੀ ਮੇਰੇ ਉੱਤੇ ਯਹੋਵਾਹ ਦੀ ਕਿਰਪਾ ਕਰੇ, ਜੋ ਮੈਂ ਮਰ ਨਾ ਜਾਂਵਾਂ।
15ਸਗੋਂ ਜਿਸ ਵੇਲੇ ਯਹੋਵਾਹ ਤੇਰੇ ਸਾਰੇ ਵੈਰੀਆਂ ਨੂੰ ਧਰਤੀ ਉੱਤੋਂ ਨਾਸ ਕਰ ਦੇਵੇ ਤਾਂ ਸਦੀਪਕ ਕਾਲ ਦੇ ਲਈ ਮੇਰੀ ਸੰਤਾਨ ਉੱਤੋਂ ਵੀ ਆਪਣੀ ਕਿਰਪਾ ਨਾ ਹਟਾਵੀਂ।
16ਸੋ ਯੋਨਾਥਾਨ ਨੇ ਦਾਊਦ ਦੇ ਪਰਿਵਾਰ ਨਾਲ ਇਹ ਵਾਇਦਾ ਕੀਤਾ ਅਤੇ ਆਖਿਆ, ਭਈ ਯਹੋਵਾਹ ਦਾਊਦ ਦੇ ਵੈਰੀਆਂ ਕੋਲੋਂ ਬਦਲਾ ਲਵੇ।
17ਯੋਨਾਥਾਨ ਨੇ ਦਾਊਦ ਕੋਲੋਂ ਦੋ ਵਾਰੀ ਸਹੁੰ ਚੁਕਾਈ ਇਸ ਲਈ ਜੋ ਉਸ ਨਾਲ ਉਹ ਦਾ ਬਹੁਤ ਪਿਆਰ ਸੀ ਅਤੇ ਉਸ ਨਾਲ ਆਪਣੇ ਪ੍ਰਾਣਾਂ ਦੇ ਸਮਾਨ ਪ੍ਰੀਤ ਰੱਖਦਾ ਸੀ।
18ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ ਕੱਲ ਨਵੇਂ ਚੰਨ ਦਾ ਤਿਉਹਾਰ ਹੋਵੇਗਾ ਅਤੇ ਤੈਨੂੰ ਯਾਦ ਕੀਤਾ ਜਾਵੇਗਾ ਕਿਉਂ ਜੋ ਤੇਰੀ ਜਗ੍ਹਾ ਖਾਲੀ ਰਹੇਗੀ।
19ਤੂੰ ਤਿੰਨਾਂ ਦਿਨਾਂ ਤੋਂ ਬਾਅਦ ਜ਼ਰੂਰ ਆਵੀਂ, ਜਿੱਥੇ ਤੂੰ ਉਸ ਦਿਨ ਲੁਕਿਆ ਸੀ, ਅੱਜਲ ਦੀ ਗੁਫਾ ਵਿੱਚ ਰਹੀ।
20ਮੈਂ ਆ ਕੇ ਉਸ ਵੱਲ ਤਿੰਨ ਤੀਰ ਚਲਾਵਾਂਗਾ ਜਿਵੇਂ ਕਿਸੇ ਨਿਸ਼ਾਨੇ ਤੇ ਚਲਾਈਦਾ ਹੈ।
21ਅਤੇ ਵੇਖ, ਉਸ ਵੇਲੇ ਮੈਂ ਇੱਕ ਮੁੰਡੇ ਨੂੰ ਭੇਜਾਂਗਾ ਜੋ ਤੀਰ ਲੱਭ ਕੇ ਲੈ ਆਵੇ। ਉਸ ਵੇਲੇ ਜੇ ਮੈਂ ਮੁੰਡੇ ਨੂੰ ਆਖਾਂ, ਵੇਖ, ਤੀਰ ਤੇਰੇ ਇਸ ਪਾਸੇ ਹਨ ਲੱਭ ਕੇ ਲਿਆ ਤਾਂ ਤੂੰ ਨਿੱਕਲ ਆਵੀਂ ਕਿਉਂ ਜੋ ਤੇਰੇ ਲਈ ਸੁੱਖ ਹੈ ਅਤੇ ਜਿਉਂਦੇ ਪਰਮੇਸ਼ੁਰ ਦੀ ਸਹੁੰ, ਔਖ ਨਹੀਂ ਹੈ।
22ਪਰ ਜੇ ਮੈਂ ਮੁੰਡੇ ਨੂੰ ਇਹ ਆਖਾਂ, ਵੇਖ, ਤੀਰ ਤੇਰੇ ਤੋਂ ਦੂਰ ਹਨ ਤਾਂ ਤੂੰ ਨਿੱਕਲ ਜਾ ਕਿਉਂ ਜੋ ਯਹੋਵਾਹ ਨੇ ਤੈਨੂੰ ਵਿਦਾ ਕੀਤਾ ਹੈ।
23ਉਸ ਗੱਲ ਦੇ ਉੱਤੇ ਜਿਹੜੀ ਮੈਂ ਅਤੇ ਤੂੰ ਕੀਤੀ ਹੈ ਵੇਖ, ਯਹੋਵਾਹ ਤੇਰੇ ਅਤੇ ਮੇਰੇ ਵਿਚਕਾਰ ਸਦਾ ਹੋਵੇ।
24ਸੋ ਦਾਊਦ ਮੈਦਾਨ ਦੇ ਵਿੱਚ ਲੁਕਿਆ ਅਤੇ ਜਦ ਨਵਾਂ ਚੰਦ ਹੋਇਆ ਤਾਂ ਰਾਜਾ ਰੋਟੀ ਖਾਣ ਲਈ ਬੈਠਾ,
25ਅਤੇ ਰਾਜਾ ਆਪਣੀ ਰੀਤ ਅਨੁਸਾਰ ਉਸ ਚੌਂਕੀ ਉੱਤੇ ਬੈਠਾ ਜੋ ਕੰਧ ਦੇ ਲਾਗੇ ਸੀ ਅਤੇ ਯੋਨਾਥਾਨ ਉੱਠਿਆ ਅਤੇ ਅਬਨੇਰ ਸ਼ਾਊਲ ਦੇ ਇੱਕ ਪਾਸੇ ਵੱਲ ਬੈਠਾ, ਪਰ ਦਾਊਦ ਦੀ ਜਗ੍ਹਾ ਖਾਲੀ ਸੀ।
26ਉਸ ਦਿਨ ਸ਼ਾਊਲ ਨੇ ਕੁਝ ਨਾ ਆਖਿਆ, ਕਿਉਂ ਜੋ ਉਸ ਨੇ ਵਿਚਾਰਿਆ ਕਿ ਇਸ ਦਾ ਕੋਈ ਨਾ ਕੋਈ ਕਾਰਨ ਹੋਵੇਗਾ। ਅਸ਼ੁੱਧ ਹੋਣਾ ਹੈ, ਜ਼ਰੂਰ ਹੀ ਅਸ਼ੁੱਧ ਹੋਵੇਗਾ।
27ਪਰ ਅਗਲੇ ਦਿਨ ਜੋ ਮਹੀਨੇ ਦਾ ਦੂਜਾ ਦਿਨ ਸੀ ਤਾਂ ਅਜਿਹਾ ਹੋਇਆ ਜੋ ਦਾਊਦ ਦਾ ਥਾਂ ਫੇਰ ਖਾਲੀ ਰਹੀ। ਤਦ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਨੂੰ ਆਖਿਆ, ਇਹ ਕੀ ਕਾਰਨ ਜੋ ਯੱਸੀ ਦਾ ਪੁੱਤਰ ਨਾ ਕੱਲ ਖਾਣ ਆਇਆ ਸੀ, ਨਾ ਅੱਜ?
28ਤਦ ਯੋਨਾਥਾਨ ਨੇ ਸ਼ਾਊਲ ਨੂੰ ਉੱਤਰ ਦਿੱਤਾ ਜੋ ਦਾਊਦ ਨੇ ਮਿੰਨਤ ਕਰ ਕੇ ਬੈਤਲਹਮ ਨੂੰ ਜਾਣ ਦੀ ਛੁੱਟੀ ਮੈਥੋਂ ਲਈ ਹੈ।
29ਅਤੇ ਉਸ ਨੇ ਆਖਿਆ, ਮੈਨੂੰ ਛੁੱਟੀ ਦੇ ਕਿਉਂ ਜੋ ਸ਼ਹਿਰ ਵਿੱਚ ਸਾਡੇ ਪਰਿਵਾਰ ਦੀ ਇੱਕ ਬਲੀ ਭੇਟ ਹੈ ਅਤੇ ਮੇਰੇ ਭਰਾ ਨੇ ਮੈਨੂੰ ਉੱਥੇ ਹਾਜ਼ਿਰ ਹੋਣ ਲਈ ਆਖਿਆ ਹੈ ਅਤੇ ਹੁਣ ਜੇ ਕਦੀ ਮੈਂ ਤੁਹਾਡੇ ਵੇਖਣ ਵਿੱਚ ਕਿਰਪਾ ਜੋਗ ਹਾਂ ਤਾਂ ਮੈਨੂੰ ਛੁੱਟੀ ਦਿਉ ਕਿ ਮੈਂ ਆਪਣੇ ਭਰਾਵਾਂ ਨੂੰ ਜਾ ਮਿਲਾਂ। ਇਸ ਕਰਕੇ ਉਹ ਰਾਜੇ ਨਾਲ ਭੋਜਨ ਲਈ ਨਹੀਂ ਆਇਆ।
30ਤਦ ਸ਼ਾਊਲ ਨੂੰ ਯੋਨਾਥਾਨ ਉੱਤੇ ਕ੍ਰੋਧ ਆਇਆ ਅਤੇ ਉਸ ਨੇ ਉਹ ਨੂੰ ਆਖਿਆ, ਹੇ ਦੁਸ਼ਟ ਦੇਸ਼ਧ੍ਰੋਹੀ ਦੇ ਪੁੱਤਰ! ਭਲਾ, ਮੈਨੂੰ ਖ਼ਬਰ ਨਹੀਂ ਜੋ ਤੂੰ ਆਪਣੀ ਲੱਜ ਅਤੇ ਆਪਣੀ ਮਾਂ ਦੇ ਨੰਗੇਜ਼ ਦੀ ਲੱਜ ਲਈ ਯੱਸੀ ਦੇ ਪੁੱਤਰ ਨੂੰ ਚੁਣ ਲਿਆ ਹੈ?
31ਜਦ ਤੱਕ ਇਹ ਯੱਸੀ ਦਾ ਪੁੱਤਰ ਧਰਤੀ ਉੱਤੇ ਜੀਉਂਦਾ ਹੈ ਤਦ ਤੱਕ ਨਾ ਤੂੰ ਸਥਿਰ ਹੋਵੇਂਗਾ ਨਾ ਤੇਰਾ ਰਾਜ। ਹੁਣੇ ਮਨੁੱਖ ਘੱਲ ਅਤੇ ਉਹ ਨੂੰ ਮੇਰੇ ਕੋਲ ਲਿਆ ਕਿਉਂ ਜੋ ਉਹ ਜ਼ਰੂਰ ਮਾਰਿਆ ਜਾਵੇ।
32ਤਦ ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਨੂੰ ਉੱਤਰ ਦਿੱਤਾ, ਉਹ ਕਿਉਂ ਮਾਰਿਆ ਜਾਵੇ? ਉਸ ਨੇ ਅਜਿਹਾ ਕੀ ਕੀਤਾ ਹੈ?
33ਤਦ ਸ਼ਾਊਲ ਨੇ ਉਸ ਦੇ ਮਾਰਨ ਲਈ ਭਾਲਾ ਚਲਾਇਆ। ਤਦ ਯੋਨਾਥਾਨ ਨੂੰ ਖ਼ਬਰ ਹੋਈ ਜੋ ਉਹ ਦੇ ਪਿਤਾ ਨੇ ਦਾਊਦ ਨੂੰ ਮਾਰਨ ਦਾ ਮਨ ਬਣਾ ਲਿਆ ਹੈ।
34ਸੋ ਯੋਨਾਥਾਨ ਵੱਡੇ ਕ੍ਰੋਧ ਨਾਲ ਭੋਜਨ ਦੀ ਮੇਜ਼ ਤੋਂ ਉੱਠ ਗਿਆ ਅਤੇ ਮਹੀਨੇ ਦੇ ਦੂਜੇ ਦਿਨ ਕੁਝ ਭੋਜਨ ਨਾ ਖਾਧਾ ਕਿਉਂ ਜੋ ਉਹ ਦਾਊਦ ਦੇ ਕਾਰਨ ਵੱਡਾ ਦੁਖੀ ਹੋਇਆ ਕਿ ਉਹ ਦੇ ਪਿਤਾ ਨੇ ਦਾਊਦ ਦਾ ਬਹੁਤ ਨਿਰਾਦਰ ਕੀਤਾ ਸੀ।
35ਸਵੇਰ ਨੂੰ ਯੋਨਾਥਾਨ ਉਸੇ ਵੇਲੇ ਜੋ ਦਾਊਦ ਨਾਲ ਠਹਿਰਾਇਆ ਹੋਇਆ ਸੀ ਮੈਦਾਨ ਵੱਲ ਗਿਆ ਅਤੇ ਇੱਕ ਛੋਟਾ ਮੁੰਡਾ ਉਹ ਦੇ ਨਾਲ ਸੀ।
36ਉਹ ਨੇ ਆਪਣੇ ਮੁੰਡੇ ਨੂੰ ਆਗਿਆ ਕੀਤੀ ਕਿ ਇਹ ਤੀਰ ਜੋ ਮੈਂ ਚਲਾਉਂਦਾ ਹਾਂ ਭੱਜ ਕੇ ਲੱਭ ਲਿਆ ਅਤੇ ਜਿਸ ਵੇਲੇ ਉਹ ਭੱਜਾ ਤਾਂ ਉਸ ਨੇ ਅਜਿਹਾ ਤੀਰ ਮਾਰਿਆ ਜੋ ਉਸ ਮੁੰਡੇ ਤੋਂ ਪਰੇ ਜਾ ਡਿੱਗਾ।
37ਅਤੇ ਜਦ ਉਹ ਮੁੰਡਾ ਉਸ ਤੀਰ ਕੋਲ ਜੋ ਯੋਨਾਥਾਨ ਨੇ ਮਾਰਿਆ ਸੀ ਪਹੁੰਚ ਗਿਆ ਤਾਂ ਯੋਨਾਥਾਨ ਨੇ ਮੁੰਡੇ ਨੂੰ ਪੁਕਾਰ ਕੇ ਕਿਹਾ, ਕੀ, ਤੀਰ ਤੇਰੇ ਤੋਂ ਪਰੇ ਨਹੀਂ?
38ਨਾਲੇ ਯੋਨਾਥਾਨ ਨੇ ਮੁੰਡੇ ਨੂੰ ਪੁਕਾਰ ਕੇ ਆਖਿਆ, ਛੇਤੀ ਕਰ, ਛੇਤੀ ਹੋ ਢਿੱਲ ਨਾ ਲਾ! ਸੋ ਯੋਨਾਥਾਨ ਦਾ ਮੁੰਡਾ ਤੀਰਾਂ ਨੂੰ ਇਕੱਠਾ ਕਰ ਕੇ ਆਪਣੇ ਮਾਲਕ ਕੋਲ ਲੈ ਆਇਆ।
39ਪਰ ਉਸ ਮੁੰਡੇ ਨੇ ਕੁਝ ਨਾ ਸਮਝਿਆ, ਸਿਰਫ਼ ਦਾਊਦ ਅਤੇ ਯੋਨਾਥਾਨ ਹੀ ਇਸ ਗੱਲ ਨੂੰ ਜਾਣਦੇ ਸਨ।
40ਫੇਰ ਯੋਨਾਥਾਨ ਨੇ ਆਪਣੇ ਹਥਿਆਰ ਉਸ ਮੁੰਡੇ ਨੂੰ ਦੇ ਕੇ ਆਖਿਆ, ਜਾ ਸ਼ਹਿਰ ਵੱਲ ਲੈ ਜਾ।
41ਜਦ ਉਹ ਮੁੰਡਾ ਚੱਲਿਆ ਗਿਆ ਤਾਂ ਦਾਊਦ ਦੱਖਣ ਵੱਲੋਂ ਨਿੱਕਲਿਆ ਅਤੇ ਧਰਤੀ ਉੱਤੇ ਮੂੰਹ ਦੇ ਭਾਰ ਡਿੱਗ ਪਿਆ ਅਤੇ ਤਿੰਨ ਵਾਰੀ ਮੱਥਾ ਟੇਕਿਆ ਅਤੇ ਉਹਨਾਂ ਨੇ ਆਪੋ ਵਿੱਚ ਇੱਕ ਦੂਜੇ ਨੂੰ ਚੁੰਮਿਆ ਅਤੇ ਦੋਵੇਂ ਇਕੱਠੇ ਰੋਏ, ਪਰ ਦਾਊਦ ਵੱਧ ਰੋਇਆ।
42ਯੋਨਾਥਾਨ ਨੇ ਦਾਊਦ ਨੂੰ ਆਖਿਆ, ਉਸ ਬਚਨ ਦੇ ਕਾਰਨ ਜੋ ਅਸੀਂ ਦੋਹਾਂ ਨੇ ਯਹੋਵਾਹ ਦੇ ਨਾਮ ਦੀ ਸਹੁੰ ਚੁੱਕ ਕੇ ਕੀਤਾ ਕਿ ਮੇਰੇ ਤੇਰੇ ਵਿੱਚ ਅਤੇ ਮੇਰੀ ਤੇਰੀ ਸੰਤਾਨ ਦੇ ਵਿੱਚ ਸਦਾ ਦੇ ਲਈ ਯਹੋਵਾਹ ਰਹੇ, ਤੂੰ ਸੁੱਖ ਨਾਲ ਜਾ। ਸੋ ਉਹ ਉੱਠ ਕੇ ਵਿਦਾ ਹੋਇਆ ਅਤੇ ਯੋਨਾਥਾਨ ਸ਼ਹਿਰ ਨੂੰ ਗਿਆ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।