ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (2019)

1 ਸਮੂਏਲ 1

ਪੰਜਾਬੀ ਬਾਈਬਲ ਪੜ੍ਹੋ। Divine Threads ਦੀ ਪੰਜਾਬੀ ਅਧਿਐਨ ਸਮੱਗਰੀ ਜਲਦੀ ਆ ਰਹੀ ਹੈ।

1ਇਫ਼ਰਾਈਮ ਦੇ ਪਰਬਤ ਵਿੱਚ ਰਾਮਾਤੈਮ ਸੋਫ਼ੀਮ ਦਾ ਇੱਕ ਮਨੁੱਖ ਸੀ, ਜਿਸ ਦਾ ਨਾਮ ਅਲਕਾਨਾਹ ਸੀ, ਜੋ ਯਰੋਹਾਮ ਦਾ ਪੁੱਤਰ ਸੀ, ਜੋ ਅਲੀਹੂ ਦਾ ਪੁੱਤਰ ਜੋ ਤੋਹੁ ਦਾ ਪੁੱਤਰ, ਜੋ ਸੂਫ਼ ਇਫ਼ਰਾਥੀ ਦਾ ਪੁੱਤਰ ਸੀ।
2ਉਹ ਦੀਆਂ ਦੋ ਪਤਨੀਆਂ ਸਨ। ਇੱਕ ਦਾ ਨਾਮ ਹੰਨਾਹ ਅਤੇ ਦੂਜੀ ਦਾ ਨਾਮ ਪਨਿੰਨਾਹ ਸੀ। ਪਨਿੰਨਾਹ ਦੇ ਦੋ ਪੁੱਤਰ ਸਨ, ਪਰ ਹੰਨਾਹ ਦੇ ਸੰਤਾਨ ਨਹੀਂ ਸੀ।
3ਅਲਕਾਨਾਹ ਹਰੇਕ ਸਾਲ ਆਪਣੇ ਸ਼ਹਿਰ ਤੋਂ ਸ਼ੀਲੋਹ ਵਿੱਚ ਸੈਨਾਵਾਂ ਦੇ ਯਹੋਵਾਹ ਦੀ ਉਸਤਤ ਕਰਨ ਅਤੇ ਭੇਟ ਚੜ੍ਹਾਉਣ ਜਾਂਦਾ ਹੁੰਦਾ ਸੀ, ਜਿੱਥੇ ਏਲੀ ਦੇ ਦੋ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ, ਯਹੋਵਾਹ ਦੇ ਜਾਜਕ ਸਨ।
4ਅਜਿਹਾ ਹੋਇਆ ਜਦੋਂ ਅਲਕਾਨਾਹ ਭੇਂਟ ਚੜ੍ਹਾਉਂਦਾ ਹੁੰਦਾ ਸੀ ਤਾਂ ਆਪਣੀ ਪਤਨੀ ਪਨਿੰਨਾਹ ਨੂੰ ਅਤੇ ਉਹ ਦੇ ਪੁੱਤਰਾਂ ਅਤੇ ਧੀਆਂ ਨੂੰ ਉਸ ਵਿੱਚੋਂ ਹਿੱਸਾ ਦਿੰਦਾ ਹੁੰਦਾ ਸੀ।
5ਪਰ ਹੰਨਾਹ ਨੂੰ ਦੁੱਗਣਾ ਹਿੱਸਾ ਦਿੰਦਾ ਸੀ ਕਿਉਂ ਜੋ ਉਹ ਹੰਨਾਹ ਨੂੰ ਪਿਆਰ ਕਰਦਾ ਸੀ, ਕਿਉਂਕਿ ਯਹੋਵਾਹ ਨੇ ਉਸ ਦੀ ਕੁੱਖ ਬੰਦ ਕਰ ਛੱਡੀ ਸੀ।
6ਉਹ ਦੀ ਸੌਂਕਣ ਹੰਨਾਹ ਨੂੰ ਖਿਝਾਉਣ ਲਈ ਬਹੁਤ ਛੇੜਦੀ ਸੀ, ਕਿਉਂ ਜੋ ਯਹੋਵਾਹ ਨੇ ਉਹ ਦੀ ਕੁੱਖ ਬੰਦ ਕਰ ਛੱਡੀ ਸੀ।
7ਹਰੇਕ ਸਾਲ ਜਦ ਉਹ ਯਹੋਵਾਹ ਦੇ ਘਰ ਜਾਂਦਾ ਸੀ ਤਦ ਇਸੇ ਤਰ੍ਹਾਂ ਉਹ ਨੂੰ ਖਿਝਾਉਂਦੀ ਸੀ ਇਸ ਲਈ ਉਹ ਰੋਂਦੀ ਰਹਿੰਦੀ ਅਤੇ ਕੁਝ ਨਾ ਖਾਂਦੀ ਸੀ।
8ਸੋ ਅਜਿਹਾ ਹੋਇਆ ਜੋ ਉਹ ਦੇ ਪਤੀ ਅਲਕਾਨਾਹ ਨੇ ਉਹ ਨੂੰ ਆਖਿਆ, ਹੇ ਹੰਨਾਹ, ਤੂੰ ਕਿਉਂ ਰੋਂਦੀ ਹੈਂ ਅਤੇ ਖਾਂਦੀ ਕਿਉਂ ਨਹੀਂ ਅਤੇ ਤੇਰਾ ਮਨ ਕਿਉਂ ਕੁੜਦਾ ਰਹਿੰਦਾ ਹੈ? ਭਲਾ, ਕੀ ਮੈਂ ਤੇਰੇ ਲਈ ਦਸ ਪੁੱਤਰਾਂ ਨਾਲੋਂ ਚੰਗਾ ਨਹੀਂ?
9ਜਦ ਉਹ ਸ਼ੀਲੋਹ ਵਿੱਚ ਖਾ ਪੀ ਚੁੱਕੇ ਤਾਂ ਹੰਨਾਹ ਉੱਠੀ ਅਤੇ ਉਸ ਵੇਲੇ ਏਲੀ ਜਾਜਕ ਯਹੋਵਾਹ ਦੀ ਹੈਕਲ ਦੀ ਚੁਗਾਠ ਕੋਲ ਗੱਦੀ ਉੱਤੇ ਬੈਠਾ ਹੋਇਆ ਸੀ।
10ਹੰਨਾਹ ਦਾ ਮਨ ਬਹੁਤ ਉਦਾਸ ਹੋਇਆ ਸੋ ਉਹ ਨੇ ਯਹੋਵਾਹ ਦੀ ਅੱਗੇ ਪ੍ਰਾਰਥਨਾ ਕੀਤੀ ਅਤੇ ਭੁੱਬਾਂ ਮਾਰ-ਮਾਰ ਰੋਈ
11ਅਤੇ ਉਹ ਨੇ ਸੁੱਖਣਾ ਸੁੱਖੀ ਅਤੇ ਆਖਿਆ, ਹੇ ਸੈਨਾਵਾਂ ਦੇ ਯਹੋਵਾਹ, ਜੋ ਤੂੰ ਆਪਣੀ ਦਾਸੀ ਦੇ ਦੁੱਖ ਵੱਲ ਧਿਆਨ ਕਰੇ ਅਤੇ ਮੈਨੂੰ ਚੇਤੇ ਕਰੇ ਅਤੇ ਆਪਣੀ ਦਾਸੀ ਨੂੰ ਨਾ ਭੁਲਾਵੇਂ ਅਤੇ ਆਪਣੀ ਦਾਸੀ ਨੂੰ ਪੁੱਤਰ ਦੇਵੇਂ ਤਾਂ ਮੈਂ ਉਹ ਨੂੰ ਜਿਨ੍ਹਾਂ ਚਿਰ ਉਹ ਜੀਉਂਦਾ ਰਹੇ ਯਹੋਵਾਹ ਨੂੰ ਦੇ ਦਿਆਂਗੀ ਅਤੇ ਉਹ ਦੇ ਸਿਰ ਉੱਤੇ ਉਸਤਰਾ ਕਦੀ ਨਾ ਫਿਰੇਗਾ।
12ਜਦ ਉਹ ਯਹੋਵਾਹ ਦੇ ਅੱਗੇ ਪ੍ਰਾਰਥਨਾ ਕਰ ਰਹੀ ਸੀ ਤਾਂ ਏਲੀ ਨੇ ਉਹ ਦੇ ਚਿਹਰੇ ਵੱਲ ਵੇਖਿਆ।
13ਪਰ ਹੰਨਾਹ ਆਪਣੇ ਮਨ ਵਿੱਚ ਹੀ ਆਖਦੀ ਸੀ ਉਹ ਦੇ ਸਿਰਫ਼ ਬੁੱਲ ਹੀ ਹਿੱਲਦੇ ਸਨ ਪਰ ਉਹ ਦੀ ਆਵਾਜ਼ ਨਾ ਸੁਣਾਈ ਦਿੰਦੀ ਸੀ ਸੋ ਏਲੀ ਨੇ ਸਮਝਿਆ ਕਿ ਉਹ ਨਸ਼ੇ ਵਿੱਚ ਹੈ
14ਸੋ ਏਲੀ ਨੇ ਉਹ ਨੂੰ ਆਖਿਆ, ਤੂੰ ਕਿੰਨ੍ਹਾਂ ਚਿਰ ਨਸ਼ੇ ਵਿੱਚ ਰਹੇਂਗੀ? ਤੂੰ ਆਪਣੀ ਖੁਮਾਰੀ ਨੂੰ ਛੱਡ
15ਤਦ ਹੰਨਾਹ ਨੇ ਉੱਤਰ ਦਿੱਤਾ ਅਤੇ ਆਖਿਆ, ਨਹੀਂ ਮੇਰੇ ਪ੍ਰਭੂ ਜੀ, ਮੈਂ ਤਾਂ ਉਦਾਸ ਮਨ ਦੀ ਔਰਤ ਹਾਂ। ਮੈਂ ਕਿਸੇ ਤਰ੍ਹਾਂ ਦੀ ਮੈ ਜਾਂ ਕੋਈ ਹੋਰ ਨਸ਼ਾ ਨਹੀਂ ਪੀਤਾ ਪਰ ਯਹੋਵਾਹ ਦੇ ਅੱਗੇ ਆਪਣੇ ਮਨ ਨੂੰ ਡੋਲ੍ਹਿਆ ਹੈ।
16ਤੂੰ ਆਪਣੀ ਦਾਸੀ ਨੂੰ ਬੁਰੀ ਇਸਤਰੀ ਨਾ ਜਾਣ। ਮੈਂ ਤਾਂ ਆਪਣੀਆਂ ਚਿੰਤਾਂ ਅਤੇ ਦੁੱਖਾਂ ਦੇ ਢੇਰ ਹੋਣ ਕਰਕੇ, ਹੁਣ ਤੱਕ ਬੋਲਦੀ ਰਹੀ ਹਾਂ।
17ਤਦ ਏਲੀ ਨੇ ਉੱਤਰ ਦਿੱਤਾ ਅਤੇ ਆਖਿਆ, ਸੁੱਖ-ਸਾਂਦ ਹੋਵੇ ਅਤੇ ਇਸਰਾਏਲ ਦਾ ਪਰਮੇਸ਼ੁਰ ਤੇਰੀ ਬੇਨਤੀ ਪੂਰੀ ਕਰੇ ਜੋ ਤੂੰ ਉਸ ਤੋਂ ਮੰਗੀ ਹੈ।
18ਉਹ ਨੇ ਆਖਿਆ ਤੇਰੀ ਦਯਾ ਤੇਰੀ ਦਾਸੀ ਉੱਤੇ ਹੋਵੇ। ਤਦ ਉਸ ਇਸਤਰੀ ਨੇ ਜਾ ਕੇ ਰੋਟੀ ਖਾਧੀ ਅਤੇ ਫੇਰ ਉਸ ਦਾ ਚਿਹਰਾ ਉਦਾਸ ਨਾ ਹੋਇਆ।
19ਅਗਲੇ ਦਿਨ ਉਹਨਾਂ ਸਵੇਰੇ ਉੱਠ ਕੇ ਯਹੋਵਾਹ ਦੇ ਅੱਗੇ ਮੱਥਾ ਟੇਕਿਆ ਅਤੇ ਮੁੜ ਕੇ ਰਾਮਾਹ ਵਿੱਚ ਆਪਣੇ ਘਰ ਆਏ। ਤਦ ਅਲਕਾਨਾਹ ਨੇ ਆਪਣੀ ਪਤਨੀ ਹੰਨਾਹ ਨਾਲ ਸੰਗ ਕੀਤਾ ਸੋ ਯਹੋਵਾਹ ਨੇ ਉਸ ਨੂੰ ਚੇਤੇ ਕੀਤਾ,
20ਹੰਨਾਹ ਦੇ ਗਰਭਵਤੀ ਹੋਣ ਦੇ ਪਿੱਛੋਂ ਜਦ ਦਿਨ ਪੂਰੇ ਹੋਏ ਤਾਂ ਉਸਨੇ ਪੁੱਤਰ ਨੂੰ ਜਨਮ ਦਿੱਤਾ ਤੇ ਉਸ ਦਾ ਨਾਮ ਸਮੂਏਲ ਰੱਖਿਆ ਕਿਉਂ ਜੋ ਉਹ ਨੇ ਆਖਿਆ ਭਈ ਮੈਂ ਉਹ ਨੂੰ ਯਹੋਵਾਹ ਕੋਲੋਂ ਮੰਗ ਕੇ ਲਿਆ ਹੈ।
21ਉਹ ਮਨੁੱਖ ਅਲਕਾਨਾਹ ਆਪਣੇ ਸਾਰੇ ਟੱਬਰ ਨਾਲ ਉਸ ਸਾਲ ਦੀ ਭੇਟ ਅਤੇ ਸੁੱਖਣਾ ਯਹੋਵਾਹ ਅੱਗੇ ਚੜਾਉਣ ਨੂੰ ਗਿਆ।
22ਪਰ ਹੰਨਾਹ ਉਹਨਾਂ ਨਾਲ ਨਹੀਂ ਗਈ ਕਿਉਂ ਜੋ ਉਹ ਨੇ ਆਪਣੇ ਪਤੀ ਨੂੰ ਆਖਿਆ, ਜਿਨ੍ਹਾਂ ਚਿਰ ਬਾਲਕ ਦਾ ਦੁੱਧ ਨਾ ਛੁਡਾਇਆ ਜਾਵੇ ਮੈਂ ਇੱਥੇ ਹੀ ਰਹਾਂਗੀ ਅਤੇ ਫੇਰ ਉਹ ਨੂੰ ਲੈ ਕੇ ਜਾਂਵਾਂਗੀ ਜੋ ਉਹ ਯਹੋਵਾਹ ਦੇ ਸਾਹਮਣੇ ਆ ਜਾਵੇ ਅਤੇ ਫੇਰ ਸਦਾ ਉੱਥੇ ਹੀ ਰਹੇ।
23ਇਸ ਲਈ ਉਹ ਦੇ ਪਤੀ ਅਲਕਾਨਾਹ ਨੇ ਉਸ ਨੂੰ ਆਖਿਆ, ਜੋ ਤੈਨੂੰ ਚੰਗਾ ਲੱਗੇ ਉਹੀ ਕਰ। ਜਦ ਤੱਕ ਤੂੰ ਉਸ ਦਾ ਦੁੱਧ ਨਾ ਛੁਡਾਵੇਂ ਇੱਥੇ ਹੀ ਰਹਿ। ਸਿਰਫ਼ ਯਹੋਵਾਹ ਆਪਣੇ ਬਚਨ ਨੂੰ ਪੂਰਾ ਕਰੇ। ਇਸ ਲਈ ਉਹ ਇਸਤਰੀ ਉੱਥੇ ਠਹਿਰੀ ਰਹੀ ਅਤੇ ਆਪਣੇ ਪੁੱਤਰ ਨੂੰ ਦੁੱਧ ਚੁੰਘਾਉਂਦੀ ਰਹੀ, ਜਦ ਤੱਕ ਉਸ ਦਾ ਦੁੱਧ ਨਾ ਛੁਡਾਇਆ ਗਿਆ।
24ਜਦ ਉਹ ਨੇ ਉਸ ਦਾ ਦੁੱਧ ਛੁਡਾਇਆ ਤਾਂ ਉਸ ਨੂੰ ਆਪਣੇ ਨਾਲ ਲੈ ਗਈ ਅਤੇ ਤਿੰਨ ਸਾਲਾਂ ਦਾ ਵੱਛਾ, ਦਸ ਕਿੱਲੋ ਆਟਾ ਅਤੇ ਦਾਖ਼ਰਸ ਦੀ ਇੱਕ ਮੇਸ਼ੇਕ ਆਪਣੇ ਨਾਲ ਲੈ ਲਈ ਅਤੇ ਉਸ ਬਾਲਕ ਨੂੰ ਸ਼ੀਲੋਹ ਵਿੱਚ ਯਹੋਵਾਹ ਦੇ ਘਰ ਲੈ ਆਈ ਉਹ ਬਾਲਕ ਅਜੇ ਨਿਆਣਾ ਹੀ ਸੀ।
25ਤਦ ਉਨ੍ਹਾਂ ਨੇ ਵੱਛੇ ਨੂੰ ਭੇਂਟ ਚੜਾਇਆ ਅਤੇ ਬਾਲਕ ਨੂੰ ਏਲੀ ਕੋਲ ਲੈ ਆਏ
26ਅਤੇ ਉਹ ਬੋਲੀ, ਹੇ ਮੇਰੇ ਸੁਆਮੀ, ਤੇਰੇ ਜੀਵਨ ਦੀ ਸਹੁੰ, ਹੇ ਸੁਆਮੀ, ਮੈਂ ਉਹੋ ਇਸਤਰੀ ਹਾਂ ਜਿਸ ਨੇ ਤੇਰੇ ਕੋਲ ਇੱਥੇ ਖੜ੍ਹੇ ਹੋ ਕੇ ਯਹੋਵਾਹ ਦੇ ਅੱਗੇ ਪ੍ਰਾਰਥਨਾ ਕੀਤੀ ਸੀ
27ਮੈਂ ਇਸ ਬਾਲਕ ਦੇ ਲਈ ਪ੍ਰਾਰਥਨਾ ਕੀਤੀ ਸੀ ਸੋ ਯਹੋਵਾਹ ਨੇ ਮੇਰੀ ਬੇਨਤੀ ਜੋ ਮੈਂ ਉਸ ਕੋਲੋਂ ਮੰਗੀ ਸੀ, ਪੂਰੀ ਕੀਤੀ
28ਇਸ ਲਈ ਮੈਂ ਵੀ ਇਹ ਨੂੰ ਯਹੋਵਾਹ ਨੂੰ ਦੇ ਦਿੱਤਾ ਹੈ। ਜਦ ਤੱਕ ਇਹ ਜੀਉਂਦਾ ਰਹੇ, ਇਹ ਯਹੋਵਾਹ ਨੂੰ ਦਿੱਤਾ ਹੋਇਆ ਹੀ ਰਹੇ ਅਤੇ ਉਸ ਨੇ ਯਹੋਵਾਹ ਨੂੰ ਉੱਥੇ ਮੱਥਾ ਟੇਕਿਆ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · The Indian Revised Version Holy Bible in the Eastern Punjabi language of India (BCS 2019). Copyright © 2017, 2019 Bridge Connectivity Solutions. Contributor: Bridge Connectivity Solutions Pvt. Ltd. Original Scripture and terms: eBible.org/pan. Licensed under Creative Commons Attribution-ShareAlike 4.0 International (CC BY-SA 4.0). Changes to presentation: the original HTML navigation, introductions, headings, footnote popups and line-break formatting were excluded and verse whitespace normalized; biblical verse wording was not rewritten. This adapted Scripture presentation remains under CC BY-SA 4.0. No pictures from the source are included. Bridge Connectivity Solutions does not necessarily endorse this adapted presentation. Divine Threads ਦੇ ਪੰਜਾਬੀ ਅਧਿਐਨ ਜਲਦੀ ਆ ਰਹੇ ਹਨ।